ਫ਼ਤਹਿਵੀਰ ਮਾਮਲਾ : ਲੇਟ ਕੱਢਣ ‘ਤੇ ਭੜ੍ਹਕੇ ਲੋਕਾਂ ਦੇ ਸਬਰ ਦਾ ਬੰਨ ਟੁੱਟਿਆ ( ਦੇਖੋ LIVE ਤਸਵੀਰਾਂ)

ਸੁਨਾਮ : ਪਿਛਲੇ 90 ਘੰਟਿਆਂ ਤੋਂ ਧਰਤੇ ਹੇਠਲੇ ਬੋਰਵੈੱਲ ‘ਚ ਸਵਾ ਸੌ ਫੁੱਟ ਥੱਲੇ ਫਸੇ ਹੋਏ ਇੱਥੋਂ ਦੇ ਪਿੰਡ ਭਗਵਾਨਪੁਰਾ ਦੇ 3 ਸਾਲਾ ਮਾਸੂਮ ਫਤਹਿਵੀਰ ਨਾਮਕ ਬੱਚੇ ਨੂੰ ਬਚਾਉਣ ਲਈ ਸਰਕਾਰੀ ਅਤੇ ਗੈਰ ਸਰਕਾਰੀ ਅਮਲੇ ਨੂੰ ਨਾਕਾਮ ਰਹਿੰਦਿਆਂ ਦੇਖ ਮੌਕੇ ‘ਤੇ ਮੌਜੂਦ ਲੋਕਾਂ ਦੇ ਸਬਰ ਦਾ ਬੰਨ ਟੁੱਟ ਗਿਆ ਹੈ। ਲੋਕਾਂ ਨੇ ਬਚਾਅ ਕਾਰਜ ‘ਚ ਲੱਗੇ ਲੋਕਾਂ ‘ਤੇ ਸੁਸਤ ਚਾਲ ਵਿੱਚ ਕੰਮ ਕਰਨ ਦਾ ਦੋਸ਼ ਲਾਉਂਦਿਆਂ ਸਾਰੀ ਭੜਾਸ ਜਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਵਿਰੁੱਧ ਕੱਢੀ ਹੈ। ਹਾਲਾਤ ਇੱਥੋਂ ਤੱਕ ਬੇਕਾਬੂ ਹੋਣ ਵਿੱਚ ਪਹੁੰਚ ਗਏ ਹਨ ਕਿ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਨ ਲਈ ਪ੍ਰਸ਼ਾਸਨ ਨੂੰ ਵਾਧੂ ਪੁਲਿਸ ਫੋਰਸ ਮਗਾਉਣੀ ਪਈ ਹੈ। ਮੌਕੇ ‘ਤੇ ਮੌਜੂਦ ਪੁਲਿਸ ਲੋਕਾਂ ਨੂੰ ਬੈਰੀਕੇਟ ਲਾ ਕੇ ਕਾਬੂ ਕਰਨ ਦੀ ਕੋਸ਼ਿਸ਼ ਵਿੱਚ ਲੱਗੀ ਹੋਈ ਹੈ, ਤਾਂ ਕਿ ਕਿਤੇ ਬਚਾਅ ਕਾਰਜਾਂ ਵਿੱਚ ਲੱਗੇ ਲੋਕਾਂ ਦੇ ਕੰਮ ਵਿੱਚ ਇਹ ਪ੍ਰਦਰਸ਼ਨਕਾਰੀ ਰੁਕਾਵਟ ਨਾ ਪਾ ਦੇਣ।

