ਭਗਵੰਤ ਮਾਨ ਦਾ ਇੱਕ ਹੋਰ ਝੂਠ ਪਾਰਟੀ ‘ਚ ਪਾਏਗਾ ਨਵੇਂ ਪੁਵਾੜੇ?

Prabhjot Kaur
3 Min Read

ਚੰਡੀਗੜ੍ਹ : ਲੋਕ ਸਭਾ ਚੋਣਾਂ ਦਾ ਮੌਕਾ ਨੇੜੇ ਹੈ, ਇਸ ਸਮੇਂ ਕਈਆਂ ਦੀ ਯਾਦਾਸ਼ਤ ਤੇਜ਼ ਹੋ ਰਹੀ ਹੈ ਤੇ ਕਈਆਂ ਦੀ ਗੁਆਚਣ ਦਾ ਡਰ ਬਣਿਆ ਹੋਇਆ ਹੈ। ਅਜਿਹੇ ਮੌਕੇ ਕਈ ਲੋਕਾਂ ਨੇ ਇਸ ਗੱਲ ਦਾ ਸ਼ੁਕਰ ਮਣਾਇਆ ਹੈ ਕਿ ਭਗਵੰਤ ਮਾਨ ਦੀ ਯਾਦਾਸ਼ਤ ਤੇਜ਼ ਹੋ ਗਈ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਜਿਉਂ ਹੀ ਆਮ ਆਦਮੀ ਪਾਰਟੀ ਪੰਜਾਬ ਦੀ ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰ: ਬੁੱਧ ਰਾਮ ਨੇ ਇਹ ਐਲਾਨ ਕੀਤਾ ਕਿ ਉਨ੍ਹਾਂ ਨੇ ਮਾਨ ਦਾ ਪੰਜਾਬ ਪ੍ਰਧਾਨ ਵਾਲੇ ਅਹੁਦੇ ਤੋਂ ਅਸਤੀਫਾ ਨਾ-ਮਨਜ਼ੂਰ ਕਰ ਦਿੱਤਾ ਹੈ, ਤਾਂ ਮਾਨ ਨੇ ਤੁਰੰਤ ਕਹਿ ਦਿੱਤਾ ਕਿ ਉਹ ਪੰਜਾਬ ‘ਆਪ’ ਦੀ ਪ੍ਰਧਾਨਗੀ ਤਾਂ ਕਬੂਲਣਗੇ, ਜਦੋਂ ਕੇਜਰੀਵਾਲ ਇਹ ਸਪੱਸ਼ਟ ਕਰਨਗੇ ਕਿ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੋਂ ਇਲਾਵਾ ਬਾਦਲ ਪਰਿਵਾਰ ਦੇ ਮੈਂਬਰ ਬਿਕਰਮ ਸਿੰਘ ਮਜੀਠੀਏ ਤੋਂ ਮਾਫੀ ਕਿਉਂ ਮੰਗੀ ਸੀ। ਮਾਨ ਦੇ ਇਸ ਬਿਆਨ ਤੋਂ ਬਾਅਦ ਵਿਰੋਧੀਆਂ ਨੇ ਚਾਰੇ ਪਾਸੇ ਝੂਠ ਹੈ, ਝੂਠ ਹੈ ਦਾ ਰੌਲਾ ਪਾ ਕੇ ਇਸ ਦਾ ਪ੍ਰਚਾਰ ਮਾਨ ਦੇ ਵਿਰੁੱਧ ਕਰਨਾ ਸ਼ੁਰੂ ਕਰ ਦਿੱਤਾ ਹੈ।

