ਪਟਿਆਲਾ : ਜਿਉਂ ਜਿਉਂ ਲੋਕ ਸਭਾ ਚੋਣਾਂ ਦੀਆਂ ਵੋਟਾਂ ਪਾਏ ਜਾਣ ਦਾ ਦਿਨ ਨਜ਼ਦੀਕ ਆਉਂਦਾ ਜਾ ਰਿਹਾ ਹੈ, ਸੂਬੇ ਦੇ ਸਿਆਸੀ ਹਾਲਾਤ ਬੜੀ ਤੇਜੀ ਨਾਂਲ ਬਦਲਦੇ ਜਾ ਰਹੇ ਹਨ। ਇਨ੍ਹਾਂ ਬਦਲੇ ਹੋਏ ਹਾਲਾਤਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਲੋਕ ਸਭਾ ਹਲਕਾ ਪਟਿਆਲਾ ਤੋਂ ਨਵਾਂ ਪੰਜਾਬ ਪਾਰਟੀ ਅਤੇ ਪੰਜਾਬ ਜਮਹੂਰੀ ਗੱਠਜੋੜ ਦੇ ਸਾਂਝੇ ਉਮੀਦਵਾਰ ਡਾ. ਧਰਮਵੀਰ ਗਾਂਧੀ ਨੂੰ ਹਿਮਾਇਤ ਕਰਨ ਦਾ ਐਲਾਨ ਕਰ ਦਿੱਤਾ ਹੈ। ਟਕਸਾਲੀਆਂ ਦਾ ਕਹਿਣਾ ਹੈ ਕਿ ਉਹ ਆਪਣੇ ਸਮਰਥਕਾਂ ਨੂੰ ਡਾ. ਗਾਂਧੀ ਦੇ ਹੱਕ ਵਿੱਚ ਵੋਟਾਂ ਪਾਉਣ ਲਈ ਕਹਿਣਗੇ ਤਾਂ ਜਰੂਰ ਪਰ ਇਸ ਦੇ ਬਾਵਜੂਦ ਉਹ ਡਾ. ਧਰਮਵੀਰ ਗਾਂਧੀ ਦੇ ਚੋਣ ਏਜੰਡੇ ਵਿੱਚ ਸ਼ਾਮਲ ਅਫੀਮ, ਭੁੱਕੀ ਦੀ ਖੇਤੀ ਤੇ ਇਨ੍ਹਾਂ ਦੇ ਸਰਕਾਰੀ ਠੇਕੇ ਖੋਲ੍ਹੇ ਜਾਣ ਦੀ ਮੰਗ ਦੇ ਹਿਮਾਇਤੀ ਨਹੀਂ ਹਨ।
ਅਕਾਲੀ ਦਲ ਟਕਸਾਲੀ ਵੱਲੋਂ ਡਾ. ਗਾਂਧੀ ਨੂੰ ਹਿਮਾਇਤ ਦੇਣ ਦਾ ਇਹ ਐਲਾਨ ਪਾਰਟੀ ਆਗੂ ਸੇਵਾ ਸਿੰਘ ਸੇਖਵਾਂ, ਗੁਰਸੇਵਕ ਸਿੰਘ ਹਰਪਾਲਪੁਰ, ਤੇ ਕਰਨੈਲ ਸਿੰਘ ਪੀਰ ਮੁਹੰਮਦ ਨੇ ਡਾ. ਗਾਂਧੀ ਦੇ ਘਰ ਆਪ ਖੁਦ ਜਾ ਕੇ ਕੀਤਾ। ਜ਼ਿਕਰਯੋਗ ਹੈ ਕਿ ਜਿਸ ਪੰਜਾਬ ਜਮਹੂਰੀ ਗੱਠਜੋੜ ਵੱਲੋਂ ਡਾ. ਧਰਮਵੀਰ ਗਾਂਧੀ ਇਹ ਚੋਣ ਲੜ ਰਹੇ ਹਨ ਉਸ ਵਿੱਚ ਪਹਿਲਾਂ ਹੀ ਪੰਜਾਬ ਏਕਤਾ ਪਾਰਟੀ, ਲੋਕ ਇਨਸਾਫ ਪਾਰਟੀ, ਬਹੁਜਨ ਸਮਾਜ ਪਾਰਟੀ, ਸੀਪੀਆਈ, ਆਰਐਮਪੀਆਈ ਤੋਂ ਇਲਾਵਾ ਕਈ ਕਿਸਾਨ ਅਤੇ ਸਮਾਜ ਸੇਵੀ ਜਥੇਬੰਦੀਆਂ ਨੇ ਵੀ ਸ਼ਮੂਲੀਅਤ ਕੀਤੀ ਹੋਈ ਹੈ। ਇੱਥੇ ਬੋਲਦਿਆਂ ਟਕਸਾਲੀ ਅਕਾਲੀ ਦਲ ਦੇ ਸਕੱਤਰ ਜਨਰਲ ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਉਹ ਐਲਾਨ ਪਾਰਟੀ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਦੀ ਸਹਿਮਤੀ ਤੋਂ ਬਾਅਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਟਕਸਾਲੀ ਅਕਾਲੀ ਦਲ ਦਾ ਅਜੇ ਤੱਕ ਪਟਿਆਲਾ ਅੰਦਰ ਕੋਈ ਜਥੇਬੰਦਕ ਢਾਂਚਾ ਨਹੀਂ ਹੈ, ਪਰ ਇਸ ਦੇ ਬਾਵਜੂਦ ਪਟਿਆਲਾ ਅੰਦਰ ਵੱਡੀ ਤਦਾਦ ਵਿੱਚ ਟਕਸਾਲੀ ਅਕਾਲੀ ਦਲ ਸਮਰਥਕ ਮੌਜੂਦ ਹਨ। ਇੱਥੇ ਹੀ ਜਦੋਂ ਪੱਤਰਕਾਰਾਂ ਨੇ ਸੇਵਾ ਸਿੰਘ ਸੇਖਵਾਂ ਨੂੰ ਇਹ ਪੁੱਛ ਲਿਆ ਕਿ ਡਾ. ਗਾਂਧੀ ਵੱਲੋਂ ਅਫੀਮ ਤੇ ਭੁੱਕੀ ਦੀ ਖੇਤੀ ਕੀਤੇ ਜਾਣ ਵਾਲੀ ਮੰਗ ਦਾ ਕੀ ਤੁਸੀਂ ਸਮਰਥਨ ਕਰੋਂਗੇ? ਤਾਂ ਉਨ੍ਹਾਂ ਨੇ ਖਹਿੜਾ ਛੁਡਵਾਉਣ ਵਾਲੇ ਅੰਦਾਜ ‘ਚ ਕਿਹਾ ਕਿ ਨਸ਼ਿਆ ਦੇ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਡਾ. ਧਰਮਵੀਰ ਗਾਂਧੀ ਨਾਲ ਬਿਲਕੁਲ ਸਹਿਮਤ ਨਹੀਂ ਹੈ। ਉਨ੍ਹਾਂ ਕਿਹਾ ਕਿ ਅਫੀਮ ਭੁੱਕੀ ਤੇ ਇਸੇ ਦੇ ਠੇਕੇ ਖੋਲਣ ਵਾਲੀ ਮੰਗ ਡਾ. ਗਾਂਧੀ ਦੀ ਨਿੱਜੀ ਸੋਚ ਹੈ, ਤੇ ਅਜਿਹੇ ਚੋਣ ਏਜੰਡੇ ਨਾਲ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵੱਲੋਂ ਕੋਈ ਲੈਣਾ ਦੇਣਾ ਨਹੀਂ ਹੈ।
ਟਕਸਾਲੀਆਂ ਵੱਲੋਂ ਡਾ. ਗਾਂਧੀ ਨੂੰ ਹਿਮਾਇਤ ਕਰਨ ਅਤੇ ਅਫੀਮ ਭੁੱਕੀ ਦੀ ਖੇਤੀ ਦਾ ਵਿਰੋਧ ਕਰਨ ਨਾਲ ਲੋਕ ਭੰਬਲਭੂਸੇ ‘ਚ ਪੈ ਗਏ ਹਨ ਕਿਉਂਕਿ ਜੇਕਰ ਉਹ ਅਫੀਮ, ਭੁੱਕੀ ਦੀ ਖੇਤੀ ਦੇ ਵਿਰੋਧੀ ਹਨ(ਟਕਸਾਲੀਆਂ ਦੇ ਸਮਰਥਕ) ਤਾਂ ਉਹ ਡਾ. ਗਾਂਧੀ ਨੂੰ ਵੋਟ ਨਹੀਂ ਪਾ ਸਕਦੇ ਤੇ ਜੇ ਉਹ ਅਫੀਮ, ਭੁੱਕੀ ਦੇ ਸਮਰਥਕ ਹਨ ਤਾਂ ਉਨ੍ਹਾਂ ਨੂੰ ਇਹ ਪਸੰਦ ਨਹੀਂ ਆਵੇਗਾ ਕਿ ਡਾ. ਗਾਂਧੀ ਉਸ ਪਾਰਟੀ ਦਾ ਸਮਰਥਨ ਲੈਣ ਜੋ ਕਿ ਅਫੀਮ ਭੁੱਕੀ ਦੀ ਖੇਤੀ ਤੇ ਇਸ ਦੇ ਠੇਕੇ ਖੋਲ੍ਹੇ ਜਾਣ ਦਾ ਵਿਰੋਧ ਕਰਦੀ ਹੈ। ਕੁੱਲ ਮਿਲਾ ਕੇ ਟਕਸਾਲੀਆਂ ਵੱਲੋਂ ਦਿੱਤੇ ਗਏ ਇਸ ਦੋਹਰੇ ਬਿਆਨ ਤੋਂ ਬਾਅਦ ਨਾ ਤਾਂ ਉਹ ਲੋਕ ਸੰਤੁਸ਼ਟ ਹੋਏ ਜਿਹੜੇ ਕਿ ਅਫੀਮ ਭੁੱਕੀ ਦੀ ਖੇਤੀ ਦੇ ਹਿਮਾਇਤੀ ਹਨ, ਤੇ ਨਾ ਹੀ ਉਹ ਲੋਕ, ਜਿਹੜੇ ਇਸ ਦੇ ਸਮਰਥਕ ਨਹੀਂ ਹਨ, ਕਿਉਂਕਿ ਸਿਆਸੀ ਮਾਹਰਾਂ ਅਨੁਸਾਰ ਟਕਸਾਲੀਆਂ ਨੂੰ ਆਪਣਾ ਇੱਕ ਸਟੈਂਡ ਰੱਖਣਾ ਹੀ ਪੈਣਾ ਹੈ। ਜਾਂ ਤਾਂ ਉਹ ਅਫੀਮ, ਭੁੱਕੀ ਦੀ ਖੇਤੀ ਅਤੇ ਇਨ੍ਹਾਂ ਵਸਤਾਂ ਦੇ ਠੇਕੇ ਖੋਲ੍ਹੇ ਜਾਣ ਦਾ ਸਮਰਥਨ ਕਰਨ, ਤੇ ਉਨ੍ਹਾਂ ਲੋਕਾਂ ਨੂੰ ਆਪਣੇ ਨਾਲ ਜੋੜਨ ਜਿਹੜੇ ਇਨ੍ਹਾਂ ਵਸਤਾਂ ਦੇ ਚਾਹਵਾਨ ਹਨ। ਜਾਂ ਫਿਰ ਉਹ ਇਨ੍ਹਾਂ ਚੀਜ਼ਾਂ ਦੇ ਬਿਲਕੁਲ ਖਿਲਾਫ ਹੋ ਜਾਣ (ਡਾ. ਗਾਂਧੀ ਦਾ ਸਮਰਥਨ ਨਾ ਕਰਨ) ਤੇ ਉਨ੍ਹਾਂ ਲੋਕਾਂ ਨੂੰ ਆਪਣੇ ਨਾਲ ਜੋੜਨ ਜੋ ਇਸ ਚੀਜ ਦੇ ਬਿਲਕੁਲ ਖਿਲਾਫ ਹਨ, ਨਹੀਂ ਤਾਂ ਦੋਵੇਂ ਤਰ੍ਹਾਂ ਦੇ ਲੋਕ ਅਸੰਤੁਸ਼ਟ ਰਹਿਣਗੇ ਤੇ ਪਾਰਟੀ ਨੂੰ ਨੁਕਸਾਨ ਹੋਵੇਗਾ, ਕਿਉਂਕਿ ਪੁਰਾਣੀ ਕਹਾਵਤ ਹੈ ਕਿ ਦੋ ਬੇੜੀਆਂ ਦਾ ਸਵਾਰ ਅਕਸਰ ਡੁੱਬ ਜਾਇਆ ਕਰਦਾ ਹੈ ਤੇ ਟਕਸਾਲੀਆਂ ਨੇ ਤਾਂ ਅਜੇ ਆਪਣੀ ਨਵੀਂ ਪਾਰਟੀ ਵਾਲੀ ਬੇੜੀ ਹੁਣੇ ਹੁਣੇ ਸਿਆਸਤ ਦੇ ਸਮੁੰਦਰ ਵਿੱਚ ਉਤਾਰੀ ਹੈ ਤੇ ਇਨ੍ਹਾਂ ਵਿੱਚੋਂ ਕੋਈ ਵੀ ਨਹੀਂ ਚਾਹੇਗਾ ਕਿ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਪਾਰਟੀ ਦੀ ਸਿਆਸੀ ਬੇੜੀ ਡਿੱਕ ਡੋਲੇ ਵੀ ਖਾਵੇ।