ਜਿਸ ਚਿੱਠੀ ਦੇ ਅਧਾਰ ‘ਤੇ ਜਥੇਦਾਰਾਂ ਨੇ ਡੇਰਾ ਮੁਖੀ ਨੂੰ ਮਾਫ਼ੀ ਦਿੱਤੀ ਉਹ ਮੈਂ ਲਿਖੀ ਸੀ : ਤਰਲੋਚਨ ਸਿੰਘ

Prabhjot Kaur
7 Min Read

ਅੰਮ੍ਰਿਤਸਰ : ਰਾਜ ਸਭਾ ਦੇ ਸਾਬਕਾ ਮੈਂਬਰ ਤਰਲੋਚਨ ਸਿੰਘ ਨੇ ਦਾਅਵਾ ਕੀਤਾ ਹੈ ਕਿ ਜਿਸ ਚਿੱਠੀ ਦੇ ਅਧਾਰ ਤੇ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਸਾਲ 2015 ਦੌਰਾਨ ਮਾਫ਼ੀ ਦਿੱਤੀ ਗਈ ਸੀ ਉਹ ਚਿੱਠੀ 8 ਸਾਲ ਪੁਰਾਣੀ ਸੀ, ਤੇ ਇਹ ਉਹ ਚਿੱਠੀ ਸੀ ਜਿਹੜੀ ਉਨ੍ਹਾਂ (ਤਰਲੋਚਨ ਸਿੰਘ) ਵਲੋਂ ਖੁਦ ਤਿਆਰ ਕਰਵਾਈ ਗਈ ਸੀ। ਉਨ੍ਹਾਂ ਕਿਹਾ ਕਿ ਡੇਰਾ ਮੁਖੀ ਵੱਲੋਂ ਉਸ ਚਿੱਠੀ ਨੂੰ ਆਰੀਆ ਸਮਾਜ ਆਗੂ ਸਵਾਮੀ ਅਗਨਿਵੇਸ਼ ਸਾਲ 2007 ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਲੈਕੇ ਪਹੁੰਚਿਆ ਸੀ। ਤਰਲੋਚਨ ਸਿੰਘ ਨੇ ਦਾਅਵਾ ਕੀਤਾ ਹੈ ਕਿ ਅਸਲ ਚਿੱਠੀ ਵਿੱਚ ਮਾਫ਼ੀ ਅੱਖਰ ਨਹੀਂ ਸਨ ਤੇ ਇਹ ਚਿੱਠੀ 8 ਸਾਲ ਤੱਕ ਸ੍ਰੀ ਅਕਾਲ ਤਖਤ ਸਾਹਿਬ ‘ਤੇ ਹੀ ਪਈ ਰਹੀ। ਤਰਲੋਚਨ ਸਿੰਘ ਇੱਥੇ ਚੀਫ਼ ਖਾਲਸਾ ਦੀਵਾਨ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ‘ਤੇ ਕਰਵਾਏ ਇੱਕ ਸੈਮੀਨਾਰ ਵਿੱਚ ਸੰਬੋਧਨ ਕਰਨ ਆਏ ਹੋਏ ਸਨ।

