ਝੂਠੇ ਵਾਅਦੇ ਕਰਨ ਵਾਲੀਆਂ ਪਾਰਟੀਆਂ ਹੁਣ ਨਹੀਂ ਲੜ੍ਹ ਸਕਣਗੀਆਂ ਚੋਣ !

Prabhjot Kaur
4 Min Read

ਪਟਿਆਲਾ : ਦੇਸ਼ ਦੀ ਮੋਹਰੀ ਕਿਸਾਨ ਜਥੇਬੰਦੀ ਇੰਡੀਅਨ ਫਾਰਮਰਜ਼ ਐਸੋਸ਼ੀਏਸ਼ਨ ਨੇ ਇਹ ਐਲਾਨ ਕੀਤਾ ਹੈ ਕਿ ਉਹ ਜਿਹੜੀਆਂ ਪਾਰਟੀ ਚੋਣ ਮਨੋਰਥਾਂ ਰਾਹੀਂ ਲਿਖ ਕੇ ਝੂਠੇ ਵਾਅਦੇ ਕਰਕੇ ਸੱਤਾ ਹਥਿਆਉਂਦੀਆਂ ਹਨ, ਹੁਣ ਉਨ੍ਹਾਂ ਨੂੰ ਸੁੱਕਾ ਨਹੀਂ ਜਾਣ ਦਿੱਤਾ ਜਾਵੇਗਾ। ਇਸ ਕਿਸਾਨ ਜਥੇਬੰਦੀ ਨੇ ਅਜਿਹੀਆਂ ਝੂਠੀਆਂ ਅਤੇ ਧੋਖੇਬਾਜ਼ ਪਾਰਟੀਆਂ ਦੀਆਂ ਮਾਨਤਾਵਾਂ ਰੱਦ ਕਰਾਉਣ ਲਈ ਵੱਡਾ ਐਲਾਨ ਕਰ ਦਿੱਤਾ ਹੈ। ਜਥੇਬੰਦੀ ਦੇ ਪ੍ਰਧਾਨ ਸਤਨਾਮ ਸਿੰਘ ਬਹਿਰੂ ਅਨੁਸਾਰ ਆਉਂਦੀਆਂ ਲੋਕ ਸਭਾ ਚੋਣਾਂ ਦੌਰਾਨ ਸਿਆਸੀ ਪਾਰਟੀਆਂ ਆਪੋ ਆਪਣੇ ਚੋਣ ਮਨੋਰਥ ਪੱਤਰ ਅੰਦਰ ਝੂਠੇ ਵਾਅਦੇ ਲਿਖ ਕੇ ਜਨਤਾ ਨੂੰ ਗੁੰਮਰਾਹ ਕਰਨ ਦੀ ਤਿਆਰੀ ਕਰਨ ਇੰਡੀਅਨ ਫਾਰਮਰਜ਼ ਐਸੋਸ਼ੀਏਸ਼ਨ ਇਨ੍ਹਾਂ ਚੋਣ ਮਨੋਰਥ ਪੱਤਰਾਂ ਨੂੰ ਕਾਨੂੰਨੀ ਘੇਰੇ ‘ਚ ਲਿਆਉਣ ਲਈ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਏਗੀ। ਬਹਿਰੂ ਕਹਿੰਦੇ ਹਨ ਕਿ ਉਹ ਬੇਨਤੀ ਕਰਨਗੇ ਕਿ ਅਦਾਲਤ ਸਿਆਸੀ ਪਾਰਟੀਆਂ ਵੱਲੋਂ ਚੋਣ ਮਨੋਰਥ ਜਾਰੀ ਕਰਨ ਤੋਂ ਪਹਿਲਾਂ ਹੀ ਉਨ੍ਹਾਂ ਵੱਲੋਂ ਪਾਈ ਗਈ ਅਰਜ਼ੀ ‘ਤੇ ਤੇਜ਼ੀ ਨਾਲ ਸੁਣਵਾਈ ਕਰਕੇ ਫੈਸਲਾ ਦੇਵੇ ਤਾਂ ਕਿ ਉਨ੍ਹਾਂ ਸਿਆਸੀ ਪਾਰਟੀਆਂ ਦੇ ਮਨਸੂਬਿਆਂ ‘ਤੇ ਪਾਣੀ ਫੇਰਿਆ ਜਾ ਸਕੇ ਜਿਹੜੇ ਇੱਕ ਵਾਰ ਫਿਰ ਦੇਸ਼ ਦੇ ਲੋਕਾਂ ਨੂੰ ਮੂਰਖ ਬਣਾ ਕੇ ਸੱਤਾ ਹਥਿਆਉਣ ਦੀ ਤਿਆਰੀ ਵਿੱਚ ਹਨ।

