BIG NEWS : ਪ੍ਰਤਾਪ ਸਿੰਘ ਬਾਜਵਾ ਦੀ ਦਿੱਲੀ ਰਿਹਾਇਸ਼ ‘ਤੇ ਹੋਈ ਵੱਡੇ ਕਾਂਗਰਸੀਆਂ ਦੀ ਮੀਟਿੰਗ

TeamGlobalPunjab
3 Min Read

ਨਵੀਂ ਦਿੱਲੀ (ਦਵਿੰਦਰ ਸਿੰਘ) : ਪੰਜਾਬ ਕਾਂਗਰਸ ਵਿੱਚ ਚੱਲ ਰਹੇ ਕੈਪਟਨ ਬਨਾਮ ਸਿੱਧੂ ਮਾਮਲੇ ਵਿੱਚ ਨਵੇਂ ਸਮੀਕਰਨ ਉਭਰਨ ਉਪਰੰਤ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਇਕ ਵਾਰ ਫ਼ਿਰ ਸਰਗਰਮ ਹੋ ਗਏ ਹਨ।

ਨਵਜੋਤ ਸਿੰਘ ਸਿੱਧੂ ਦੀ ਪ੍ਰਧਾਨਗੀ ਦਾ ਵਿਰੋਧ ਕਰ ਰਹੇ ਧੜੇ ਵੱਲੋਂ ਬਣਾਈ ਗਈ ਨਵੀਂ ਰਣਨੀਤੀ ਤਹਿਤ ਐਤਵਾਰ ਨੂੰ ਦੁਪਹਿਰ ਦਾ ਭੋਜ ਪ੍ਰਤਾਪ ਸਿੰਘ ਬਾਜਵਾ ਦੇ ਦਿੱਲੀ ਸਥਿਤ ਨਿਵਾਸ ’ਤੇ ਰੱਖ਼ਿਆ ਗਿਆ। ਇਸ ਵਿੱਚ ਪੰਜਾਬ ਕਾਂਗਰਸ ਨਾਲ ਸੰਬੰਧਤ ਤਕਰੀਬਨ ਸਾਰੇ ਸੰਸਦ ਮੈਂਬਰ ਸ਼ਾਮਲ ਹੋਏ।

ਇਸ ਬੈਠਕ ਵਿੱਚ ਸਮਸ਼ੇਰ ਸਿੰਘ ਦੂਲੋ, ਮੁਹੰਮਦ ਸਦੀਕ, ਚੌਧਰੀ ਸੰਤੋਖ ਸਿੰਘ , ਰਵਨੀਤ ਸਿੰਘ ਬਿੱਟੂ, ਗੁਰਜੀਤ ਸਿੰਘ ਔਜਲਾ, ਪਰਨੀਤ ਕੌਰ, ਜਸਬੀਰ ਸਿੰਘ ਡਿੰਪਾ ਅਤੇ ਮਨੀਸ਼ ਤਿਵਾੜੀ ਸ਼ਾਮਲ ਹੋਏ।

 

- Advertisement -

ਸੰਸਦ ਦਾ ਮਾਨਸੂਨ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਹੋਈ ਇਸ ਬੈਠਕ ਨੂੰ ਸੰਸਦ ਇਜਲਾਸ ਵਿੱਚ ਕਾਂਗਰਸ ਦੀ ਤਿਆਰੀ ਵਜੋਂ ਕਿਹਾ ਜਾ ਰਿਹਾ ਹੈ ਪਰ ਇਸ ਮੀਟਿੰਗ ਦਾ ਅਸਲ ਮੁੱਦਾ ਪੰਜਾਬ ਕਾਂਗਰਸ ਵਿੱਚ ਚੱਲ ਰਿਹਾ ਕਲੇਸ਼ ਹੀ ਰਿਹਾ।

 

ਜ਼ਿਕਰਯੋਗ ਹੈ ਕਿ ਲੋਕ ਸਭਾ ਦੇ ਲਗਪਗ ਸਾਰੇ ਹੀ ਸੰਸਦ ਮੈਂਬਰ ਕੈਪਟਨ ਅਮਰਿੰਦਰ ਸਿੰਘ ਦੇ ਕੈਂਪ ਨਾਲ ਸੰਬੰਧਤ ਹਨ ਅਤੇ ਉਨ੍ਹਾਂ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨਗੀ ਦੇਣ ਦਾ ਵਿਰੋਧ ਕੀਤਾ ਜਾ ਰਿਹਾ ਹੈ।