ਇਸ ਮੌਕੇ ਤਰਲੋਚਨ ਸਿੰਘ ਨੇ ਕਿਹਾ ਕਿ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਇਸ ਬਾਰੇ ਖੁਲਾਸਾ ਕਰਕੇ ਇਹ ਮਾਮਲਾ ਮੁੜ ਖੋਲ੍ਹਿਆ ਹੈ। ਦੱਸ ਦਈਏ ਕਿ ਜਿਸ ਵੇਲੇ ਸਾਲ 2007 ਦੌਰਾਨ ਡੇਰਾ ਮੁਖੀ ਰਾਮ ਰਹੀਮ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਣ ਦਾ ਮਾਮਲਾ ਪ੍ਰਕਾਸ਼ ਵਿੱਚ ਆਇਆ ਸੀ, ਉਸ ਵੇਲੇ ਪੰਜਾਬ ਵਿੱਚ ਸਿੱਖਾਂ ਅਤੇ ਡੇਰਾ ਪ੍ਰੇਮੀਆਂ ਵਿਚਕਾਰ ਖੂਨੀ ਝੜਪਾਂ ਹੋਈਆਂ ਸਨ। ਜਿਸ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਇੱਕ ਹੁਕਮਨਾਮਾ ਜਾਰੀ ਕਰਕੇ ਸਿੱਖ ਸੰਗਤਾਂ ਨੂੰ ਡੇਰੇ ਦਾ ਬਾਈਕਾਟ ਕਰਨ ਲਈ ਕਿਹਾ ਸੀ। ਉਸ ਵੇਲੇ ਇਸ ਮਸਲੇ ਨੂੰ ਸ਼ਾਂਤ ਕਰਨ ਲਈ ਚਾਰੇ ਪਾਸੇ ਤੋਂ ਯਤਨ ਆਰੰਭੇ ਗਏ ਸਨ, ਤੇ ਇਸੇ ਬਾਰੇ ਜ਼ਿਕਰ ਕਰਦਿਆਂ ਰਾਜ ਸਭਾ ਦੇ ਸਾਬਕਾ ਮੈਂਬਰ ਤਰਲੋਚਨ ਸਿੰਘ ਨੇ ਦਾਅਵਾ ਕੀਤਾ ਹੈ ਕਿ ਉਸ ਵੇਲੇ ਇਸ ਮਸਲੇ ਦਾ ਹੱਲ ਕੱਢਣ ਲਈ ਸਵਾਮੀ ਅਗਨਿਵੇਸ਼ ਦੀ ਅਗਵਾਈ ਵਿੱਚ ਸਾਰੇ ਧਰਮਾਂ ਦੇ ਇੱਕ 5 ਮੈਂਬਰੀ ਵਫਦ ਨੇ ਵੀ ਇਸ ਮਾਮਲੇ ਨੂੰ ਸਾਂਤ ਕਰਨ ਲਈ ਵਿਚੋਲਗੀ ਕੀਤੀ ਸੀ। ਉਨ੍ਹਾਂ ਕਿਹਾ ਕਿ ਉਸ ਵੇਲੇ ਡੇਰਾ ਮੁਖੀ ਵੱਲੋਂ ਇੱਕ ਚਿੱਠੀ ਲਿਖੀ ਗਈ ਸੀ, ਜਿਹੜੀ ਕਿ ਦਿੱਲੀ ਵਿੱਚ ਉਨ੍ਹਾਂ ਨੇ ਤਿਆਰ ਕਰਵਾਈ ਸੀ ਤੇ ਉਸ ‘ਤੇ ਡੇਰਾ ਮੁਖੀ ਨੇ ਹਸਤਾਖ਼ਰ ਕੀਤੇ ਸਨ।

ਤਰਲੋਚਨ ਸਿੰਘ ਅਨੁਸਾਰ ਉਹ ਚਿੱਠੀ ਲੈ ਕੇ ਸਵਾਮੀ ਅਗਨਿਵੇਸ਼ 29 ਮਈ 2007 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪਹੁੰਚੇ ਸਨ ਤੇ ਉਨ੍ਹਾਂ ਨੇ ਡੇਰਾ ਮੁਖੀ ਨੂੰ ਮਾਫ ਕਰਨ ਦੀ ਬੇਨਤੀ ਕੀਤੀ ਸੀ, ਪਰ ਉਸ ਵੇਲੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵਿਧਾਂਤੀ ਨੇ ਡੇਰਾ ਮੁਖੀ ਨੂੰ ਮਾਫੀ ਦੇਣ ਤੋਂ ਨਾਂਹ ਕਰ ਦਿੱਤੀ ਸੀ। ਉਨ੍ਹਾਂ ਕਿਹਾ ਕਿ ਇਹ ਚਿੱਠੀ ਉਸ ਤੋਂ ਬਾਅਦ 8 ਸਾਲ ਤੱਕ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪਈ ਰਹੀ। ਜਿਸ ਬਾਰੇ ਗਿਆਨੀ ਇਕਬਾਲ ਸਿੰਘ ਦਾ ਵੀ ਦਾਅਵਾ ਹੈ ਕਿ ਸਾਲ 2015 ਦੌਰਾਨ ਉਸੇ ਚਿੱਠੀ ਵਿੱਚ ਮਾਫੀ ਵਾਲੇ ਅੱਖਰ ਸ਼ਾਮਲ ਕਰਕੇ ਡੇਰਾ ਮੁਖੀ ਨੂੰ ਮਾਫੀ ਦੇ ਦਿੱਤੀ ਗਈ।