ਇਸ ਸਬੰਧ ਵਿੱਚ ਗਲੋਬਲ ਪੰਜਾਬ ਟੀ.ਵੀ ਨਾਲ ਗੱਲਬਾਤ ਕਰਦਿਆਂ ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਬਹਿਰੂ ਨੇ ਦੱਸਿਆ ਕਿ ਉਹ ਆਉਣ ਵਾਲੇ ਕੁਝ ਘੰਟਿਆਂ ਵਿੱਚ ਹੀ ਆਪਣੇ ਵਕੀਲਾਂ ਰਾਹੀਂ ਸੁਪਰੀਮ ਕੋਰਟ ਵਿੱਚ ਅਰਜ਼ੀ ਦਾਖਲ ਕਰਨਗੇ। ਉਨ੍ਹਾਂ ਕਿਹਾ ਕਿ ਦੇਸ਼ ਦੇ 90 ਕਰੋੜ ਵੋਟਰਾਂ ਨਾਲ ਲਗਭਗ ਸਾਰੀਆਂ ਹੀ ਰਾਜਨੀਤਕ ਪਾਰਟੀਆਂ ਝੂਠ ਬੋਲ ਕੇ ਧੋਖਾ ਅਤੇ ਠੱਗੀ ਕਰਦੀਆਂ ਆ ਰਹੀਆਂ ਹਨ, ਤੇ ਉਨ੍ਹਾਂ ਇਸ ਠੱਗੀ ਨੂੰ ਬੰਦ ਕਰਾਉਣ ਲਈ ਅਦਾਲਤ ਵਿੱਚ ਜਾਣ ਦੀ ਠਾਣੀ ਹੈ। ਬਹਿਰੂ ਅਨੁਸਾਰ ਉਨ੍ਹਾਂ ਵੱਲੋਂ ਪਾਈ ਜਾਣ ਵਾਲੀ ਅਰਜ਼ੀ ਰਾਹੀਂ ਉਹ ਅਦਾਲਤ ਦਾ ਧਿਆਨ ਇਸ ਗੱਲ ਵੱਲ ਦਵਾਉਣਗੇ ਕਿ ਦੇਸ਼ ਭਰ ਦੀਆਂ ਰਾਜਨੀਤਕ ਪਾਰਟੀਆਂ ਚੋਣਾਂ ਦੌਰਾਨ ਵੋਟਰਾਂ ਨੂੰ ਭਰਮਾਉਣ ਲਈ ਆਪੋ ਆਪਣੇ ਚੋਣ ਮਨੋਰਥ ਪੱਤਰਾਂ ਰਾਹੀਂ ਲਿਖ ਕੇ ਅਜਿਹੇ ਵਾਅਦੇ ਕਰਦੀਆਂ ਹਨ ਕਿ ਵੋਟਰ ਉਨ੍ਹਾਂ ਵੱਲੋ ਦਿਖਾਏ ਗਏ ਸਬਜ਼-ਬਾਗ ਵਿੱਚ ਫਸ ਜਾਂਦੇ ਹਨ ਪਰ ਜਿਉਂ ਹੀ ਇਹ ਸਿਆਸੀ  ਪਾਰਟੀਆਂ ਚੋਣ ਜਿੱਤ ਜਾਂਦੀਆਂ ਹਨ ਤਾਂ ਇਹ ਆਪਣੇ ਵੱਲੋਂ ਕੀਤੇ ਵਾਅਦਿਆਂ ਨੂੰ ਮਹਿਜ਼ ਇੱਕ ਜੁਮਲਾ ਕਹਿ ਕੇ ਸ਼ਰੇਆਮ ਵਾਅਦਾ ਖਿਲਾਫੀ ਕਰਦੀਆਂ ਹਨ।

