ਜਲੰਧਰ : ਕਾਂਗਰਸ ਪਾਰਟੀ ਦੇ ਸਟਾਰ ਪ੍ਰਚਾਰਕ ਅਤੇ ਪੰਜਾਬ ਦੇ ਕੈਬਨਿੱਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ, ਕਿ ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਪੰਜਾਬ ਦੇ ਕਿਸੇ ਹੋਰ ਹਲਕੇ ਤੋਂ ਚੋਣ ਨਹੀਂ ਲੜੇਗੀ। ਸਿੱਧੂ ਅਨੁਸਾਰ ਡਾ. ਸਿੱਧੂ ਨੇ ਪਾਰਟੀ ਕੋਲ ਚੰਡੀਗੜ੍ਹ ਤੋ ਚੋਣ ਲੜਨ ਲਈ ਦਾਅਵੇਦਾਰੀ ਪੇਸ਼ ਕੀਤੀ ਸੀ, ਪਰ ਜੇਕਰ ਹਾਈ ਕਮਾਂਡ ਨੂੰ ਅਜਿਹਾ ਮਨਜ਼ੂਰ ਨਹੀਂ ਹੈ, ਤਾਂ ਉਨ੍ਹਾਂ ਨੂੰ ਇਸ ਦਾ ਨਾ ਤਾਂ ਕੋਈ ਮਲਾਲ ਹੈ ਤੇ ਨਾ ਹੀ ਗੁੱਸਾ। ਨਵਜੋਤ ਸਿੱਧੂ ਇੱਥੇ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ।
ਨਵਜੋਤ ਸਿੰਘ ਸਿੱਧੂ ਨੇ ਇਸ ਗੱਲਬਾਤ ਦੌਰਾਨ ਉਨ੍ਹਾਂ ਖ਼ਬਰਾਂ ਦਾ ਖੰਡਨ ਕੀਤਾ ਸੀ, ਜਿਸ ਵਿੱਚ ਉਨ੍ਹਾਂ (ਸਿੱਧੂ) ਬਾਰੇ ਕਿਹਾ ਗਿਆ ਸੀ, ਕਿ ਉਹ ਟਿਕਟ ਮੰਗਣ ਲਈ ਹਾਈ ਕਮਾਂਡ ਕੋਲ ਗਿਆ ਸੀ। ਉਨ੍ਹਾਂ ਕਿਹਾ, ਕਿ ਹੁਣ ਪਾਰਟੀ ਨੇ ਚੰਡੀਗੜ੍ਹ ਤੋਂ ਪਵਨ ਬਾਂਸਲ ਵਿੱਚ ਭਰੋਸਾ ਜਤਾਇਆ ਹੈ ਇਸ ਲਈ ਉਹ ਬਾਂਸਲ ਦੀ ਚੋਣਾਂ ਦੌਰਾਨ ਪੂਰੀ ਮਦਦ ਕਰਨਗੇ, ਕਿਉਂਕਿ ਉਨ੍ਹਾਂ ਦਾ ਟੀਚਾ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਉਣਾ ਹੈ, ਜਿਹੜਾ ਕਿ ਤਾਂ ਹੀ ਪੂਰਾ ਹੋ ਸਕਦਾ ਹੈ, ਜੇਕਰ ਉਹ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਵਾਉਣਗੇ।
ਸੂਬਾ ਦੇ ਕਾਂਗਰਸ ਉਮੀਦਵਾਰਾਂ ਦੇ ਨਾਮਾਂ ਦੇ ਐਲਾਨ ਤੋਂ ਬਾਅਦ ਪਾਰਟੀ ਅੰਦਰ ਉਠ ਰਹੇ ਬਗਾਵਤੀ ਸੁਰਾਂ ਦਾ ਜ਼ਿਕਰ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਕਿਹਾ, ਕਿ ਉਹ ਇਹ ਸਮਝ ਸਕਦੇ ਹਨ, ਕਿ ਪਾਰਟੀ ਅੰਦਰ ਹਰ ਕੋਈ ਸਨਮਾਨ ਭਾਲਦਾ ਹੈ, ਜਿਹੜਾ ਕਿ ਉਨ੍ਹਾਂ ਨੂੰ ਮਿਲਣਾ ਵੀ ਚਾਹੀਦਾ ਹੈ। ਉਨ੍ਹਾਂ ਕਿਹਾ, ਕਿ ਇਹ ਚੰਗੀ ਗੱਲ ਹੈ ਕਿ ਸੇਵਾ ਕਰਨ ਲਈ ਲੋਕ ਵੱਧ ਤੋਂ ਵੱਧ ਅੱਗੇ ਆ ਰਹੇ ਹਨ ਤੇ ਜਿਹੜੇ ਸੇਵਾ ਕਰਨਾ ਚਾਹੁੰਦੇ ਹਨ ਉਨ੍ਹਾਂ ਨੂੰ ਮੌਕਾ ਮਿਲਣਾ ਚਾਹੀਦਾ ਹੈ। ਇਸ ਮੌਕੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਮਹਿੰਦਰ ਸਿੰਘ ਕੇਪੀ ਦਾ ਜ਼ਿਕਰ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਵਿੱਚ ਖਾਸ ਸਥਾਨ ਰੱਖਦੇ ਹਨ, ਤੇ ਅਜਿਹੇ ਆਗੂਆਂ ਨੂੰ ਮਨਾਉਣਾ ਸਾਰੀ ਪਾਰਟੀ ਦੀ ਜਿੰਮੇਵਾਰੀ ਬਣਦੀ ਹੈ, ਲਿਹਾਜਾ ਉਹ ਖੁਦ ਮਹਿੰਦਰ ਸਿੰਘ ਕੇਪੀ ਦੇ ਘਰ ਜਾ ਕੇ ਉਨ੍ਹਾਂ ਨੂੰ ਮਨਾਉਣਗੇ।