ਦੱਸ ਦਈਏ ਕਿ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਵੀ ਕੁਝ ਦਿਨ ਪਹਿਲਾਂ ਇਹੋ ਬਿਆਨ ਦਿੱਤਾ ਸੀ ਕਿ ਜਿਸ ਚਿੱਠੀ ਦੇ ਅਧਾਰ ‘ਤੇ ਡੇਰਾ ਮੁਖੀ ਨੂੰ ਸਵਾਂਗ ਰਚਣ ਵਾਲੇ ਕੇਸ ਵਿੱਚ ਜਥੇਦਾਰਾਂ ਵੱਲੋਂ 24 ਸਤੰਬਰ 2015 ਨੂੰ ਮਾਫੀ ਦਿੱਤੀ ਗਈ ਸੀ, ਉਸ ਅਸਲ ਚਿੱਠੀ ਵਿੱਚ ‘ਖਿਮਾਂ ਦਾ ਜਾਚਕ’ ਅੱਖਰ ਸ਼ਾਮਲ ਨਹੀਂ ਸਨ। ਗਿਆਨੀ ਇਕਬਾਲ ਸਿੰਘ ਦਾ ਇਹ ਵੀ ਦਾਅਵਾ ਹੈ ਕਿ ਉਸ ਚਿੱਠੀ ਵਿੱਚ ‘ਖਿਮਾਂ ਦਾ ਜਾਚਕ’ ਅੱਖ਼ਰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਰੱਖ ਕੰਪਿਊਟਰ ਰਾਹੀਂ ਗਿਆਨੀ ਗੁਰਮੁੱਖ ਸਿੰਘ ਨੇ ਦਿੱਲੀ ਤੋਂ ਆਪਣਾ ਇੱਕ ਬੰਦਾ ਬੁਲਾ ਕੇ ਬਾਅਦ ਵਿੱਚ ਲਿਖਵਾਏ ਸਨ। ਇੱਥੇ ਇਹ ਵੀ ਦੱਸ ਦਈਏ ਕਿ ਗਿਆਨੀ ਗੁਰਬਚਨ ਸਿੰਘ ਦੀ ਅਗਵਾਈ ਵਾਲੇ ਜਿਨ੍ਹਾਂ ਜਥੇਦਾਰਾਂ ਵੱਲੋਂ ਡੇਰਾ ਮੁਖੀ ਨੂੰ ਮਾਫੀ ਦੇਣ ਵਾਲਾ ਵਿਵਾਦਪੂਰਨ ਫੈਸਲਾ ਲਿਆ ਗਿਆ ਸੀ, ਗਿਆਨੀ ਇਕਬਾਲ ਸਿੰਘ ਉਨ੍ਹਾਂ ਵਿੱਚੋਂ ਇੱਕ ਜਥੇਦਾਰ ਸਨ, ਤੇ ਹੁਣ ਠੀਕ ਇਸੇ ਸਬੰਧ ਵਿੱਚ ਗਿਆਨੀ ਇਕਬਾਲ ਸਿੰਘ ਨੇ ਐਸਆਈਟੀ ਅੱਗੇ ਪੇਸ਼ ਹੋ ਕੇ ਵੀ ਬਿਆਨ ਦਰਜ਼ ਕਰਵਾਏ ਹਨ।