ਸਤਨਾਮ ਸਿੰਘ ਬਹਿਰੂ ਅਨੁਸਾਰ ਜਿਨ੍ਹਾਂ ਚਿਰ ਭਾਰਤੀ ਚੋਣ ਕਮਿਸ਼ਨ ਸਿਆਸੀ ਪਾਰਟੀਆਂ ਦੇ ਚੋਣ ਮਨੋਰਥ ਪੱਤਰਾਂ ਨੂੰ ਕਾਨੂੰਨੀ ਘੇਰੇ ਵਿੱਚ ਨਹੀਂ ਲਿਆਉਂਦਾ ਉਨ੍ਹਾਂ ਚਿਰ ਦੇਸ਼ ਦੇ ਲੋਕਾਂ ਨਾਲ ਇਹ ਰਾਜਨੀਤਕ ਪਾਰਟੀਆਂ ਇਸੇ ਤਰ੍ਹਾਂ ਠੱਗੀ ਠੋਰੀ ਮਾਰਦੀਆਂ ਰਹਿਣਗੀਆਂ। ਉਨ੍ਹਾਂ ਕਿਹਾ ਕਿ ਇਹੋ ਕਾਰਨ ਹੈ ਕਿ ਆਪਣੀ ਇਸ ਪਟੀਸ਼ਨ ਵਿੱਚ ਉਹ ਭਾਰਤ ਦੇ  ਚੋਣ ਕਮਿਸ਼ਨ ਨੂੰ ਵੀ ਇੱਕ ਪਾਰਟੀ ਬਣ ਕੇ ਅਦਾਲਤ ਵਿੱਚ ਜਵਾਬ ਦੇਣ ਲਈ ਸੱਦਣਗੇ ਤੇ ਸੁਝਾਅ ਦੇਣਗੇ ਕਿ ਪਾਰਟੀਆਂ ਵੱਲੋਂ ਜ਼ਾਰੀ ਕੀਤੇ ਗਏ ਇਨ੍ਹਾਂ ਚੋਣ ਮਨੋਰਥ ਪੱਤਰਾਂ ਨਾਲ ਇੱਕ ਹਲਫਨਾਮਾ ਲਾ ਕੇ ਭਾਰਤ ਦੇ ਰਾਸ਼ਟਰਪਤੀ ਅਤੇ ਚੋਣ ਕਮਿਸ਼ਨ ਕੋਲ ਦਰਜ਼ ਕਰਵਾਉਣ। ਇਸੇ ਤਰ੍ਹਾਂ ਸੂਬੇ ਦੀਆਂ ਖੇਤਰੀ ਪਾਰਟੀਆਂ ਆਪੋ ਆਪਣੇ ਚੋਣ ਮਨੋਰਥ ਪੱਤਰਾਂ ਨੂੰ ਸੂਬੇ ਦੇ ਰਾਜਪਾਲ ਅਤੇ ਸੂਬੇ ਦੇ ਸੂਬਾਈ ਚੋਣ ਕਮਿਸ਼ਨ ਕੋਲ ਆਪਣੇ ਚੋਣ ਮਨੋਰਥ ਪੱਤਰਾਂ ਨੂੰ ਇਸੇ ਪ੍ਰਕਿਰਿਆ ਤਹਿਤ ਦਰਜ਼ ਕਰਵਾਉਣ ਤਾਂ ਕਿ ਜੇਕਰ ਇਨ੍ਹਾਂ ਚੋਣ ਮਨੋਰਥ ਪੱਤਰਾਂ ਵਿੱਚ ਦਰਜ਼ ਵਾਅਦਿਆਂ ਤੋਂ ਕੋਈ ਪਾਰਟੀ ਮੁੱਕਰਦੀ ਹੈ ਤਾਂ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਸਤਨਾਮ ਸਿੰਘ ਬਹਿਰੂ ਨੇ ਦੇਸ਼ ਦੀਆਂ ਸਾਰੀਆਂ ਹੀ ਰਾਜਨੀਤਕ ਪਾਰਟੀਆਂ ਨੂੰ ਵੰਗਾਰਦਿਆਂ ਕਿਹਾ ਕਿ ਉਹ ਇਹ ਸਾਬਤ ਕਰਨ ਕਿ ਕਿਹੜੀ ਪਾਰਟੀ ਨੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਹਨ। ਸਤਨਾਮ ਸਿੰਘ ਬਹਿਰੂ ਅਨੁਸਾਰ ਅਦਾਲਤ ਵਿੱਚ ਪਟੀਸ਼ਨ ਪਾਉਣ ਵੇਲੇ ਉਹ ਦੁਨੀਆਂ ਦੇ ਕਈ ਹੋਰ ਮੁਲਕਾਂ ਅੰਦਰਲੀ ਚੋਣ ਪ੍ਰਕਿਰਿਆ ਸਬੰਧੀ ਕਨੂੰਨਾਂ ਦਾ ਵੀ ਹਵਾਲਾ ਦੇਣਗੇ ਤਾਂ ਕਿ ਰਾਜਨੀਤਕ ਪਾਰਟੀਆਂ ਅਦਾਲਤ ਨੂੰ ਵੀ ਗੁੰਮਰਾਹ ਨਾ ਕਰ ਸਕਣ।

 

- Advertisement -

Share this Article
Leave a comment