ਫਤਹਿਵੀਰ ਦੀ ਮੌਤ ‘ਤੇ ਆਹ ਕੀ ਪੈ ਗਿਆ ਰੌਲਾ, ਬਾਦਲਾਂ ‘ਤੇ ਵੀ ਹੋਵੇਗਾ ਪਰਚਾ?

ਚੰਡੀਗੜ੍ਹ : ਪੰਜਾਬੀ ਦੀ ਇੱਕ ਕਹਾਵਤ ਹੈ “ਕੋਈ ਮਰੇ ਕੋਈ ਜੀਏ, ਸੁਥਰਾ ਘੋਲ ਪਤਾਸਾ ਪੀਏ” ਤੇ ਇੰਝ ਜਾਪਦਾ ਹੈ ਜਿਵੇਂ ਇਹ ਕਹਾਵਤ ਉਨ੍ਹਾਂ ਟੀ.ਵੀ. ਚੈੱਨਲਾਂ ਵਾਲਿਆਂ ‘ਤੇ ਬਿਲਕੁਲ ਫਿੱਟ ਬੈਠਦੀ ਹੈ ਜਿਨ੍ਹਾਂ ਨੂੰ ਉਸ ਮਾਹੌਲ ਵਿੱਚ ਵੀ ਆਪਣੇ ਚੈਨਲਾਂ ਦੀ ਰੇਟਿੰਗ (ਟੀਆਰਪੀ) ਵਧਾਉਣ ਦੀ ਪਈ ਹੋਈ ਹੈ ਜਿਸ ਮਾਹੌਲ ਵਿੱਚ ਚਾਰੇ ਪਾਸੇ ਸੁਨਾਮ ਦੇ ਪਿੰਡ ਭਗਵਾਨਪੁਰਾ ਅੰਦਰ ਇੱਕ ਬੋਰਵੈੱਲ ਵਿੱਚ ਫਸ ਕੇ 2 ਸਾਲ ਫਤਹਿਵੀਰ ਨੇ ਤੜਫ ਤੜਫ ਕੇ ਆਪਣੀ ਜਾਨ ਦੇ ਦਿੱਤੀ। ਅਜਿਹਾ ਕਿਹਾ ਜਾ ਰਿਹਾ ਹੈ ਉਨ੍ਹਾਂ ਟੀ.ਵੀ. ਚੈੱਨਲਾਂ ਵਾਲਿਆਂ ਲਈ, ਜਿਨ੍ਹਾਂ ਨੇ ਇੱਕ ਅਜਿਹੇ ਬੱਚੇ ਦੀ ਵੀਡੀਓ ਨੂੰ ਆਪਣੇ ਚੈੱਨਲਾਂ ‘ਤੇ ਦਿਖਾ ਕੇ ਫਤਹਿਵੀਰ ਦੀ ਵੀਡੀਓ ਦੱਸ ਦਿੱਤਾ, ਜਿਹੜੀ ਕਿ ਜ਼ੀਰਕਪੁਰ ਵਾਸੀ ਇੱਕ ਦਲਬੀਰ ਸਿੰਘ ਪਾਲ ਨਾਮ ਵਿਅਕਤੀ ਦੇ ਬੱਚੇ ਦੀ ਜਨਮ ਦਿਨ ਮਨਾਉਣ ਮੌਕੇ ਬਣਾਈ ਗਈ ਸੀ। ਇਸ ਗੱਲ ਬਾਰੇ ਪਤਾ ਲਗਦਿਆਂ ਹੀ ਉਸ ਬੱਚੇ ਦੇ ਪਰਿਵਾਰ ਵਾਲੇ ਭੜ੍ਹਕ ਗਏ ਜਿਨ੍ਹਾਂ ਦੇ ਬੱਚੇ ਦੀ ਵੀਡੀਓ ਨੂੰ ਫਤਹਿਵੀਰ ਦੀ ਵੀਡੀਓ ਦੱਸ ਦਿੱਤਾ ਗਿਆ ਸੀ। ਪਰਿਵਾਰ ਵੱਲੋਂ ਫਿਰ ਸ਼ੁਰੂ ਹੋਇਆ ਚੈਨਲਾਂ ਦੀਆਂ ਮਿਨਤਾਂ ਕਰਕੇ ਉਸ ਵੀਡੀਓ ਨੂੰ ਹਟਵਾਉਣ ਦਾ ਉਹ ਸਿਲਸਿਲਾ ਜਿਹੜਾ ਕਿ ਅੱਜ ਵੀ ਜਾਰੀ ਹੈ। ਇਹ ਦੁਖੀ ਪਰਿਵਾਰ ਕਹਿੰਦਾ ਹੈ ਕਿ ਕਈ ਥਾਂਈਂ ਅੱਜ ਵੀ ਉਹ ਵੀਡੀਓ ਨਹੀਂ ਹਟਾਈ ਗਈ। ਹਾਲਾਤ ਇਹ ਹਨ ਕਿ ਇਹ ਪਰਿਵਾਰ ਹੁਣ ਉਨ੍ਹਾਂ ਟੀ.ਵੀ. ਚੈਨਲਾਂ ਦੇ ਮਾਲਕਾਂ ‘ਤੇ ਪਰਚਾ ਦਰਜ ਕਰਵਾਉਣ ਜਾ ਰਿਹਾ ਹੈ ਜਿਨ੍ਹਾਂ ਨੇ ਇਨ੍ਹਾਂ ਦੇ ਬੱਚੇ ਦੀ ਵੀਡੀਓ ਨੂੰ ਫਤਹਿਵੀਰ ਦੀ ਵੀਡੀਓ ਦਸ ਕੇ ਚਲਾਉਂਦਿਆਂ ਇਨ੍ਹਾਂ ਨੂੰ ਮਾਨਸਿਕ ਤਸੀਹੇ ਦਿੱਤੇ ਹਨ। ਦੋਸ਼ ਹੈ ਕਿ ਇਨ੍ਹਾਂ ਟੀ.