ਦੱਸ ਦਈਏ ਕਿ ਭਗਵੰਤ ਮਾਨ ਨੇ ਪਿਛਲੇ ਸਾਲ ਮਾਰਚ ਮਹੀਨੇ ਦੌਰਾਨ ਉਸ ਵੇਲੇ ਆਮ ਆਦਮੀ ਪਾਰਟੀ ਦੀ ਪੰਜਾਬ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਸੀ ਜਦੋਂ ‘ਆਪ’ ਸੁਪਰੀਮੋਂ ਅਰਵਿੰਦ ਕੇਜਰੀਵਾਲ ਨੇ ਬਿਕਰਮ ਸਿੰਘ ਮਜੀਠੀਆ ਵੱਲੋਂ ਅਦਾਲਤ ਵਿੱਚ ਦਰਜ਼ ਕਰਵਾਏ ਮਾਨਹਾਨੀਂ ਦੇ ਮੁਕੱਦਮੇਂ ਤੋਂ ਦੁਖੀ ਹੋ ਕੇ ਉਨ੍ਹਾਂ ਤੋਂ ਲਿਖਤੀ ਤੌਰ ਤੇ ਮਾਫੀ ਮੰਗ ਲਈ ਸੀ। ਜਿਸ ਤੋਂ ਬਾਅਦ ਕਾਫੀ ਚਿਰ ਭਗਵੰਤ ਮਾਨ ਸਿਆਸਤ ਤੋਂ ਅਗਿਆਤਵਾਸ ਵਿੱਚ ਚਲੇ ਗਏ ਸਨ। ਭਾਵੇਂ ਕਿ ਇਸ ਦੌਰਾਨ ਵਿੱਚ-ਵਿੱਚ ਅਰਵਿੰਦ ਕੇਜਰੀਵਾਲ ਪੱਤਰਕਾਰਾਂ ਨੂੰ ਇਹ ਕਹਿ ਕੇ ਸੰਤੁਸ਼ਟ ਕਰਦੇ ਰਹੇ ਕਿ ਮਾਨ ਉਨ੍ਹਾਂ ਦੇ ਨਾਲ ਹਨ, ਉਨ੍ਹਾਂ ਦੀ ਹਰ ਰੋਜ਼ ਮਾਨ ਨਾਲ ਕਈ ਵਾਰ ਗੱਲ ਹੁੰਦੀ ਰਹਿੰਦੀ ਹੈ, ਪਰ ਭਗਵੰਤ ਮਾਨ ਇਹੋ ਕਹਿੰਦੇ ਰਹੇ ਕਿ ਇਸ ਬਾਰੇ ਉਨ੍ਹਾਂ ਦੀ ਪਾਰਟੀ ਪ੍ਰਧਾਨ ਨਾਲ ਕੋਈ ਗੱਲਬਾਤ ਨਹੀਂ ਹੋਈ। ਇੱਥੋਂ ਤੱਕ ਕਿ ਮਾਨ ਦੇ ਹਸਪਤਾਲ ‘ਚ ਦਾਖ਼ਲ ਹੋਣ ਮੌਕੇ ਕੇਜਰੀਵਾਲ ਵੱਲੋਂ ਉਨ੍ਹਾਂ ਨਾਲ ਮੁਲਾਕਾਤ ਦੀਆਂ ਖ਼ਬਰਾਂ ਵੀ ਆਈਆਂ, ਪੰਜਾਬ ਵਿੱਚ ਵੀ ਕੇਜਰੀਵਾਲ ਨਾਲ ਮਾਨ ਨੇ ਸਟੇਜਾਂ ਸਾਂਝੀਆਂ ਕੀਤੀਆਂ ਪਰ ਮਾਨ ਇਹ ਮੰਨਣ ਨੂੰ ਤਿਆਰ ਨਹੀਂ ਹੋਏ ਕਿ ਮਜੀਠੀਏ ਤੋ ਮਾਫੀ ਮੰਗਣ ਬਾਬਤ ਕੇਜਰੀਵਾਲ ਨਾਲ ਉਨ੍ਹਾਂ ਦੀ ਕੋਈ ਗੱਲਬਾਤ ਹੋਈ ਹੈ। ਇੱਥੋਂ ਤੱਕ ਕਿ ਹੁਣੇ-ਹੁਣੇ ਭਗਵੰਤ ਮਾਨ ਬਰਨਾਲਾ ਵਿਖੇ ਕੇਜਰੀਵਾਲ ਨਾਲ ਸਟੇਜ ਵੀ ਸਾਝੀਂ ਕਰ ਚੁੱਕੇ ਹਨ ਜਿੱਥੇ ਨਾ ਤਾਂ ਕੇਜਰੀਵਾਲ ਨੇ ਆਪ ਦੱਸਿਆ ਕਿ ਉਨ੍ਹਾਂ ਨੇ ਮਜੀਠੀਆ ਤੋਂ ਮਾਫੀ ਕਿਉਂ ਮੰਗੀ ਹੈ ਅਤੇ ਨਾ ਹੀ ਮਾਨ ਨੇ ਪੁੱਛਿਆ। ਬੱਸ ਉੱਥੇ ਭਗਵੰਤ ਮਾਨ ਦੀ ਸ਼ਰਾਬ ਛੱਡਣ ਦੇ ਹੀ ਸੋਹਲੇ ਗਾਏ ਗਏ। ਅਜਿਹੇ ਵਿੱਚ ਹੁਣ ਜਦੋਂ ਮਾਨ ਵੱਲੋਂ ਕੇਜਰੀਵਾਲ ਤੋਂ ਮਾਫੀ ਮੰਗਣ ਸਬੰਧੀ ਪੁੱਛ ਕੇ ਦੱਸਣ ਦੀ ਗੱਲ ਆਖੀ ਗਈ ਹੈ ਤਾਂ ਲੋਕ ਇਸ ਨੂੰ ਕੋਰਾ ਝੂਠ ਗਰਦਾਨਣੋ ਵੀ ਪਿੱਛੇ ਨਹੀਂ ਹੱਟ ਰਹੇ।

Share this Article
Leave a comment