ਚੰਡੀਗੜ੍ਹ : ਇੱਕ ਪਾਸੇ ਜਿੱਥੇ ਪੰਜਾਬ ਦੇ ਮੁੱਦਿਆਂ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵਿਰੋਧੀ ਪਾਰਟੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਹਲਕਾ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਇੱਕ ਅਜਿਹਾ ਖੁਲਾਸਾ ਕੀਤਾ ਹੈ ਜਿਸ ਬਾਰੇ ਜਾਣ ਕੇ ਸਾਰੇ ਇਹ ਸੋਚਣ ਲਈ ਮਜਬੂਰ ਹੋ ਗਏ ਹਨ ਕਿ ਇਹ ਕਿਵੇਂ ਹੋ ਸਕਦਾ ਹੈ? ਦਰਅਸਲ ਮਾਨ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਨਹੀਂ, ਬਲਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਦੀ ਸਰਕਾਰ ਹੈ, ਤੇ ਡੋਭਾਲ ਹੀ ਇਸ ਸਰਕਾਰ ਨੂੰ ਚਲਾ ਰਿਹਾ ਹੈ। ਮਾਨ ਦਾ ਦਾਅਵਾ ਹੈ ਕਿ ਇਹੀ ਗੱਲ ਕਾਂਗਰਸ ਹਾਈ ਕਮਾਂਨ ਨੂੰ ਵੱਡੀ ਮੁਸੀਬਤ ‘ਚ ਪਾ ਸਕਦੀ ਹੈ।
ਭਗਵੰਤ ਮਾਨ ਨੇ ਦੋਸ਼ ਲਾਇਆ ਕਿ ਇਹ ਸਾਫ ਦਿਖਾਈ ਦੇ ਰਿਹਾ ਹੈ ਬਾਦਲ ਪਰਿਵਾਰ ਅਤੇ ਪੰਜਾਬ ਦਾ ਸ਼ਾਹੀ ਪਰਿਵਾਰ ਲੋਕ ਹਿੱਤ ਮੁੱਦਿਆਂ ਨੂੰ ਭੁੱਲ ਕੇ ਆਪਣੀਆਂ ਆਉਣ ਵਾਲੀਆਂ ਪੀੜੀਆਂ ਦੀ ਭਲਾਈ ਵਿੱਚ ਲੱਗੇ ਹੋਏ ਹਨ। ਪਾਰਟੀ ਹੈਡਕੁਆਟਰ ‘ਚੋਂ ਜਾਰੀ ਕੀਤੇ ਗਏ ਬਿਆਨ ਦਾ ਹਵਾਲਾ ਦਿੰਦਿਆਂ ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸੀ ਵਿਧਾਇਕਾਂ ਨੇ ਬੀਤੇ ਸ਼ੁੱਕਰਵਾਰ ਹੋਈ ਮੀਟਿੰਗ ਦੌਰਾਨ ਫ੍ਰੈਂਡਲੀ ਮੈਚ ਬਾਰੇ ਖਰੀਆਂ ਖਰੀਆਂ ਸੁਣਾ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਕੈਪਟਨ ਅਤੇ ਬਾਦਲਾਂ ਦੀ ਸਾਂਝੇਦਾਰੀ ਹੈ। ਮਾਨ ਨੇ ਦੋਸ਼ ਲਾਇਆ ਕਿ ਇਸ ਤੋਂ ਬਾਅਦ ਹੁਣ ਕੈਪਟਨ ਦਾ ਮੁੱਖ ਮੰਤਰੀ ਵਾਲੀ ਕੁਰਸੀ ‘ਤੇ ਬੈਠਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਰਹਿ ਜਾਂਦਾ। ਮਾਨ ਅਨੁਸਾਰ ਨਿੱਜੀ ਤੌਰ ‘ਤੇ ਕੈਪਟਨ ਅਤੇ ਬਾਦਲਾਂ ਦੇ ਦੋਸਤੀ ਨਿਭਾਉਣ ‘ਤੇ ਕਿਸੇ ਨੂੰ ਕੋਈ ਇਤਰਾਜ ਨਹੀਂ ਹੈ ਪਰ ਇਹ ਦੋਸਤੀ ਲੋਕ ਹਿੱਤ ਮੁੱਦਿਆਂ ਨੂੰ ਤਬਾਹ ਕਰਨ ‘ਚ ਲੱਗੀ ਹੋਈ ਹੈ।