ਜਗਤਾਰ ਸਿੰਘ ਸਿੱਧੂ
ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਲਾਨਾ ਇਜਲਾਸ ਵਿਚ ਅਕਾਲੀ ਦਲ ਸੁਧਾਰ ਲਹਿਰ ਦੇ ਪ੍ਰਧਾਨਗੀ ਦੇ ਉਮੀਦਵਾਰ ਬੀਬੀ ਜਗੀਰ ਕੌਰ ਕਿਉਂ ਹਾਰ ਗਏ? ਸਧਾਰਨ ਸ਼ਬਦਾਂ ਵਿਚ ਕੋਈ ਵੀ ਜਵਾਬ ਦੇ ਸਕਦਾ ਹੈ ਕਿ ਬੀਬੀ ਜਗੀਰ ਕੌਰ ਨੂੰ ਦਾਅਵਿਆਂ ਦੇ ਮੁਕਾਬਲੇ ਕਾਫੀ ਘੱਟ ਵੋਟਾਂ ਪਈਆਂ ਤਾਂ ਉਹ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਕੋਲੋਂ ਵੱਡੇ ਫਰਕ ਨਾਲ ਹਾਰ ਗਏ। ਇਹ ਗੱਲ ਨਤੀਜੇ ਨਾਲ ਵੀ ਸਾਹਮਣੇ ਆ ਗਈ ਹੈ ਪਰ ਸਵਾਲ ਤਾਂ ਇਹ ਹੈ ਕਿ ਬੀਬੀ ਜਗੀਰ ਕੌਰ ਹਾਰ ਕਿਉਂ ਗਏ ਜਦੋਂ ਕਿ ਕਿਹਾ ਜਾ ਰਿਹਾ ਸੀ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਿੰਘ ਸਾਹਿਬਾਨ ਨੇ ਤਨਖਾਹੀਆ ਕਰਾਰ ਦਿੱਤੇ ਹੋਏ ਹਨ ਅਤੇ ਕਮੇਟੀ ਮੈਂਬਰਾਂ ਵਿਚ ਬਾਦਲਾਂ ਪ੍ਰਤੀ ਬਹੁਤ ਗੁਸਾ ਹੈ। ਇਹ ਗੱਲ ਕੇਵਲ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਹੀ ਨਹੀਂ ਆਖ ਰਹੇ ਸਨ ਸਗੋ ਹਾਕਮ ਧਿਰ ਆਪ, ਵਿਰੋਧੀ ਧਿਰ ਕਾਂਗਰਸ ਅਤੇ ਕੇਂਦਰ ਦੀ ਹਾਕਮ ਧਿਰ ਭਾਜਪਾ ਦੇ ਨੇਤਾ ਵੀ ਆਖ ਰਹੇ ਸਨ। ਦੂਜੇ ਪਾਸੇ ਅਕਾਲੀ ਦਲ ਦੇ ਆਗੂ ਲਗਾਤਾਰ ਆਖ ਰਹੇ ਸਨ ਕਿ ਭਾਜਪਾ ਦੂਜੇ ਸੂਬਿਆਂ ਵਾਂਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਿੱਚ ਸਿੱਧਾ ਦਖਲ ਦੇਣ ਦੀ ਸਾਜਿਸ਼ ਕਰ ਰਹੀ ਹੈ। ਅਕਾਲੀ ਦਲ ਇਹ ਵੀ ਦੋਸ਼ ਲਾਉਂਦਾ ਰਿਹਾ ਕਿ ਆਪ ਅਤੇ ਭਾਜਪਾ ਪੈਸੇ ਦੇ ਜੋਰ ਨਾਲ ਮੈਂਬਰ ਖਰੀਦਣ ਦੀ ਕੋਸ਼ਿਸ਼ ਕਰ ਰਹੇ ਹਨ।
ਸਵਾਲ ਤਾਂ ਇਹ ਵੀ ਹੈ ਕਿ ਜਦੋਂ ਦੇਸ਼ ਸਮੇਤ ਪੰਜਾਬ ਦੀ ਰਾਜਨੀਤੀ ਵਿਚ ਐਨਾ ਨਿਘਾਰ ਆ ਗਿਆ ਹੋਵੇ ਕਿ ਨੇਤਾ ਦਿਨੇ ਕਿਸੇ ਨਾਲ ਅਤੇ ਸ਼ਾਮ ਨੂੰ ਕਿਸੇ ਹੋਰ ਨਾਲ ਚਲਿਆ ਜਾਵੇ ਤਾਂ ਰਾਜਨੀਤੀ ਵਿਚ ਕੁਝ ਵੀ ਸੰਭਵ ਹੈ।