ਬਾਦਲ ਦਾ ਅਕਾਲੀ ਵਰਕਰਾਂ ਨੂੰ ਹੋਕਾ ਤਰਲੇ, ਮਿਨਤਾਂ ਕਰੋ, ਪੈਰੀਂ ਹੱਥ ਲਾਓ, ਪਰ ਇੱਕ-ਇੱਕ ਵੋਟ ਅਕਾਲੀ ਦਲ ਨੂੰ ਪਵਾਓ

TeamGlobalPunjab
2 Min Read

ਜਲੰਧਰ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਅਕਾਲੀ ਸੁਪਰੀਮੋਂ ਪ੍ਰਕਾਸ਼ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਵਰਕਰਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਨਿਮਾਣੇ ਬਣ ਕੇ ਲੋਕਾਂ ਕੋਲ ਜਾਣ, ਤਰਲੇ,ਮਿਨਤਾਂ ਕਰਨ, ਪੈਰੀ ਹੱਥ ਲਾਉਣ ਪਰ ਇੱਕ ਇੱਕ ਵੋਟ ਅਕਾਲੀ ਦਲ ਨੂੰ ਪੁਵਾ ਦੇਣ। ਉਨ੍ਹਾਂ ਕਿਹਾ ਕਿ ਦੇਸ਼ ਹਿੱਤ ਵਿੱਚ ਇੱਕ ਤਜ਼ਰਬੇਕਾਰ ਪ੍ਰਧਾਨ ਮੰਤਰੀ ਨੂੰ ਹੀ ਸੱਤਾ ਦੀ ਕੁਰਸੀ ‘ਤੇ ਬਿਠਾਉਣਾ ਫਾਇਦੇਮੰਦ ਸਾਬਤ ਹੋਵੇਗਾ। ਬਾਦਲ ਇੱਥੇ ਇੱਕ ਰੈਲੀ ਦੌਰਾਨ ਅਕਾਲੀ ਵਰਕਰਾਂ ਨੂੰ ਸੰਬੋਧਨ ਕਰ ਰਹੇ ਸਨ।

ਪ੍ਰਕਾਸ਼ ਸਿੰਘ ਨੇ ਕਿਹਾ ਕਿ ਇਸ ਵੇਲੇ ਦੁਨੀਆਂ ਭਰ  ਵਿੱਚ ਨਰਿੰਦਰ ਮੋਦੀ ਹਰਮਨ ਪਿਆਰੇ ਹੋ ਗਏ ਹਨ, ਫਖ਼ਰ ਵਾਲੀ ਗੱਲ ਇਹ ਹੈ ਕਿ ਉਹ ਆਮ ਬੰਦਿਆਂ ਵਿੱਚੋਂ ਨਿੱਕਲ ਕੇ ਹੀ ਪ੍ਰਧਾਨ ਮੰਤਰੀ ਬਣੇ ਹਨ। ਓਰਬਿਟ ਵਰਗੀਆਂ ਬੱਸ ਕੰਪਨੀਆਂ ਦੀ ਮਲਕੀਅਤ ਵਾਲੇ ਪਰਿਵਾਰ ਨਾਲ ਸਬੰਧ ਰੱਖਦੇ ਪ੍ਰਕਾਸ਼ ਸਿੰਘ ਬਾਦਲ ਨੇ ਬੱਸਾਂ ਦੀ ਹੀ ਉਦਾਹਰਨ ਦਿੰਦਿਆਂ ਕਿਹਾ ਕਿ ਕਿਸੇ ਬੱਸ ਨੂੰ ਚਲਾਉਣ ਲਈ ਤਜ਼ਰਬੇ ਅਨੁਸਾਰ ਹੀ ਲਾਇਸੰਸ ਮਿਲਦਾ ਹੈ, ਅਣਜਾਣ ਵਿਅਕਤੀ ਦੇ ਹੱਥ ਵਿੱਚ ਬੱਸ ਆਉਣ ‘ਤੇ ਸਵਾਰੀਆਂ ਤੇ ਬੱਸ ਦੋਵਾਂ ਲਈ ਉਹ ਸਖ਼ਸ਼ ਖਤਰਨਾਕ ਹੋ ਜਾਂਦਾ ਹੈ।  ਕਾਂਗਰਸ ਪਾਰਟੀ ਤੇ ਗਾਂਧੀ ਪਰਿਵਾਰ ਉੱਤੇ ਵਰਦਿਆਂ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਨੇ ਜਿੱਥੇ ਇਸ ਪਾਰਟੀ ਨੂੰ ਸਭ ਤੋਂ ਵੱਧ ਮਾਣ ਬਖ਼ਸ਼ਿਆ ਹੈ ਉੱਥੇ ਗਾਂਧੀ ਪਰਿਵਾਰ ਨੂੰ ਦੇਸ਼ ਵਾਸੀਆਂ ਨੇ ਕਈ ਵਾਰ ਪ੍ਰਧਾਨ ਮੰਤਰੀ ਬਣਨ ਦਾ ਮੌਕਾ ਦਿੱਤਾ ਤੇ ਇਸ ਪਰਿਵਾਰ ਦੇ 3 ਪ੍ਰਧਾਨ ਮੰਤਰੀਆਂ ਨੇ ਦੇਸ਼ ‘ਤੇ ਰਾਜ ਕੀਤਾ। ਉਨ੍ਹਾਂ ਕਿਹਾ ਕਿ ਜਵਾਹਰ ਲਾਲ ਨਹਿਰੂ ਪੰਜਾਬ ਤੋਂ ਨਫਰਤ ਕਰਦੇ ਸਨ ਤੇ ਕਹਿੰਦੇ ਸਨ ਕਿ ਪੰਜਾਬੀ ਸੂਬਾ ਉਨ੍ਹਾਂ ਦੀ ਲਾਸ਼ ‘ਤੇ ਬਣੇਗਾ। ਪ੍ਰਕਾਸ਼ ਸਿੰਘ ਬਾਦਲ ਅਨੁਸਾਰ ਇਸੇ ਗਾਂਧੀ ਪਰਿਵਾਰ ਨੇ ਸੂਬੇ ਦਾ ਪਾਣੀ ਖੋਹ ਲਿਆ, ਹਰਿਮੰਦਰ ਸਾਹਿਬ ‘ਤੇ ਹਮਲਾ ਕਰਵਾਇਆ, ਅਕਾਲ ਤਖ਼ਤ ਸਾਹਿਬ ਢੁਹਾ ਦਿੱਤਾ, ਤੇ ਰਾਜੀਵ ਗਾਂਧੀ ਨੇ ਸਿੱਖਾਂ ਦਾ ਕਤਲੇਆਮ ਕਰਵਾ ਦਿੱਤਾ, ਜਦਕਿ ਨਰਿੰਦਰ ਮੋਦੀ ਨੇ ਸੱਜਣ ਕੁਮਾਰ ਵਰਗੇ ਸਿੱਖਾਂ ਦੇ ਕਾਤਲ ਨੂੰ ਜੇਲ੍ਹ ਭੇਜਿਆ। ਉਨ੍ਹਾਂ ਡਰ ਜ਼ਾਹਰ ਕੀਤਾ ਕਿ ਜੇਕਰ ਕਾਂਗਰਸ ਰਾਜ ਮੁੜ ਆ ਗਿਆ ਤਾਂ ਸੱਜਣ ਕੁਮਾਰ ਜੇਲ੍ਹ ‘ਚੋਂ ਬਾਹਰ ਆ ਜਾਵੇਗਾ।

 

Share this Article
Leave a comment