ਰਾਮ ਰਹੀਮ ਤੋਂ ਵੋਟਾਂ ਮੰਗਣ ਜੇਲ੍ਹ ‘ਚ ਜਰੂਰ ਜਾਏਗੀ ਭਾਰਤੀ ਜਨਤਾ ਪਾਰਟੀ : ਸ਼ਵੇਤ ਮਲਿਕ

Prabhjot Kaur
8 Min Read

ਕੁਲਵੰਤ ਸਿੰਘ

ਚੰਡੀਗੜ੍ਹ : ਸੰਨ 1998 ਤੋਂ ਉੱਤਰ ਭਾਰਤ ਦੀ ਰਾਜਨੀਤੀ ‘ਤੇ ਡੂੰਘਾ ਅਸਰ ਪਾਉਂਦਾ ਆ ਰਿਹਾ ਡੇਰਾ ਪ੍ਰੇਮੀਆਂ ਦਾ ਵੱਡਾ ਵੋਟ ਬੈਂਕ, ਇਸ ਡੇਰੇ ਦੇ ਮੁਖੀ ਨੂੰ ਬਲਾਤਕਾਰ ਅਤੇ ਕਤਲ ਦੇ ਇਲਜ਼ਾਮ ਵਿੱਚ ਸਜ਼ਾ ਹੋ ਜਾਣ ਕਾਰਨ, ਆਉਂਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਚੁੱਪੀ ਧਾਰੀ ਬੈਠਾ ਹੈ। ਜਿਹੜਾ ਕਿ ਉਨ੍ਹਾਂ ਰਾਜਨੀਤਕ ਪਾਰਟੀਆਂ ਦੇ ਮਨਾਂ ਅੰਦਰ ਹੌਲ ਪਾਉਣ ਨੂੰ ਕਾਫੀ ਹੈ, ਜਿਹੜੀਆਂ ਇਸ ਡੇਰੇ ਦੀਆਂ ਰਵਾਇਤੀ ਵਿਰੋਧੀ ਮੰਨੀਆਂ ਜਾਂਦੀਆਂ ਹਨ, ਜਾਂ ਡੇਰਾ ਪ੍ਰੇਮੀ ਜਿੰਨਾਂ ਪਾਰਟੀਆਂ ਤੋਂ ਬੁਰੀ ਤਰ੍ਹਾਂ ਨਰਾਜ਼ ਹਨ। ਅਜਿਹੇ ਵਿੱਚ ਪੰਜਾਬ ਬੀਜੇਪੀ ਦੇ ਪ੍ਰਧਾਨ ਸ਼ਵੇਤ ਮਲਿਕ ਨੇ ਬਿਆਨ ਦਿੱਤਾ ਹੈ ਕਿ ਉਹ ਡੇਰਾ ਮੁਖੀ ਤੋਂ ਵੋਟਾਂ ਮੰਗਣ ਜੇਲ੍ਹ ਵਿੱਚ ਵੀ ਜਰੂਰ ਜਾਣਗੇ। ਮਲਿਕ ਦਾ ਇਹ ਬਿਆਨ ਉਸ ਵੇਲੇ ਆਇਆ ਹੈ ਜਦੋਂ ਭਾਜਪਾ ਦੀ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਡੇਰਾ ਪ੍ਰੇਮੀਆਂ ਦੀਆਂ ਵੋਟਾਂ ਹਾਸਲ ਕਰਨ ਲਈ ਉਨ੍ਹਾਂ ਦੇ ਮੁਖੀ ਰਾਮ ਰਹੀਮ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਿਨਾਂ ਮੰਗਿਆਂ ਹੀ ਮਾਫੀ ਦਵਾਉਣ ਅਤੇ ਉਸ ਤੋਂ ਬਾਅਦ ਵਾਪਰੀਆਂ ਬੇਅਦਬੀ ਅਤੇ ਗੋਲੀ ਕਾਂਡ ਦੀਆਂ ਘਟਨਾਵਾਂ ਕਾਰਨ ਨਾ ਸਿਰਫ ਸਿੱਖ ਪੰਥ ਦੇ ਨਿਸ਼ਾਨੇ ‘ਤੇ ਹੈ ਬਲਕਿ ਐਸਆਈਟੀ ਵਰਗੀ ਵਿਸ਼ਾਲ ਕਾਨੂੰਨੀ ਸ਼ਕਤੀਆਂ ਹਾਸਲ ਏਜੰਸੀ ਇਸ ਪਾਰਟੀ ਦੇ ਅਹਿਮ ਆਗੂਆਂ ਨੂੰ ਆਪਣੇ ਘੇਰੇ ਵਿੱਚ ਲੈਣ ਲਈ ਦਿਨ-ਬ-ਦਿਨ ਉਨ੍ਹਾਂ ਵੱਲ ਕਦਮ ਵਧਾਉਂਦੀ ਚਲੀ ਜਾ ਰਹੀ ਹੈ।