ਵਿਧਾਇਕੀ, ਪਾਰਲੀਮੈਂਟ ਮੈਂਬਰੀ ਅਤੇ ਵਜੀਰੀਆਂ ਦੇ ਲਾਲਚ ਵਿਚ ਜਦੋਂ ਬੇਰਾਂ ਵਾਂਗ ਨੇਤਾ ਵਿਕ ਰਹੇ ਹੋਣ ਅਤੇ ਨਵੀਂ ਪਾਰਟੀ ਵਿਚ ਜਾਂਦੇ ਹੀ ਪੁਰਾਣੀ ਪਾਰਟੀ ਬਾਰੇ ਜੋ ਬੁਰਾ ਬੋਲਣ ਦੀ ਕਸਰ ਨਾ ਛੱਡਣ ਤਾਂ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਲਾਨਾ ਚੋਣ ਵਿਚ ਨਤੀਜਿਆਂ ਮੁਤਾਬਿਕ ਅਜਿਹਾ ਕੁਝ ਵੀ ਨਾ ਵਾਪਰਿਆ? ਉਲਟਾ ਬੀਬੀ ਜਗੀਰ ਕੌਰ ਨੂੰ ਪਿਛਲੇ ਮੁਕਾਬਲੇ ਵਿੱਚ ਤਾਂ 42 ਵੋਟ ਮਿਲ ਗਏ ਸਨ ਪਰ ਇਸ ਵਾਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ 107 ਵੋਟਾਂ ਮਿਲੀਆਂ ਜਦੋਂ ਕਿ ਬੀਬੀ ਜਗੀਰ ਕੌਰ ਦੀਆਂ ਵੋਟਾਂ 33 ਹੀ ਰਹਿ ਗਈਆਂ। ਕੀ ਸੁਖਬੀਰ ਬਾਦਲ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ ਨੇ ਪਾਸਾ ਨਹੀਂ ਪਲਟਿਆ? ਨਹੀਂ ! ਅਜਿਹਾ ਨਹੀਂ ਸੀ! ਜੇਕਰ ਅਜਿਹਾ ਹੁੰਦਾ ਤਾਂ ਪਾਰਟੀ ਜਿਮਨੀ ਚੋਣਾਂ ਵੇਲੇ ਬੰਦ ਦਰਵਾਜਿਆਂ ਪਿੱਛੇ ਘਰੀਂ ਨਾ ਬੈਠਦੀ!ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ ਨੇ ਦੱਸ ਦਿਤਾ ਕਿ ਗੁਰੂ ਘਰਾਂ ਦੀ ਸੇਵਾ ਸੰਭਾਲ ਵਾਲੇ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਦੇ ਮੈਂਬਰ ਬੇਰਾਂ ਵਾਂਗ ਵਿੱਕਣ ਵਾਲੇ ਰਾਜਸੀ ਨੇਤਾਵਾਂ ਨਾਲੋਂ ਕਿਤੇ ਵਧੇਰੇ ਚੰਗੇ ਕਿਰਦਾਰ ਵਾਲੇ ਹਨ। ਬੀਬੀ ਜਗੀਰ ਕੌਰ ਸੁਭਾਵਿਕ ਤੌਰ ਤੇ ਗੁਸੇ ਵਿਚ ਕਮੇਟੀ ਮੈਂਬਰਾਂ ਬਾਰੇ ਸਖਤ ਟਿੱਪਣੀ ਕਰ ਗਏ ਪਰ ਕਮੇਟੀ ਮੈਂਬਰਾਂ ਨੇ ਰਾਜਸੀ ਨੇਤਾਵਾਂ ਨੂੰ ਵੀ ਦਸ ਦਿਤਾ ਕਿ ਮਰੀਆਂ ਜਮੀਰਾਂ ਵਾਲੇ ਜਮੀਰ ਵਾਲਿਆਂ ਦਾ ਸੌਦਾ ਹੀ ਨਹੀਂ ਕਰ ਸਕਦੇ। ਇਹ ਗੁਰੂਘਰਾਂ ਅਤੇ ਮਰਿਯਾਦਾ ਦੀ ਸੰਭਾਲ ਨੂੰ ਲੈ ਕੇ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਦੇ ਮੈਂਬਰਾਂ ਦਾ ਫਤਵਾ ਹੈ । ਇਹ ਫਤਵਾ ਬੀਬੀ ਜਗੀਰ ਕੌਰ ਨੂੰ ਹਰਾਉਣ ਅਤੇ ਸੁਖਬੀਰ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਨੂੰ ਹੁਲਾਰਾ ਦੇਣ ਵਰਗੇ ਰਵਾਇਤੀ ਸਵਾਲਾਂ ਨਾਲੋਂ ਕਿੱਤੇ ਵੱਡਾ ਹੈ !
ਸੰਪਰਕਃ 9814002186