ਸੁਖਬੀਰ ਸਿੰਘ ਬਾਦਲ ਨੇ ਜਲਾਲਾਬਾਦ ਵਾਸੀਆਂ ਲਈ ਪਹਿਲੀ ਵੈਂਟੀਲੇਟਰ ਵਾਲੀ ਐਂਬੂਲੈਂਸ ਨੂੰ ਦਿੱਤੀ ਹਰੀ ਝੰਡੀ

TeamGlobalPunjab
3 Min Read

ਬਠਿੰਡਾ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਫਿਰੋਜ਼ਪੁਰ ਦੇ ਸਾਂਸਦ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਜਲਾਲਾਬਾਦ ਵਾਸੀਆਂ ਅਤੇ ਆਲੇ ਦੁਆਲੇ ਦੇ ਸਰਹੱਦੀ ਪਿੰਡਾਂ ਦੇ ਗੰਭੀਰ ਮਰੀਜ਼ਾਂ ਖਾਸ ਕਰਕੇ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਖਾਸ ਦੇਖਭਾਲ ਲਈ ਪਹਿਲੀ ਵੈਂਟੀਲੇਟਰ ਦੀ ਸਹੂਲਤ ਵਾਲੀ ਐਂਬੂਲੈਂਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।

17.19 ਲੱਖ ਰੁਪਏ ਵਿਚ ਤਿਆਰ ਹੋਈ ਇਸ ਐਂਬੂਲੈਂਸ ਨੂੰ ਅਕਾਲੀ ਦਲ ਪ੍ਰਧਾਨ ਨੇ ਵਿਸ਼ਵ ਸਿਹਤ ਦਿਵਸ ਦੇ ਮੌਕੇ ਉੱਤੇ ਪਿੰਡ ਬਾਦਲ ਤੋਂ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਸਰਦਾਰ ਬਾਦਲ ਨੇ ਫਿਰੋਜ਼ਪੁਰ ਸੰਸਦੀ ਹਲਕੇ ਦੇ ਸਾਰੇ ਸਰਕਾਰੀ ਹਸਪਤਾਲਾਂ ਵਿਚ ਵੈਂਟੀਲੇਟਰਾਂ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਇੱਕ ਕਰੋੜ ਰੁਪਏ ਜਾਰੀ ਕੀਤੇ ਸਨ। ਇਹ ਪੈਸਾ ਸੰਬੰਧਿਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਸੌਂਪਦੇ ਹੋਏ ਸਪੱਸ਼ਟ ਨਿਰਦੇਸ਼ ਦਿੱਤਾ ਗਿਆ ਸੀ ਕਿ ਉਹ ਤੁਰੰਤ ਵੈਂਟੀਲੇਟਰ ਖਰੀਦ ਕੇ ਸਾਰੇ ਸਰਕਾਰੀ ਹਸਪਤਾਲਾਂ ਅੰਦਰ ਲਗਵਾ ਦੇਣ ਤਾਂ ਕਿ ਗੰਭੀਰ ਮਰੀਜ਼ਾਂ ਖਾਸ ਕਰਕੇ ਕਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਦਾ ਸਹੀ ਇਲਾਜ ਹੋ ਸਕੇ। ਵੈਂਟੀਲੇਟਰ ਖਰੀਦਣ ਦੀ ਪ੍ਰਕਿਰਿਆ ਤੁਰੰਤ ਸ਼ੁਰੂ ਕਰ ਦਿੱਤੀ ਗਈ ਸੀ ਅਤੇ ਜਲਦੀ ਹੀ ਫਿਰੋਜ਼ਪੁਰ ਲੋਕ ਸਭਾ ਹਲਕੇ ਦੀ ਹੱਦ ਅੰਦਰ ਪੈਂਦੇ ਸਾਰੇ ਸਰਕਾਰੀ ਹਸਪਤਾਲਾਂ ਵਿਚ ਵੈਂਟੀਲੇਟਰ ਲਗਾ ਦਿੱਤੇ ਜਾਣਗੇ।

ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਲਾਲਾਬਾਦ ਵਿਖੇ ਅਕਾਲੀ-ਭਾਜਪਾ ਸਰਕਾਰ ਦੁਆਰਾ ਬਣਾਇਆ ਗਿਆ 100 ਬਿਸਤਰਿਆਂ ਦਾ ਹਸਪਤਾਲ ਸੈਂਕੜੈ ਸਰਹੱਦੀ ਪਿੰਡਾਂ ਦੀ ਲੋੜ ਪੂਰੀ ਕਰਦਾ ਹੈ। ਉਹਨਾਂ ਨੇ ਵੈਂਟੀਲੇਟਰ ਵਾਲੀ ਐਂਬੂਲੈਂਸ ਇਸ ਹਸਪਤਾਲ ਲਈ ਦੇਣ ਦਾ ਫੈਸਲਾ ਕੀਤਾ ਹੈ ਤਾਂ ਕਿ ਐਮਰਜੰਸੀ ਸਿਹਤ ਸੇਵਾਵਾਂ ਦੀ ਘਾਟ ਕਰਕੇ ਇਸ ਇਲਾਕੇ ਦੇ ਕਿਸੇ ਵੀ ਵਿਅਕਤੀ ਨੂੰ ਤਕਲੀਫ ਨਾ ਝੱਲਣੀ ਪਵੇ।

ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਦੇ ਡਾਇਰੈਕਟਰ ਡਾਕਟਰ ਰਾਜ ਬਹਾਦਰ ਦੀ ਮੌਜੂਦਗੀ ਵਿਚ ਇਸ ਐਂਬੂਲੈਂਸ ਨੂੰ ਹਰੀ ਝੰਡੀ ਵਿਖਾਉਂਦੇ ਹੋਏ ਅਕਾਲੀ ਦਲ ਪ੍ਰਧਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੂੰ ਬੇਨਤੀ ਕੀਤੀ ਕਿ ਉਹ ਸੂਬੇ ਅੰਦਰ ਸਿਹਤ ਸੰਭਾਲ ਸਹੂਲਤਾਂ ਵਿਚ ਵਾਧਾ ਕਰਨ ਲਈ ਵਿਸ਼ੇਸ਼ ਉਪਰਾਲੇ ਕਰਨ। ਉਹਨਾਂ ਜ਼ਿਕਰ ਕੀਤਾ ਕਿ ਸੂਬਾ ਸਰਕਾਰ ਨੂੰ ਹਜ਼ੂਰੀ ਰਾਗੀ ਪਦਮ ਸ੍ਰੀ ਭਾਈ ਨਿਰਮਲ ਸਿੰਘ ਦੀ ਮੌਤ ਤੋਂ ਸਬਕ ਸਿੱਖਣਾ ਚਾਹੀਦਾ ਹੈ, ਜਿਹਨਾਂ ਨੇ ਆਪਣੇ ਪਰਿਵਾਰ ਨਾਲ ਟੈਲੀਫੋਨ ਉੱਤੇ ਹੋਈ ਆਖਰੀ ਗੱਲਬਾਤ ਵਿਚ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਅੰਮ੍ਰਿਤਸਰ ਵਿਖੇ ਸਿਹਤ ਸਹੂਲਤਾਂ ਦੀ ਕਮੀ ਉੱਤੇ ਡਾਹਢੀ ਨਿਰਾਸ਼ਾ ਜਾਹਿਰ ਕੀਤੀ ਸੀ। ਉਹਨਾਂ ਕਿਹਾ ਕਿ ਬਾਕੀ ਥਾਂਵਾਂ ਉੱਤੇ ਵੀ ਸਥਿਤੀ ਵੱਖਰੀ ਨਹੀਂ ਹੈ। ਇਸ ਲਈ ਮੁੱਖ ਮੰਤਰੀ ਨੂਂੰ ਚਾਹੀਦਾ ਹੈ ਕਿ ਸਥਿਤੀ ਦਾ ਜਾਇਜ਼ਾ ਲੈਣ ਅਤੇ ਸੂਬੇ ਦੇ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਲਈ ਹਰ ਸੰਭਵ ਕਦਮ ਚੁੱਕਣ।

- Advertisement -

ਇਸ ਦੌਰਾਨ ਸਰਦਾਰ ਬਾਦਲ ਨੇ ਉਹਨਾਂ ਡਾਕਟਰਾਂ, ਨਰਸਾਂ ਅਤੇ ਬਾਕੀ ਸਿਹਤ ਕਾਮਿਆਂ ਦਾ ਸ਼ੁਕਰਾਨਾ ਅਦਾ ਕੀਤਾ, ਜਿਹੜੇ ਸਭ ਤੋਂ ਅੱਗੇ ਹੋ ਕੇ ਕੋਵਿਡ-19 ਖਿਲਾਫ ਲੜਾਈ ਕਰ ਰਹੇ ਹਨ। ਉਹਨਾਂ ਸੂਬੇ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖਣ ਅਤੇ ਕੋਰੋਨਾ ਵਾਇਰਸ ਬੀਮਾਰੀ ਨੂੰ ਫੈਲਣ ਤੋਂ ਰੋਕਣ ਲਈ ਆਪਣੀ ਸਾਫ ਸਫਾਈ ਸੰਬੰਧੀ ਨਿਯਮਾਂ ਦੀ ਪਾਲਣਾ ਕਰਨ।

Share this Article
Leave a comment