ਬਠਿੰਡਾ : ਮੌਜੂਦਾ ਚੋਣਾਂ ਦੌਰਾਨ ਪੰਜਾਬ ਕਾਂਗਰਸ ਨੇ ਸੂਬੇ ਦੇ ਕੈਬਨਿੱਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਬੇਸ਼ੱਕ ਸਟਾਰ ਪ੍ਰਚਾਰਕ ਵਜੋਂ ਸੂਬੇ ਵਿੱਚ ਪ੍ਰਚਾਰ ਕਰਨ ਲਈ ਅਜੇ ਤੱਕ ਕੋਈ ਪ੍ਰੋਗਰਾਮ ਨਹੀਂ ਦਿੱਤਾ ਹੈ, ਪਰ ਇਸ ਦੇ ਬਾਵਜੂਦ ਸ. ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਆਉਣ ਵਾਲੇ ਸਮੇਂ ਵਿੱਚ ਬਠਿੰਡਾ ਤੋਂ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦੀ ਨਜਰ ਆਵੇਗੀ। ਡਾ. ਸਿੱਧੂ ਦਾ 1 ਅਤੇ 2 ਮਈ ਨੂੰ ਬਠਿੰਡਾ ਵਿਖੇ ਪ੍ਰਚਾਰ ਕਰਨ ਦਾ ਪ੍ਰੋਗਰਾਮ ਹੈ, ਤੇ ਸਿੱਧੂ ਦੇ ਬਠਿੰਡਾ ਆ ਕੇ ਪ੍ਰਚਾਰ ਕਰਨ ਦੀ ਖ਼ਬਰ ਨੇ ਕਾਂਗਰਸੀ ਵਰਕਰਾਂ ਅੰਦਰ ਨਵਾਂ ਜੋਸ਼ ਭਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਕਾਂਗਰਸ ਵੱਲੋਂ ਜਿਹੜੇ 40 ਸਟਾਰ ਪ੍ਰਚਾਰਕਾਂ ਦਾ ਪੈਨਲ ਤਿਆਰ ਕੀਤਾ ਗਿਆ ਹੈ, ਉਸ ਵਿੱਚ ਡਾ. ਨਵਜੋਤ ਕੌਰ ਸਿੱਧੂ ਦਾ ਨਾਮ ਨਹੀਂ ਸੀ, ਪਰ ਇਸ ਦੇ ਬਾਵਜੂਦ ਡਾ. ਸਿੱਧੂ ਇੱਕ ਚੰਗੇ ਬੁਲਾਰੇ ਅਤੇ ਉਨ੍ਹਾਂ ਦਾ ਪੰਜਾਬ ਅੰਦਰ ਚੰਗਾ ਪ੍ਰਭਾਵ ਹੋਣ ਕਾਰਨ ਉਨ੍ਹਾਂ ਨੂੰ ਇੱਥੇ ਪ੍ਰਚਾਰ ਕਰਨ ਆਉਣ ਲਈ ਸੱਦਾ ਮਿਲਿਆ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਡਾ. ਨਵਜੋਤ ਕੌਰ ਸਿੱਧੂ ਖੁਦ ਆਪ ਲੋਕ ਸਭਾ ਹਲਕਾ ਚੰਡੀਗੜ੍ਹ ਤੋਂ ਚੋਣ ਲੜਨ ਦੇ ਚਾਹਵਾਨ ਸਨ, ਪਰ ਉੱਥੇ ਕਾਂਗਰਸ ਹਾਈ ਕਮਾਂਡ ਨੇ ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ ਨੂੰ ਟਿਕਟ ਦੇ ਦਿੱਤੀ। ਜਿਸ ਤੋਂ ਬਾਅਦ ਇਹ ਕਿਆਸ ਲਾਏ ਜਾ ਰਹੇ ਸਨ ਕਿ ਡਾ. ਨਵਜੋਤ ਕੌਰ ਸਿੱਧੂ ਨੂੰ ਪੰਜਾਬ ਕਾਂਗਰਸ ਹਰਸਿਮਰਤ ਕੌਰ ਬਾਦਲ ਦੇ ਖਿਲਾਫ ਚੋਣ ਮੈਦਾਨ ਵਿੱਚ ਉਤਾਰ ਸਕਦੀ ਹੈ, ਪਰ ਸਿੱਧੂ ਜੋੜੇ ਦੇ ਇਨ੍ਹਾਂ ਖ਼ਬਰਾਂ ਦਾ ਖੰਡਨ ਕਰਨ ਦੇ ਨਾਲ ਨਾਲ ਬਠਿੰਡਾ ਸੀਟ ‘ਤੇ ਚੋਣ ਲੜਨ ਤੋਂ ਵੀ ਇਨਕਾਰ ਕਰ ਦਿੱਤਾ ਸੀ। ਜਿਸ ਤੋਂ ਬਾਅਦ ਆਖ਼ਰਕਾਰ ਪਾਰਟੀ ਨੇ ਰਾਜਾ ਵੜਿੰਗ ਨੂੰ ਬਾਦਲਾਂ ਦੀ ਨੂੰਹ ਦੇ ਖਿਲਾਫ ਚੋਣ ਮੈਦਾਨ ਵਿੱਚ ਉਤਾਰਿਆ ਹੈ। ਡਾ. ਨਵਜੋਤ ਕੌਰ ਸਿੱਧੂ ਨੂੰ ਇੱਥੇ ਆ ਕੇ ਪ੍ਰਚਾਰ ਕਰਨ ਦਾ ਸੱਦਾ ਇਸ ਲਈ ਵੀ ਮਿਲਿਆ ਹੈ ਕਿਉਂਕਿ ਉਹ ਇਸ ਤੋਂ ਪਹਿਲਾਂ ਇਹ ਕਹਿ ਚੁਕੇ ਹਨ, ਕਿ ਜੇਕਰ ਉਨ੍ਹਾਂ ਨੂੰ ਪੰਜਾਬ ਵਿੱਚ ਕਿਤੇ ਚੋਣ ਪ੍ਰਚਾਰ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ ਤਾਂ ਉਹ ਬਠਿੰਡਾ ਹਲਕੇ ਵਿੱਚ ਚੋਣ ਪ੍ਰਚਾਰ ਕਰਨਾ ਸਭ ਤੋਂ ਵੱਧ ਪਸੰਦ ਕਰਨਗੇ।