ਮੌਕੇ ‘ਤੇ ਮੌਜੂਦ ਪੁਲਿਸ ਅਧਿਕਾਰੀ ਵੱਡੀ ਤਾਦਾਦ ਵਿੱਚ ਪਹੁੰਚੇ ਲੋਕਾਂ ਤੱਕ ਆਪਣੀ ਅਵਾਜ਼ ਪਹੁੰਚਾਉਣ ਲਈ ਲਾਊਡ ਸਪੀਕਰਾਂ ਦਾ ਸਹਾਰਾ ਲੈ ਰਹੇ ਹਨ ਪਰ ਲੋਕਾਂ ਦੀ ਇਹ ਮੰਗ ਹੈ ਕਿ ਫਤਹਿਵੀਰ ਨੂੰ ਬਚਾਉਣ ਲਈ ਹੁਣ ਕੋਈ ਅਜਿਹਾ ਉਪਰਾਲਾ ਕੀਤਾ ਜਾਣਾ ਚਾਹੀਦਾ ਹੈ ਜਿਸ ਨਾਲ ਹੋਰ ਦੇਰੀ ਨਾ ਹੋਵੇ। ਇੱਥੇ ਰੌਲਾ ਪਾਉਂਦੇ ਲੋਕਾਂ ਵਿੱਚੋਂ ਕਈਆਂ ਨੇ ਤਾਂ ਇੱਥੋਂ ਤੱਕ ਦੋਸ਼ ਲਾ ਦਿੱਤਾ ਕਿ ਪ੍ਰਸ਼ਾਸਨ ਨੇ ਆਧੁਨਿਕ ਤਕਨੀਕਾਂ ਦਾ ਸਹਾਰਾ ਅਤੇ ਫੌਜ਼ ਦੀ ਮਦਦ ਲੈਣ ਦੀ ਬਜਾਏ ਅਣਦੱਸੇ ਕਾਰਨਾਂ ਕਰਨੇ ਡੇਰਾ ਸਿਰਸਾ ਵਾਲੇ ਪ੍ਰੇਮੀਆਂ ਦੇ ਹਵਾਲੇ ਕੀਤਾ ਹੋਇਆ ਹੈ ਜਿਨ੍ਹਾਂ ਕੋਲ ਅਜਿਹੇ ਮਾਮਲਿਆਂ ਨਾਲ ਨਜਿੱਠਣ ਦਾ ਕੋਈ ਤਜ਼ਰਬਾ ਨਹੀਂ ਹੈ।

ਇੱਥੇ ਬੋਲਦਿਆਂ ਇੱਕ ਪ੍ਰਦਰਸ਼ਨਕਾਰੀ ਨੇ ਬੜੀ ਅਜੀਬ ਜਿਹੀ ਮੰਗ ਰੱਖਦਿਆਂ ਖੂਹੀਆਂ ਪੁੱਟਣ ਵਾਲੇ ਜੱਗਾ ਸਿੰਘ ਸੰਗਤਪੁਰੀਆ ਨੂੰ ਬਚਾਅ ਕਾਰਜਾਂ ਲਈ ਜ਼ਮੀਨ ਦੇ ਹੇਠਾਂ ਭੇਜਣ ਦੀ ਮੰਗ ਕੀਤੀ। ਜਿਸ ਦਾ ਕਹਿਣਾ ਸੀ ਕਿ ਜੱਗੇ ਦਾ ਦਾਅਵਾ ਹੈ ਕਿ ਉਹ 15 ਮਿੰਟਾਂ ‘ਚ ਫਤਹਿਵੀਰ ਨੂੰ ਬਾਹਰ ਕੱਢ ਸਕਦਾ ਹੈ। ਦੱਸ ਦਈਏ ਕਿ ਜੱਗਾ ਸਿੰਘ ਸੰਗਤਪੁਰੀਆ ਖੂਹੀਆਂ ਪੁੱਟਣ ਵਾਲੇ ਨੇ ਐਨਡੀਆਰਐਫ ਦੇ ਨਾਲ ਮਿਲ ਕੇ ਕੀਤੇ ਜਾ ਰਹੇ ਬਚਾਅ ਕਾਰਜਾਂ ਵਿੱਚ ਸੌ ਫੁੱਟ ਤੱਕ ਹੱਥਾਂ ਨਾਲ ਮਿੱਟੀ ਪੁੱਟ ਕੇ ਬੱਚੇ ਨੂੰ ਬਚਾਉਣ ਲਈ ਚੱਲ ਰਹੇ ਕੰਮਾਂ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਪਰ ਪਤਾ ਲੱਗਾ ਹੈ ਕਿ ਉਹ ਇਸ ਵੇਲੇ ਬਿਮਾਰ ਹੈ।

Check Also

ਸਿੱਧੂ ਮੂਸੇਵਾਲਾ ਦੇ ਸੁਪਨੇ ਪੂਰ੍ਹੇ ਕਰਨ ਲਈ ਲਾਵਾਂਗਾ ਪੂਰੀ ਵਾਹ: ਪਿਤਾ ਬਲਕੌਰ ਸਿੰਘ

ਮਾਨਸਾ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ  ਦੇ ਪਿਤਾ ਬਲਕੌਰ ਸਿੰਘ  ਨੇ ਪਿੰਡ ਬੁਰਜ ਡਲਵਾ ‘ਚ …

Leave a Reply

Your email address will not be published.