ਚੰਡੀਗੜ੍ਹ : ਲੋਕ ਸਭਾ ਚੋਣਾਂ ਦਾ ਮਾਹੌਲ ਹੈ ਤੇ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਇਸ ਸਿਆਸੀ ਚੋਣ ਅਖਾੜੇ ‘ਚ ਹਰ ਕੋਈ ਸਿਆਸੀ ਆਗੂ ਆਪਣੀ ਆਪਣੇ ਸਿਰ ਜਿੱਤ ਹਾਸਲ ਕਰਕੇ ਸਿਆਸੀ ਝੰਡੀ ਗੱਢਣੀ ਚਾਹੁੰਦਾ ਹੈ, ਤੇ ਇਸ ਲਈ ਉਹ ਆਪਣੇ ਆਪਣੇ ਵਿਰੋਧੀਆਂ ‘ਤੇ ਤੰਜ ਕਸਣ ‘ਚ ਵੀ ਕੋਈ ਕਸਰ ਨਹੀਂ ਛੱਡ ਰਹੇ। ਇਸ ਮਾਹੌਲ ‘ਚ ਕਾਂਗਰਸ ਪਾਰਟੀ ਦੇ ਸਟਾਰ ਪ੍ਰਚਾਰਕ ਮੰਨੇ ਜਾਂਦੇ ਨਵਜੋਤ ਸਿੰਘ ਸਿੱਧੂ ਵੀ ਤੰਜ ਕਸਣ ਤੋਂ ਕਿਸੇ ਗੱਲੋਂ ਪਿੱਛੇ ਨਹੀਂ ਰਹੇ। ਸਿੱਧੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿੱਧਾ ਚੈਲੰਜ ਕਰਦਿਆ ਕਿਹਾ ਹੈ ਕਿ ਜੇਕਰ ਮੋਦੀ ਰਾਫੇਲ ਮਾਮਲੇ ‘ਤੇ ਬਹਿਸ ਕਰਕੇ ਉਨ੍ਹਾਂ ਨੂੰ ਹਰਾ ਦਿੰਦੇ ਹਨ ਤਾਂ ਸਿੱਧੂ ਸਿਆਸਤ ਛੱਡ ਦੇਣਗੇ। ਇਹ ਚੈਲੰਜ ਉਨ੍ਹਾਂ ਨੇ ਝਾਲਵਾੜ ਵਿਖੇ ਆਪਣੀ ਰੈਲੀ ਦੌਰਾਨ ਕੀਤਾ।
ਦੱਸ ਦਈਏ ਕਿ ਚੋਣ ਕਮਿਸ਼ਨ ਵੱਲੋਂ ਨਵਜੋਤ ਸਿੰਘ ਸਿੱਧੂ ‘ਤੇ ਕਟਿਹਾਰ ਵਿਖੇ ਵਿਵਾਦਿਤ ਬਿਆਨ ਦੇਣ ਤੋਂ ਬਾਅਦ ਚੋਣ ਪ੍ਰਚਾਰ ਕਰਨ ਲਈ 72 ਘੰਟਿਆਂ ਤੱਕ ਦੀ ਪਾਬੰਦੀ ਲਗਾ ਦਿੱਤੀ ਸੀ, ਤੇ ਜਿਉਂ ਹੀ ਇਹ ਪਾਬੰਦੀ ਖਤਮ ਹੋਈ ਤਾਂ ਉਨ੍ਹਾਂ ਝਾਲਵਾੜ ਵਿਖੇ ਆਪਣਾ ਚੋਣ ਪ੍ਰਚਾਰ ਕਰਦਿਆਂ ਮੋਦੀ ਨੂੰ ਇਹ ਚੈਲੰਜ ਕੀਤਾ। ਸਿੱਧੂ ਨੇ ਨਰਿੰਦਰ ਮੋਦੀ ‘ਤੇ ਆਪਣੇ ਬਿਆਨਾਂ ਰੂਪੀ ਨਿਸ਼ਾਨੇ ਲਾਉਂਦਿਆਂ ਕਿਹਾ, ਕਿ 2014 ਦੀਆਂ ਚੋਣਾਂ ਸਮੇਂ ਮੋਦੀ ਆਏ ਤਾਂ ਦੇਸ਼ ਦਾ ਲਾਲ ਬਣ ਕੇ ਸਨ ਪਰ 2019 ‘ਚ ਜਾਣਗੇ ਰਾਫਾਲ ਦੇ ਦਲਾਲ ਬਣ ਕੇ।