ਵੀ. ਚੈਨਲਾਂ ਵਿੱਚੋਂ ਇੱਕ ਹੈ ਉਹ ਪੀਟੀਸੀ ਜਿਸ ਦੀ ਮਾਲਕੀ ਦੇ ਸ਼ੇਅਰ ਬਾਦਲ ਪਰਿਵਾਰ ਕੋਲ ਵੀ ਹਨ। ਇਸ ਤੋਂ ਇਲਾਵਾ ਇਸ ਵੀਡੀਓ ਨੂੰ ਨਿਊਜ਼ 18 ਪੰਜਾਬ, ਪੇਂਡੂ ਚੈਨਲ, ਅੱਗ ਬਾਣੀ, ਅਤੇ ਪੰਜਾਬੀ ਨਿਊਜ਼ ਤੋਂ ਇਲਾਵਾ ਹੋਰ ਕਈ ਚੈੱਨਲਾਂ ਵੱਲੋਂ ਚਲਾਏ ਜਾਣ ਦੇ ਦੋਸ਼ ਵੀ ਪਰਿਵਾਰ ਵੱਲੋਂ ਲਾਏ ਜਾ ਰਹੇ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਜਿਉਂ ਹੀ ਇਹ ਵੀਡੀਓ ਟੀ.ਵੀ. ਚੈੱਨਲਾਂ ‘ਤੇ ਚੱਲੀ, ਉਸੇ ਵੇਲੇ ਇਸ ਵੀਡੀਓ ਨੂੰ ਦੇਖ ਕੇ ਦਲਬੀਰ ਸਿੰਘ ਪਾਲ ਦੇ ਰਿਸ਼ਤੇਦਾਰਾਂ ਅਤੇ ਜਾਣਕਾਰਾਂ ਨੇ ਉਨ੍ਹਾਂ ਨੂੰ ਫੋਨ ਕਰ ਕਰ ਕੇ ਇਹ ਦੱਸਣਾ ਸ਼ੁਰੂ ਕਰ ਦਿੱਤਾ ਕਿ ਤੁਹਾਡੇ ਬੱਚੇ ਦੀ ਵੀਡੀਓ ਫਤਹਿਵੀਰ ਦੀ ਵੀਡੀਓ ਦੱਸ ਕੇ ਟੀ.ਵੀ. ਚੈੱਨਲਾਂ ‘ਤੇ ਚਲਾਈ ਜਾ ਰਹੀ ਹੈ। ਇਸ ਤੋਂ ਤੁਰੰਤ ਬਾਅਦ ਜਦੋਂ ਦਲਬੀਰ ਸਿੰਘ ਪਾਲ ਨੇ ਆਪ ਖੁਦ ਇਹ ਵੀਡੀਓ ਟੀ.ਵੀ. ਚੈਨਲਾਂ ‘ਤੇ ਚਲਦੀ ਦੇਖੀ ਤਾਂ ਉਨ੍ਹਾਂ ਸੋਚਿਆ ਕਿ ਸ਼ਾਇਦ ਇਹ ਗਲਤੀ ਨਾਲ ਟੀ.ਵੀ. ‘ਤੇ ਚੱਲ ਰਹੀ ਹੈ ਤੇ ਉਨ੍ਹਾਂ ਨੇ ਇਸ ਨੂੰ ਹਟਾਉਣ ਲਈ ਟੀ.ਵੀ ਚੈਨਲ ਵਾਲਿਆਂ ਨਾਲ ਸੰਪਰਕ ਵੀ ਸਾਧਿਆ, ਪਰ ਦੋਸ਼ ਹੈ ਕਿ ਉਨ੍ਹਾਂ ਟੀ.ਵੀ ਚੈਨਲ ਵਾਲਿਆਂ ਨੇ ਦਲਬੀਰ ਸਿੰਘ ਦੀ ਇੱਕ ਨਾ ਸੁਣੀ ਤੇ ਉਨ੍ਹਾਂ ਨੂੰ ਮਾਨਸਿਕ ਤਸ਼ੱਦਦ ਝੱਲਣਾ ਪਿਆ। ਦਲਬੀਰ ਸਿੰਘ ਪਾਲ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਦੋਸ਼ ਲਾਉਂਦੇ ਹਨ ਕਿ ਉਨ੍ਹਾਂ ਦੇ ਬੱਚੇ ਦੀ ਇਹ ਵੀਡੀਓ ਤੇ ਫੋਟੋਆਂ ਫੇਸਬੁੱਕ ਤੋਂ ਚੁੱਕ ਕੇ ਚੈਨਲ ਵਾਲਿਆਂ ਨੇ ਬੋਰਵੈੱਲ ‘ਚ ਫਸੇ ਫਤਹਿਵੀਰ ਦੀ ਵੀਡੀਓ ਦੱਸ ਕੇ ਚਲਾਉਣਾ ਸ਼ੁਰੂ ਕਰ ਦਿੱਤਾ, ਤਾਂ ਕਿ ਉਹ ਆਪਣੇ ਚੈੱਨਲ ਦੀ ਟੀਆਰਪੀ ਵਧਾ ਸਕਣ। ਉਨ੍ਹਾਂ ਦਾਅਵਾ ਕੀਤਾ ਕਿ  ਇਸ ਵੀਡੀਓ ਨੂੰ ਲੱਖਾਂ ਲੋਕਾਂ ਨੇ ਦੇਖਿਆ ਤੇ ਉਸ ‘ਤੇ ਕਮੈਂਟ ਵੀ ਕੀਤੇ ਹਨ।