ਇਸ ਸਬੰਧ ਵਿੱਚ ਜਦੋਂ ਡੇਰਾ ਪ੍ਰੇਮੀਆਂ ਦੀ ਨਬਜ਼ ਟੋਹੀ ਗਈ, ਤਾਂ ਉਨ੍ਹਾਂ ਸ਼ਰੇਆਮ ਤਾਂ ਕੁਝ ਨਹੀਂ ਕਿਹਾ, ਪਰ ਦਬੀ ਜ਼ੁਬਾਨ ਵਿੱਚ ਇਹ ਕਹਿਣੋਂ ਵੀ ਪਿੱਛੇ ਨਹੀਂ ਹਟੇ, ਕਿ ਜਦੋਂ ਸਾਡੇ ਡੇਰੇ ‘ਤੇ ਸੰਕਟ ਆਇਆ ਸੀ, ਉਸ ਸਮੇਂ ਨਾ ਤਾਂ ਭਾਰਤੀ ਜਨਤਾ ਪਾਰਟੀ, ਨਾ ਕਾਗਰਸ ਤੇ ਨਾ ਹੀ ਆਮ ਆਦਮੀ ਪਾਰਟੀ ਵਾਲਿਆਂ ਨੇ ਉਨ੍ਹਾਂ ਦੇ ਪਿਤਾ ਜੀ ਅਤੇ ਡੇਰਾ ਪ੍ਰੇਮੀਆਂ ਦੇ ਹੱਕ ਵਿੱਚ ਹਾਅ-ਦਾ-ਨਾਅਰਾ ਮਾਰਿਆ ਸੀ, ਅਜਿਹੇ ਵਿੱਚ ਇਹ ਲੋਕ ਡੇਰਾ ਪ੍ਰੇਮੀਆਂ ਦੀਆਂ ਵੋਟਾਂ ਦੀ ਆਸ ਕਿੰਝ ਰੱਖ ਸਕਦੇ ਹਨ। ਪਤਾ ਇਹ ਵੀ ਲੱਗਾ ਹੈ ਕਿ ਇਸ ਵਾਰ ਡੇਰਾ ਮੁਖੀ ਰਾਮ ਰਹੀਮ ਦੇ ਸੀਖਾਂ ਪਿੱਛੇ ਹੋਣ ਕਾਰਨ ਡੇਰੇ ਦਾ ਸਿਆਸੀ ਵਿੰਗ ਵੀ ਤੇਲ ਦੇ ਨਾਲ ਨਾਲ ਤੇਲ ਦੀ ਧਾਰ ਦੇਖਦਾ ਹੋਇਆ ਆਉਂਦੀਆਂ ਚੋਣਾਂ ਦੇ ਸਬੰਧ ‘ਚ ਕਿਸੇ ਵੀ ਸਿਆਸੀ ਪਾਰਟੀ ਦੇ ਹੱਕ ਵਿੱਚ ਸਮਰਥਨ ਜਾਰੀ ਕਰਨ ਵਾਲਾ ਬਿਆਨ ਦੇਣ ਤੋਂ ਆਪਣਾ ਮੂੰਹ ਸੀਤੀ ਬੈਠਾ ਹੈ। ਪਤਾ ਲੱਗਿਆ ਹੈ ਕਿ ਇਸ ਵਾਰ ਚੋਣਾਂ ਦੇ ਐਨ ਮੌਕੇ ‘ਤੇ ਆ ਕੇ ਡੇਰੇ ਵੱਲੋਂ ਪ੍ਰੇਮੀਆਂ ਨੂੰ ਕਿਹਾ ਜਾਵੇਗਾ ਕਿ ਉਹ ਆਪਣੀ ਬੁੱਧੀ ਦਾ ਇਸਤਿਮਾਲ ਕਰਦਿਆਂ ਜਿਹੜਾ ਉਮੀਦਵਾਰ ਠੀਕ ਲੱਗੇ ਉਸ ਨੂੰ ਵੋਟ ਪਾ ਦੇਣ।

