ਜੇ ਦਮ ਹੈ ਤਾਂ ਭਗਵੰਤ ਮਾਨ ਹਰਸਿਮਰਤ ਦੇ ਖਿਲਾਫ ਆਪ ਚੋਣ ਲੜੇ : ਸੁਖਬੀਰ ਬਾਦਲ

Prabhjot Kaur
3 Min Read

ਸੰਗਰੂਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਬਠਿੰਡਾ ਤੋਂ ਹਰਸਿਮਰਤ ਬਾਦਲ ਨੂੰ ਕੋਈ ਨਹੀਂ ਹਰਾ ਸਕਦਾ ਫਿਰ ਭਾਂਵੇ ਉਨ੍ਹਾਂ ਦੇ ਖਿਲਾਫ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਇੱਥੋਂ ਆਪ ਖੁਦ ਚੋਣ ਮੈਦਾਨ ਵਿੱਚ ਕਿਉਂ ਨਾ ਉਤਰ ਪੈਣ। ਛੋਟੇ ਬਾਦਲ ਇੱਥੇ ਪੱਤਰਕਾਰਾਂ ਨੂੰ ਭਗਵੰਤ ਮਾਨ ਵੱਲੋਂ ਸੁਖਪਾਲ ਖਹਿਰਾ ਦੇ ਹਰਸਿਮਰਤ ਬਾਦਲ ਵਿਰੁੱਧ ਚੋਣ ਮੈਦਾਨ ਵਿੱਚ ਉਤਰਨ ਦੇ ਸਵਾਲ ਦਾ ਜਵਾਬ ਦੇ ਰਹੇ ਸਨ।

ਦੱਸ ਦਈਏ ਕਿ ਬੀਤੇ ਦਿਨੀਂ ਭਗਵੰਤ ਮਾਨ ਨੇ ਇਹ ਬਿਆਨ ਦਿੱਤਾ ਸੀ ਕਿ ਸੁਖਪਾਲ ਖਹਿਰਾ ਬਠਿੰਡਾ ਤੋਂ ਹਰਸਿਮਰਤ ਬਾਦਲ ਦੇ ਵਿਰੁੱਧ ਚੋਣ ਮੈਦਾਨ ਵਿੱਚ ਇਸ ਲਈ ਨਿੱਤਰੇ ਹਨ ਕਿਉਂਕਿ ਖਹਿਰਾ ਹਰਸਿਮਰਤ ਬਾਦਲ ਨੂੰ ਜਿਤਾਉਣਾ ਚਾਹੁੰਦੇ ਹਨ। ਇਸ ਦੇ ਜਵਾਬ ਵਿੱਚ ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਭਾਜਪਾ ਗੱਠਜੋੜ ਇਸ ਵੇਲੇ ਪੰਜਾਬ ਵਿੱਚ ਪੂਰਾ ਤਾਕਤਵਰ ਹੋ ਕੇ ਉਭਰਿਆ ਹੈ, ਤੇ ਹਲਾਤ ਇਹ ਹਨ ਕਿ ਇਸ ਵੇਲੇ ਪੰਜਾਬ ਵਿੱਚ ਸਾਰੀਆਂ ਪਾਰਟੀਆਂ ਇੱਕ ਪਾਸੇ, ਤੇ ਅਕਾਲੀ ਭਾਜਪਾ ਗੱਠਜੋੜ ਇੱਕ ਪਾਸੇ ਹੈ। ਲਿਹਾਜਾ ਉਹ ਚੈਲੰਜ਼ ਦਿੰਦੇ ਹਨ ਕਿ ਹੋਰਾਂ ਪਾਰਟੀਆਂ ਦੇ ਉਮੀਦਵਾਰਾਂ ਦੇ ਨਾਲ ਨਾਲ ਭਗਵੰਤ ਮਾਨ ਵੀ ਇੱਥੋਂ ਆਪ ਖੁਦ ਚੋਣ  ਲੜਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਨਤੀਜਾ ਆਪਣੇ ਆਪ ਪਤਾ ਲੱਗ ਜਾਵੇਗਾ।

ਜ਼ਿਕਰਯੋਗ ਹੈ ਕਿ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਹਲਕਾ ਜਲਾਲਾਬਾਦ ਤੋਂ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਵਿਰੁੱਧ ਚੋਣ ਲੜੀ ਸੀ। ਉਦੋਂ ਮਾਨ ਨੂੰ ਉੱਥੋਂ ਹਾਰ ਦਾ ਮੂੰਹ ਦੇਖਣਾ ਪਿਆ ਸੀ। ਪਰ ਮਾਹਰਾਂ ਅਨੁਸਾਰ ਉਸ ਵੇਲੇ ਤੇ ਹੁਣ ਦੇ ਹਲਾਤ ਵਿੱਚ ਕਾਫੀ ਅੰਤਰ ਹੈ, ਕਿਉਂਕਿ ਉਸ ਸਮੇਂ ਨਾ ਤਾਂ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਆਈ ਸੀ, ਨਾ ਉਸ ਦੀ ਵਿਧਾਨ ਸਭਾ ‘ਚ ਚਰਚਾ ਹੋਈ ਸੀ, ਨਾ ਉਸ ਤੋਂ ਬਾਅਦ ਪੰਜਾਬ ਵਿੱਚ ਲੋਕਾਂ ਨੇ ਬਾਦਲਾਂ ਖਿਲਾਫ ਇਸ ਤਰ੍ਹਾਂ ਦੇ ਰੋਸ ਪ੍ਰਦਰਸ਼ਨ ਅਤੇ ਰਸਤਾ ਰੋਕੂ ਅੰਦੋਲਨ ਕੀਤੇ ਸਨ ਅਤੇ ਨਾ ਐਸਆਈਟੀ ਨੇ ਉਸ ਵੇਲੇ ਤੱਕ ਅਕਾਲੀ ਭਾਜਪਾ ਸਰਕਾਰ ਦੌਰਾਨ ਬੇਅਦਬੀ ਅਤੇ ਗੋਲੀ ਕਾਂਡ ਨਾਲ ਸਬੰਧਤ ਵੱਡੇ ਵੱਡੇ ਖੁਲਾਸੇ ਕੀਤੇ ਸਨ। ਅਜਿਹੇ ਵਿੱਚ ਭਗਵੰਤ ਮਾਨ ਨੂੰ ਸੁਖਬੀਰ ਬਾਦਲ ਵੱਲੋਂ ਦਿੱਤੀ ਗਈ ਵੰਗਾਰ ਤੋਂ ਬਾਅਦ ਸ਼ਾਇਦ ਮਾਨ ਤਾਂ ਬਠਿੰਡਾ ਤੋਂ ਚੋਣ ਮੈਦਾਨ ਵਿੱਚ ਨਾ ਨਿੱਤਰਨ। ਹਾਂ! ਇੰਨਾ ਜਰੂਰ ਹੈ ਕਿ ਇਸ ਚੈਲੰਜ਼ ਤੋਂ ਬਾਅਦ ਬਾਦਲਾਂ ਲਈ ਇਹ ਸੀਟ ਜਿੱਤਣਾ ਮੁੱਛ ਦਾ ਸਵਾਲ ਜਰੂਰ ਬਣ ਜਾਵੇਗਾ।

 

- Advertisement -

 

Share this Article
Leave a comment