- Advertisement -

ਭਾਵੇਂ ਨਵਜੋਤ ਸਿੰਘ ਸਿੱਧੂ ਸਨਿਚਰਵਾਰ ਨੂੰ ਦਿੱਲੀ ਵਿਖ਼ੇ ਪ੍ਰਤਾਪ ਸਿੰਘ ਬਾਜਵਾ ਨੂੰ ਉਹਨਾਂ ਦੀ ਰਿਹਾਇਸ਼ ’ਤੇ ਮਿਲੇ ਸਨ ਪਰ ਸ਼ਾਮ ਤਕ ਹੀ ਸਥਿਤੀ ਪਲਟ ਗਈ ਅਤੇ ਬਾਜਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਲੰਬੇ ਸਮੇਂ ਤੋਂ ਚੱਲਦੇ ਆ ਰਹੇ ਗਿਲੇ ਸ਼ਿਕਵੇ ਭੁਲਾ ਕੇ ਉਨ੍ਹਾਂ ਦੇ ਸਿਸਵਾਂ ਸਥਿਤ ਫ਼ਾਰਮ ਹਾਊਸ ਪੁੱਜੇ ਸਨ ਜਿੱਥੇ ਦੋਹਾਂ ਵਿਚਾਲੇ ਅਹਿਮ ਵਿਚਾਰਾਂ ਹੋਈਆਂ ਸਨ ਅਤੇ ਖ਼ਬਰ ਹੈ ਕਿ ‘ਸਾਂਝੇ ਮੰਤਵ’ ਲਈ ਇਕੱਠੇ ਹੋਣ ਦੀ ਰਾਏ ਬਣੀ ਹੈ।

ਜਾਣਕਾਰ ਸੂਤਰਾਂ ਦਾ ਕਹਿਣਾ ਹੈ ਕਿ ਬਾਜਵਾ ਅਤੇ ਪੰਜਾਬ ਦੇ ਇਹ ਲੋਕ ਸਭਾ ਮੈਂਬਰ ਅੱਜ ਹੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਦਾ ਸਮਾਂ ਮੰਗਣਗੇ ਅਤੇ ਉਨ੍ਹਾਂ ਨੂੰ ਆਪਣੇ ਖ਼ਦਸ਼ਿਆਂ ਤੋਂ ਜਾਣੂ ਕਰਵਾਉਣਗੇ। ਇਹ ਵੀ ਪਤਾ ਲੱਗਾ ਹੈ ਕਿ ਭਾਵੇਂ ਸੋਨੀਆ ਗਾਂਧੀ ਵੱਲੋਂ ਪਾਰਲੀਮੈਂਟ ਦੇ ਮਾਨਸੂਨ ਸੈਸ਼ਨ ਵਿੱਚ ਪਾਰਟੀ ਦੀ ਤਿਆਰੀ ਲਈ ਐਤਵਾਰ ਸ਼ਾਮ ਨੂੰ ਹੀ ਇਕ ਵਰਚੂਅਲ ਮੀਟਿੰਗ ਰੱਖੀ ਗਈ ਹੈ ਪਰ ਇਹ ਸੰਸਦ ਮੈਂਬਰ ਖ਼ੁਦ ਉਨ੍ਹਾਂ ਨੂੰ ਮਿਲ ਕੇ ਪੰਜਾਬ ਕਾਂਗਰਸ ਦੇ ਸੰਕਟ ਬਾਰੇ ਆਪਣਾ ਸਾਂਝਾ ਪੱਖ ਰੱਖਣ ਲਈ ਉਸ ਤੋਂ ਪਹਿਲਾਂ ਹੀ ਇਕ ਮੀਟਿੰਗ ਵਾਸਤੇ ਸਮਾਂ ਦੇਣ ਲਈ ਜ਼ੋਰ ਪਾ ਸਕਦੇ ਹਨ।

ਸਮਝਿਆ ਜਾ ਰਿਹਾ ਹੈ ਕਿ ਸਨਿਚਰਵਾਰ ਦੀ ਕੈਪਟਨ-ਬਾਜਵਾ ਮੁਲਾਕਾਤ ਮਗਰੋਂ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਦੇ ਅਹੁਦੇ ਤੋਂ ਲਾਂਭੇ ਰੱਖਣ ਲਈ ਸਰਗਰਮੀ ਤੇਜ਼ ਅਤੇ ਤਿੱਖੀ ਹੋ ਗਈ ਹੈ ਅਤੇ ਆਉਂਦੇ ਦਿਨਾਂ ਵਿੱਚ ਪੰਜਾਬ ਕਾਂਗਰਸ ਦੇ ਅੰਦਰ ਹੋਰ ਵੀ ਦਿਲਚਸਪ ਘਟਨਾਕ੍ਰਮ ਵੇਖ਼ਣ ਨੂੰ ਮਿਲ ਸਕਦਾ ਹੈ।

Share this Article
Leave a comment