ਮਿਲੀ ਜਾਣਕਾਰੀ ਅਨੁਸਾਰ ਦਲਬੀਰ ਸਿੰਘ ਨੇ ਇਸ ਸਬੰਧੀ ਬਾਦਲਾਂ ਦੇ ਚੈੱਨਲ ਵਾਲਿਆਂ ਨਾਲ ਵੀ ਫੋਨ ‘ਤੇ ਕਈ ਵਾਰ ਗੱਲਬਾਤ ਕੀਤੀ, ਪਰ ਉਨ੍ਹਾਂ ਨੇ ਇਸ ਵੀਡੀਓ ਨੂੰ ਹਟਾਂਉਣ ਤੋਂ ਮਨ੍ਹਾਂ ਕਰ ਦਿੱਤਾ ਤੇ ਦਿੱਲੀ ਗੱਲ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਬਾਅਦ ਵਿੱਚ ਇਹ ਵੀਡੀਓ ਹਟਾ ਤਾਂ ਦਿੱਤੀ ਗਈ ਪਰ ਕਈ ਥਾਂਈ ਲਾਇਵ ਚੱਲੀ ਵੀਡੀਓ ਵਿੱਚ ਅਜੇ ਵੀ ਯੂਟਿਊਬ ‘ਤੇ ਮੌਜੂਦ ਹੈ। ਦਲਬੀਰ ਸਿੰਘ ਪਾਲ ਅਨੁਸਾਰ ਉਹ ਇਸ ਸਬੰਧੀ ਇੱਕ ਲਿਖਤੀ ਸ਼ਿਕਾਇਤ ਐਸਐਸਪੀ ਮੁਹਾਲੀ ਨੂੰ ਦੇਣ ਜਾ ਰਹੇ ਤਾਂ ਕਿ ਉਹ ਇਨ੍ਹਾਂ ਟੀ.ਵੀ. ਚੈੱਨਲਾਂ ਵਾਲਿਆਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਦਿਆਂ ਪਰਚਾ ਦਰਜ ਕਰਕੇ ਉਨ੍ਹਾਂ ਨੂੰ ਇਨਸਾਫ ਦੇਣ।

Check Also

ਸਿੱਧੂ ਮੂਸੇਵਾਲਾ ਦੇ ਸੁਪਨੇ ਪੂਰ੍ਹੇ ਕਰਨ ਲਈ ਲਾਵਾਂਗਾ ਪੂਰੀ ਵਾਹ: ਪਿਤਾ ਬਲਕੌਰ ਸਿੰਘ

ਮਾਨਸਾ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ  ਦੇ ਪਿਤਾ ਬਲਕੌਰ ਸਿੰਘ  ਨੇ ਪਿੰਡ ਬੁਰਜ ਡਲਵਾ ‘ਚ …

Leave a Reply

Your email address will not be published.