ਤਲਵੰਡੀ ਸਾਬੋ : ਲੋਕ ਸਭਾ ਚੋਣਾਂ ਦੌਰਾਨ ਡੇਰਾ ਸਿਰਸਾ ਦੇ ਪ੍ਰੇਮੀਆਂ ਦੀਆਂ ਵੋਟਾਂ ‘ਤੇ ਲਾਰਾਂ ਸੁੱਟਦੇ ਪ੍ਰਤੀਤ ਹੁੰਦੇ ਉਮੀਦਵਾਰ ਅਤੇ ਪਾਰਟੀਆਂ ਨੂੰ ਸਖਤ ਤਾੜਨਾ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਜਿਹੜਾ ਵੀ ਸਿੱਖ ਉਮੀਦਵਾਰ ਜਾਂ ਪੰਥਕ ਪਾਰਟੀ ਨੇ ਡੇਰਾ ਸਿਰਸਾ ਵਾਲਿਆਂ ਤੋਂ ਇਸ ਵਾਰ ਵੋਟ ਮੰਗੀ ਉਸ ਦੇ ਖਿਲਾਫ ਸਖਤ ਕਰਵਾਈ ਕੀਤੀ ਜਾਵੇਗੀ। ਗਿਆਨੀ ਹਰਪ੍ਰੀਤ ਸਿੰਘ ਇੱਥ ਕਸ਼ਮੀਰ ਸਿੰਘ ਭੂਰੀ ਵਾਲਿਆਂ ਵੱਲੋਂ ਦਰਸ਼ਨੀ ਡਿਊਡੀ ਦੀ ਕਰਵਾਈ ਜਾ ਰਹੀ ਕਾਰ ਸੇਵਾ ਦੇ ਸਮਾਗਮ ਵਿੱਚ ਸ਼ਿਰਕਤ ਕਰਨ ਆਏ ਹੋਏ ਸਨ।
ਇਸ ਮੌਕੇ ਗੱਲਬਾਤ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਡੇਰਾ ਸਿਰਸਾ ਵਾਲਿਆਂ ਵੱਲੋਂ ਪਿਛਲੇ ਸਮੇਂ ਦੌਰਾਨ ਸਿੱਖ ਵਿਰੋਧੀ ਕੰਮ ਕੀਤੇ ਜਾਣ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇਸ ਡੇਰੇ ਦੇ ਖਿਲਾਫ ਹੁਕਮਨਾਮਾਂ ਜਾਰੀ ਕੀਤਾ ਗਿਆ ਸੀ ਜਿਸ ਹੁਕਮਨਾਂਮੇ ਦੀ ਪਹਿਰੇਦਾਰੀ ਉਹ ਇਨ੍ਹਾਂ ਚੋਣਾਂ ਦੌਰਾਨ ਵੀ ਡਟ ਕੇ ਕਰਨਗੇ। ਉਨ੍ਹਾਂ ਕਿਹਾ ਕਿ ਜਿਹੜਾ ਕੋਈ ਵੀ ਸਿੱਖ ਉਮੀਦਵਾਰ ਇਸ ਡੇਰੇ ਤੋਂ ਵੋਟ ਮੰਗਦਾ ਪਾਇਆ ਗਿਆ ਉਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਤਲਬ ਕਰਕੇ ਸਖਤ ਕਾਰਵਾਈ ਕੀਤੀ ਜਾਵੇਗੀ ਫਿਰ ਪਾਵੇਂ ਉਹ ਕਿਸੇ ਪਾਰਟੀ ਨਾਲ ਵੀ ਸਬੰਧ ਰੱਖਦਾ ਹੋਵੇ।