ਦੱਸ ਦਈਏ ਕਿ ਡੇਰਾ ਪ੍ਰੇਮੀਆਂ ਵੱਲੋਂ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਪੰਜਾਬ ਦੇ ਮਾਲਵਾ ਬੈਲਟ ਵਿੱਚ ਵਿਧਾਨ ਸਭਾ ਦੀਆਂ 40 ਸੀਟਾਂ ਅੰਦਰ ਪ੍ਰੇਮੀਆਂ ਦੀਆਂ 33 ਲੱਖ ਤੋਂ ਵੱਧ ਵੋਟਾਂ ਹਨ, ਪਰ ਇਹ ਵੋਟਾਂ ਕਿਸ ਪਾਰਟੀ ਦੀ ਬੇੜੀ ਵਿੱਚ ਵੱਟੇ ਪਾਉਣਗੀਆਂ ਇਸ ਗੱਲ ਦਾ ਅੰਦਾਜ਼ਾ ਲਾਉਣਾ ਅਜੇ ਮੁਸ਼ਕਲ ਹੈ। ਹਾਂ ਇੰਨਾਂ ਜ਼ਰੂਰ ਹੈ ਕਿ ਪ੍ਰੇਮੀ ਕਾਂਗਰਸ, ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਦੇ ਖਿਲਾਫ ਖੁੱਲ੍ਹ ਕੇ ਨਰਾਜ਼ਗੀ ਜ਼ਾਹਰ ਕਰਦੇ ਹਨ, ਜਿਹੜਾ ਕਿ ਇਨ੍ਹਾਂ ਪਾਰਟੀਆਂ ਲਈ ਚਿੰਤਾ ਦਾ ਵਿਸ਼ਾ ਹੈ।

- Advertisement -

ਪਿਛਲੇ ਸਮੇਂ ਦੌਰਾਨ ਜੇਕਰ ਡੇਰਾ ਪ੍ਰੇਮੀਆਂ ਵੱਲੋਂ ਪੰਜਾਬ ਵਿੱਚ ਵੱਖ ਵੱਖ ਪਾਰਟੀਆਂ ਨੂੰ ਦਿੱਤੇ ਗਏ ਸਮਰਥਨ ‘ਤੇ ਨਿਗ੍ਹਾ ਮਾਰੀਏ ਤਾਂ ਸਾਲ 1998 ਵਿੱਚ ਡੇਰੇ ਨੇ ਜਦੋਂ ਅਕਾਲੀ ਭਾਜਪਾ ਗੱਠਜੋੜ ਨੂੰ ਸਮਰਥਨ ਦਿੱਤਾਂ ਤਾਂ ਇਸ ਗੱਠਜੋੜ ਦੀ ਸੂਬੇ ਅੰਦਰ ਵੱਡੀ ਜਿੱਤ ਹੋਈ, ਸਾਲ 2002 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਜਦੋਂ ਡੇਰੇ ਨੇ ਕਾਂਗਰਸ ਪਾਰਟੀ ਦੇ ਸਮਰਥਨ ਦਾ ਐਲਾਨ ਕੀਤਾ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ, ਉਸ ਤੋਂ ਬਾਅਦ ਜੇਕਰ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੀ ਗੱਲ ਕਰੀਏ ਤਾਂ 2015 ਦੌਰਾਨ ਬਰਗਾੜੀ ਅਤੇ ਪੰਜਾਬ ਦੇ ਹੋਰਨੀ ਕਈ ਥਾਂਈ ਵਾਪਰੀਆਂ ਬੇਅਦਬੀ ਕਾਂਡ ਦੀਆਂ ਘਟਨਾਵਾਂ, ਡੇਰਾ ਮੁਖੀ ਨੂੰ ਬਿਨਾਂ ਮੰਗਿਆਂ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮਾਫੀ ਦੇਣਾ ਅਤੇ ਪੁਲਿਸ ਦੀ ਗੋਲੀ ਨਾਲ ਬੇ-ਕਸੂਰੇ ਸਿੰਘਾਂ ਦੇ ਮਾਰੇ ਅਤੇ ਜ਼ਖਮੀ ਹੋਣ ਮਾਮਲਿਆਂ ਨੇ ਪੰਜਾਬ ਵਿੱਚ ਡੇਰਾ ਪ੍ਰੇਮੀਆਂ ਦੀ ਮੁਖਾਲਫਤ ਚਰਮ ਸੀਮਾਂ ‘ਤੇ ਪਹੁੰਚਾ ਦਿੱਤੀ। ਜਿਸ ਦਾ ਨਤੀਜਾ ਇਹ ਨਿੱਕਲਿਆ ਕਿ ਜਿੱਥੇ ਪਹਿਲਾਂ ਡੇਰਾ ਪ੍ਰੇਮੀਆਂ ਦੀ ਹਿਮਾਇਤ ਲੈਣ ਵਾਲੀ ਪਾਰਟੀ ਜੇਤੂ ਰਹਿੰਦੀ ਸੀ, ਉੱਥੇ ਇਸ ਵਾਰ ਡੇਰੇ ਦੀ ਹਿਮਾਇਤ ਹਾਸਲ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਗੱਠਜੋੜ ਅਤੇ ਆਪ ਦੀਆਂ ਆਪਣੀਆਂ ਪੱਕੀਆਂ ਵੋਟਾਂ ਵੀ ਖਿਸਕ ਕੇ ਕਾਂਗਰਸ ਵੱਲ ਚਲੀਆਂ ਗਈਆਂ ਤੇ ਇਸ ਤਰ੍ਹਾਂ ਨਾ ਸਿਰਫ ਸ਼੍ਰੋਮਣੀ ਅਕਾਲੀ ਦਲ ਭਾਜਪਾ ਗੱਠਜੋੜ ਪੰਜਾਬ ਵਿੱਚ ਹਾਸ਼ੀਏ ‘ਤੇ ਚਲਾ ਗਿਆ ਬਲਕਿ ਜਿਸ ਆਮ ਆਦਮੀ ਪਾਰਟੀ ਨੂੰ ਸੂਬੇ ਅੰਦਰ 100 ਸੀਟਾਂ ਮਿਲਣ ਦਾ ਦਾਅਵਾ ਕੀਤਾ ਜਾ ਰਿਹਾ ਸੀ ਉਹ 100 ਦਾ ਅੰਕੜਾ ਵੀ ਸੁੰਗੜ ਕੇ 20 ਰਹਿ ਗਿਆ।

