ਸੰਗਰੂਰ : ਪੰਜਾਬ ਜਮਹੂਰੀ ਗੱਠਜੋੜ ਵੱਲੋਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਹਲਕਾ ਸੰਗਰੂਰ ਤੋਂ ਉਮੀਦਵਾਰ ਭਗਵੰਤ ਮਾਨ ਵਿਰੁੱਧ ਪ੍ਰਸਿੱਧ ਗਾਇਕ ਅਤੇ ਗਦਰ ਫੈਡਰੇਸ਼ਨ ਦੇ ਆਗੂ ਰਹੇ ਜੱਸੀ ਜਸਰਾਜ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ। ਜੱਸੀ ਜਸਰਾਜ ਹਲਕਾ ਸੰਗਰੂਰ ਤੋਂ ਲੋਕ ਇਨਸਾਫ ਪਾਰਟੀ ਦੇ ਉਮੀਦਵਾਰ ਹੋਣਗੇ। ਇਸ ਸਬੰਧ ਵਿੱਚ ਅੱਜ ਚੰਡੀਗੜ੍ਹ ਵਿਖੇ ਇੱਕ ਭਰਵੇਂ ਪੱਤਰਕਾਰ ਸੰਮੇਲਨ ਦੌਰਾਨ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ, ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸਣੇ ਹੋਰ ਬਹੁਤ ਸਾਰੇ ਲੋਕਾਂ ਨੇ ਮਿਲ ਕੇ ਜੱਸੀ ਜਸਰਾਜ ਦੇ ਨਾਮ ਦਾ ਐਲਾਨ ਕਰਦਿਆਂ ਕਿਹਾ ਕਿ ਜੱਸੀ ਦੇ ਨਾਮ ਦਾ ਭਗਵੰਤ ਮਾਨ ਵਿਰੁੱਧ ਐਲਾਨ ਕੀਤੇ ਜਾਣ ਨਾਲ ਸੰਗਰੂਰ ਹਲਕੇ ਦੀ ਜਿੱਤ-ਹਾਰ ਦੇ ਸਮੀਕਰਨ ਬਦਲ ਗਏ ਹਨ ਕਿਉਂਕਿ ਜੱਸੀ ਜਸਰਾਜ ਉਹ ਸ਼ਖਸ਼ੀਅਤ ਹੈ ਜੋ ਕਿ ਜ਼ਮੀਨੀ ਪੱਧਰ ‘ਤੇ ਲੋਕਾਂ ਨਾਲ ਜੁੜੇ ਹੋਏ ਹਨ ਤੇ ਉਨ੍ਹਾਂ ਦੀ ਸ਼ਖ਼ਸ਼ੀਅਤ ਕਿਸੇ ਪਹਿਚਾਣ ਦੀ ਮਹੁਤਾਜ਼ ਨਹੀਂ ਹੈ।