ਨਿਰਭਿਆ ਕੇਸ : ਸੀਨੀਅਰ ਵਕੀਲ ਨੇ ਕੀਤੀ ਦੋਸ਼ੀਆਂ ਨੂੰ ਮਾਫ ਕਰਨ ਦੀ ਅਪੀਲ, ਆਸ਼ਾ ਦੇਵੀ ਨੇ ਦਿੱਤੀ ਸਖਤ ਪ੍ਰਤੀਕਿਰਿਆ

TeamGlobalPunjab
2 Min Read

ਨਵੀਂ ਦਿੱਲੀ : ਨਿਰਭਿਆ ਕੇਸ ਦੇ ਦੋਸ਼ੀਆਂ ਨੂੰ ਫਾਂਸੀ ਦੇਣ ਲਈ ਤੈਅ ਕੀਤੀ ਗਈ ਤਾਰੀਖ 22 ਜਨਵਰੀ ਤੋਂ ਵਧਾ ਕੇ ਇੱਕ ਫਰਵਰੀ ਕਰ ਦਿੱਤੀ ਗਈ ਹੈ। ਪਰ ਇਸ ਤੋਂ ਪਹਿਲਾਂ ਇੱਕ ਅਜਿਹੀ ਖਬਰ ਸਾਹਮਣੇ ਆਈ ਹੈ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਬੀਤੇ ਦਿਨੀਂ ਸੀਨੀਅਰ ਵਕੀਲ ਇੰਦਰਾ ਜੈ ਸਿੰਘ ਨੇ ਨਿਰਭਿਆ ਦੀ ਮਾਂ ਨੂੰ ਇਹ ਅਪੀਲ ਕੀਤੀ ਹੈ ਕਿ ਉਹ ਚਾਰਾਂ ਦੋਸ਼ੀਆਂ ਨੂੰ ਮਾਫ ਕਰ ਦੇਵੇ ਅਤੇ ਉਨ੍ਹਾਂ ਲਈ ਫਾਂਸੀ ਦੀ ਸਜ਼ਾ ਨਾ ਮੰਗੇ। ਇਸ ਨੂੰ ਲੈ ਕੇ ਨਿਰਭਿਆ ਦੀ ਮਾਂ ਆਸ਼ਾ ਦੇਵੀ ਨੇ ਵੀ ਸਖਤ ਪ੍ਰਤੀਕਿਰਿਆ ਦਿੱਤੀ ਹੈ। ਜਾਣਕਾਰੀ ਮੁਤਾਬਿਕ ਆਸ਼ਾ ਦੇਵੀ ਨੇ ਕਿਹਾ ਕਿ ਅਜਿਹੀ ਸਲਾਹ ਦੇਣ ਵਾਲੀ ਉਹ ਕੌਣ ਹੁੰਦੀ ਹੈ ਅਤੇ ਹੁਣ ਜੇਕਰ ਭਗਵਾਨ ਵੀ ਕਹੇ ਤਾਂ ਵੀ ਉਹ ਦੋਸ਼ੀਆਂ ਨੂੰ ਮਾਫ ਨਹੀਂ ਕਰੇਗੀ।

ਦੱਸ ਦਈਏ ਕਿ ਆਸ਼ਾ ਦੇਵੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਡੈੱਥ ਵਾਰੰਟ ਦੀ ਤਾਰੀਖ ਅੱਗੇ ਵਧਾਉਣ ਨੂੰ ਲੈ ਕੇ ਵੀ ਸਖਤ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਾਲ 2012 ਦੌਰਾਨ ਮਹਿਲਾਵਾਂ ਦੀ ਸੁਰੱਖਿਆ ਲਈ ਇਨ੍ਹਾਂ ਨੇ ਬਹੁਤ ਸਾਰੀਆਂ ਰੈਲੀਆਂ ਕੀਤੀਆਂ ਅਤੇ ਖੂਬ ਨਾਅਰੇ ਲਾਏ ਅਤੇ ਅੱਜ ਦੋਸ਼ੀਆਂ ਨੂੰ ਸਜ਼ਾ ਦਵਾਉਣ ਦੇ ਮਾਮਲੇ ‘ਚ ਉਹੀਓ ਲੋਕ ਦੇਰੀ ਕਰ ਰਹੇ ਹਨ।

ਦੱਸਣਯੋਗ ਹੈ ਕਿ ਬੀਤੇ ਦਿਨੀਂ ਇੰਦਰਾ ਜੈ ਸਿੰਘ ਨੇ ਇੱਕ ਟਵੀਟ ਕਰਦਿਆਂ ਲਿਖਿਆ ਸੀ ਕਿ, “ਉਹ ਆਸ਼ਾ ਦੇਵੀ ਦਾ ਦਰਦ ਪੂਰੀ ਤਰ੍ਹਾਂ ਸਮਝ ਸਕਦੇ ਹਨ ਪਰ ਉਹ ਉਨ੍ਹਾਂ ਨੂੰ ਅਪੀਲ ਕਰਦੇ ਹਨ ਕਿ ਸੋਨੀਆਂ ਗਾਂਧੀ ਵਾਂਗ ਜਿਨ੍ਹਾਂ ਨੇ ਨਲਿਨੀ ( ਰਾਜੀਵ ਗਾਂਧੀ ਦੀ ਹੱਤਿਆ ਦੀ ਦੋਸ਼ੀ) ਨੂੰ ਮਾਫ ਕਰ ਦਿੱਤਾ ਅਤੇ ਉਹ ਉਸ ਲਈ ਮੌਤ ਦੀ ਸਜ਼ਾ ਦੀ ਮੰਗ ਨਹੀਂ ਕਰ ਰਹੇ। ਅਸੀਂ ਸਾਰੇ ਉਨ੍ਹਾਂ ਦੇ ਨਾਲ ਹਾਂ ਪਰ ਮੌਤ ਦੀ ਸਜ਼ਾ ਦੇ ਖਿਲਾਫ ਹਾਂ”

Share this Article
Leave a comment