ਜੇਕਰ ਗੱਲ ਮੌਜੂਦਾ ਹਲਾਤ ਦੀ ਕੀਤੀ ਜਾਵੇ ਤਾਂ ਡੇਰਾ ਪ੍ਰੇਮੀ ਨਾ ਸਿਰਫ ਆਪਣੇ ਪਿਤਾ ਜੀ ਨੂੰ ਸਜ਼ਾ ਦਿੱਤੇ ਜਾਣ ਤੋਂ ਬਾਅਦ ਪੰਚਕੁਲਾ ‘ਚ ਹੋਈ ਹਿੰਸਾ ਅਤੇ ਉਸ ਦੌਰਾਨ ਡੇਰਾ ਪ੍ਰੇਮੀਆਂ ਦੀ ਕੀਤੀ ਗਈ ਫੜ੍ਹੋ-ਫੜ੍ਹੀ ਕਾਰਨ ਭਾਰਤੀ ਜਨਤਾ ਪਾਰਟੀ ਨਾਲ ਨਰਾਜ਼ ਹੈ, ਬਲਕਿ ਇਸ ਨਰਾਜ਼ਗੀ ਦਾ ਖਮਿਆਜ਼ਾ ਅਕਾਲੀ ਦਲ ਨੂੰ ਵੀ ਸਹਿਣਾ ਪਵੇਗਾ। ਦੂਜੇ ਪਾਸੇ ਅਕਾਲੀ ਦਲ ਵਾਲੇ ਪ੍ਰੇਮੀਆਂ ਕੋਲੋ ਖੁੱਲ੍ਹ ਕੇ ਸਮਰਥਨ ਮੰਗਣ ਤੋਂ ਵੀ ਕਤਰਾ ਰਹੇ ਹਨ, ਕਿਉਂਕਿ ਸਿੱਖ ਜਥੇਬੰਦੀਆਂ ਅਤੇ ਪੰਥਕ ਵੋਟ ਬੈਂਕ ਅਕਾਲੀਆਂ ਨਾਲ ਪ੍ਰੇਮੀਆਂ ਦੀ ਪੁਰਾਣੀ ਸਾਂਝ ਕਾਰਨ ਪਹਿਲਾਂ ਹੀ ਉਨ੍ਹਾਂ ਵੱਲ ਕਹਿਰ ਭਰੀਆਂ ਨਿਗਾਵਾਂ ਨਾਲ ਝਾਕਦੇ ਹਨ। ਕਾਂਗਰਸ ਤੋਂ ਪ੍ਰੇਮੀ ਇਸ ਲਈ ਨਰਾਜ਼ ਹਨ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਅਕਾਲੀਆਂ ਵਿਰੁੱਧ ਕਾਰਵਾਈ ਕਰਨ ਲਈ ਕਾਂਗਰਸ ਸਰਕਾਰ ਨੇ ਡੇਰਾ ਪ੍ਰੇਮੀਆਂ ਨੂੰ ਮੋਹਰਾ ਬਣਾ ਕੇ ਜਾਣ ਬੁੱਝ ਕੇ ਬੇਅਦਬੀ ਦੇ ਮਾਮਲਿਆਂ ਵਿੱਚ ਘਸੀਟਿਆ ਹੈ। ਡੇਰਾ ਪ੍ਰੇਮੀ ਦਾਅਵਾ ਕਰਦੇ ਹਨ ਕਿ ਕੋਈ ਵੀ ਪ੍ਰੇਮੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਰਗਾ ਘਟੀਆਂ ਕੰਮ ਕਦੀ ਕਰ ਹੀ ਨਹੀਂ ਸਕਦਾ।

ਇਸੇ ਤਰ੍ਹਾਂ ਜੇਕਰ ਆਮ ਆਦਮੀ ਪਾਰਟੀ ਵਾਲਿਆਂ ਦੀ ਗੱਲ ਕੀਤੀ ਜਾਵੇ ਤਾਂ ਡੇਰਾ ਪ੍ਰੇਮੀ ਆਪ ਦੇ ਆਗੂਆਂ ਵੱਲੋਂ ਡੇਰੇ ਅਤੇ ਡੇਰਾ ਪ੍ਰੇਮੀਆਂ ਵਿਰੁੱਧ ਦਿੱਤੇ ਗਏ ਭਾਸ਼ਣਾਂ ਤੋਂ ਨਰਾਜ਼ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਆਪ ਵਾਲਿਆਂ ਵੱਲੋਂ ਇਹ ਬਿਆਨਬਾਜ਼ੀ ਫੋਕੀ ਸ਼ੌਹਰਤ ਕਰਨ ਹਾਸਲ ਕੀਤੀ ਗਈ ਹੈ। ਹਾਲਾਂਕਿ ਪ੍ਰੇਮੀਆਂ ਦਾ ਗੁੱਸਾ ਆਪ ਵਾਲਿਆਂ ਦੇ ਖਿਲਾਫ ਕੋਈ ਬਹੁਤਾ ਗੰਭੀਰ ਨਹੀਂ ਜਾਪ ਰਿਹਾ।

ਇੱਧਰ ਇਸ ਸਾਰਿਆਂ ਤੋਂ ਉਲਟ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਨੇ ਅਜਿਹਾ ਬਿਆਨ ਦਿੱਤਾ ਹੈ, ਜਿਸ ਨਾਲ ਭਾਜਪਾ ਦੀ ਭਾਈਵਾਲ ਪਾਰਟੀ ਅਕਾਲੀ ਦਲ ਨੂੰ ਜਵਾਬ ਦੇਣਾ ਔਖਾ ਹੋਵੇਗਾ। ਮਲਿਕ ਦਾ ਧਿਆਨ ਜਦੋਂ ਪੱਤਰਕਾਰਾਂ ਨੇ ਸੁਨਾਰੀਆ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਡੇਰਾ ਮੁਖੀ ਰਾਮ ਰਹੀਮ ਵੱਲ ਦਵਾਉਂਦਿਆਂ ਕਿਹਾ ਕਿ ਪਿਛਲੀਆਂ ਚੋਣਾਂ ਦੌਰਾਨ ਸਾਰੀਆਂ ਪਾਰਟੀਆਂ ਡੇਰੇ ਦੀ ਵੋਟ ਮੰਗਣ ਸਿਰਸੇ ਜਾਂਦੀਆਂ ਰਹੀਆਂ ਹਨ ਪਰ ਇਸ ਵਾਰ ਸਾਰੇ ਝਿਜਕ ਰਹੇ ਹਨ ਤਾਂ ਮਲਿਕ ਨੇ ਤੁਰੰਤ ਜਵਾਬ ਦਿੱਤਾ ਕਿ ਜਿਸ ਕੋਲ ਵੋਟ ਹੈ ਭਾਵੇਂ ਉਹ ਜੇਲ੍ਹ ‘ਚ ਬੰਦ ਹੋਵੇ ਅਸੀਂ ਉਸ ਤੋਂ ਵੋਟ ਜਰੂਰ ਮੰਗਾਂਗੇ। ਹੁਣ ਇਸ ‘ਤੇ ਸ਼੍ਰੋਮਣੀ ਅਕਾਲੀ ਦਲ ਆਪਣੀ ਕੀ ਪ੍ਰਤੀਕਿਰਿਆ ਦਿੰਦਾ ਹੈ ਇਹ ਵੇਖਣਾ ਬੇਹੱਦ ਦਿਲਚਸਪ ਹੋਵੇਗਾ।

 

- Advertisement -
Share this Article
Leave a comment