- Advertisement -

ਪਹਿਲਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਵੱਲੋਂ ਡੇਰਾ ਮੁਖੀ ਨੂੰ ਮਾਫੀ ਦੇਣ ਦੇ ਸਬੰਧ ਵਿੱਚ ਇਹ ਖੁਲਾਸਾ ਕਰਨਾ ਕਿ ਰਾਮ ਰਹੀਮ ਨੂੰ ਮਾਫੀ ਦੇਣ ਤੋਂ ਪਹਿਲਾਂ ਗਿਆਨੀ ਗੁਰਬਚਨ ਸਿੰਘ ਉਨ੍ਹਾਂ ਨੂੰ ਨਾਲ ਲੈ ਕੇ ਬਾਦਲਾਂ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ‘ਤੇ ਗਏ ਸਨ। ਜਿੱਥੇ ਉਨ੍ਹਾਂ ‘ਤੇ ਰਾਮ ਰਹੀਮ ਨੂੰ ਮਾਫੀ ਦੇਣ ਦਾ ਦਬਾਅ ਪਾਇਆ ਗਿਆ ਸੀ। ਉਸ ਤੋਂ ਬਾਅਦ ਜਦੋਂ ਗਿਆਨੀ ਗੁਰਮੁੱਖ ਸਿੰਘ ਸ਼ਾਂਤ ਹੋਏ ਤਾਂ ਕੁਝ ਚਿਰ ਪਹਿਲਾਂ ਗਿਆਨੀ ਇਕਬਾਲ ਸਿੰਘ ਨੇ ਬਿਆਨ ਦੇ ਦਿੱਤਾ, ਕਿ ਉਹ ਮਾਫੀਨਾਮਾ ਝੂਠਾ ਸੀ ਜਿਸ ਰਾਹੀਂ ਰਾਮ ਰਹੀਮ ਨੂੰ ਮਾਫੀ ਦਿੱਤੀ ਗਈ ਸੀ ਤੇ ਸਿੱਖ ਸੰਗਤ ਨੂੰ ਗੁੰਮਰਾਹ ਕਰਨ ਲਈ ਉਸ ਅਸਲ ਚਿੱਠੀ ਵਿੱਚ ‘ਖਿਮਾਂ ਦਾ ਜਾਚਕ’ ਅੱਖਰ ਬਾਅਦ ਵਿੱਚ ਸ਼ਾਮਲ ਕਰਕੇ ਉਨ੍ਹਾਂ (ਗਿਆਨੀ ਇਕਬਾਲ ਸਿੰਘ) ਨੂੰ ਗੁੰਮਰਾਹ ਕਰਨ ਲਈ ਇਹ ਕਿਹਾ ਗਿਆ ਕਿ ਇਸ ਤਰ੍ਹਾਂ ਮਾਫੀ ਦੇਣ ਨਾਲ ਪੰਜਾਬ ਦਾ ਮਾਹੌਲ ਸਾਂਤ ਹੋਵੇਗਾ। ਗਿਆਨੀ ਇਕਬਾਲ ਸਿੰਘ ਦਾ ਦਾਅਵਾ ਹੈ ਕਿ ਲੋਕ ਹਿੱਤ ਖਾਤਰ ਹੀ ਉਸ ਵੇਲੇ ਉਨ੍ਹਾਂ ਨੇ ਉਸ ਮਾਫੀਨਾਮੇ ‘ਤੇ ਹਸਤਾਖ਼ਰ ਕੀਤੇ ਸਨ।

ਇੰਝ ਹੀ ਹੁਣ ਰਾਜ ਸਭਾ ਮੈਂਬਰ ਤਰਲੋਚਨ ਸਿੰਘ ਵੱਲੋਂ ਕੀਤੇ ਗਏ ਤਾਜ਼ਾ ਖੁਲਾਸਿਆਂ ਨੇ ਇਸ ਕੇਸ ਨੂੰ ਨਵਾਂ ਮੋੜ ਦੇ ਦਿੱਤਾ ਹੈ। ਵੇਖਣਾ ਇਹ ਹੋਵੇਗਾ ਕਿ ਇੱਕ ਤੋਂ ਬਾਅਦ ਇੱਕ ਹੁੰਦੇ ਇਨ੍ਹਾਂ ਖੁਲਾਸਿਆਂ ਦੇ ਅਧਾਰ ‘ਤੇ ਐਸਆਈਟੀ ਅੱਗੇ ਕੀ ਰਣਨੀਤੀ ਅਪਣਾਉਂਦੀ ਹੈ? ਕੀ ਜਾਂਚ ਅਧਿਕਾਰੀ ਆਪਣੀ ਜਾਂਚ ਦੌਰਾਨ ਜਦੋਂ ਰੋਹਤਕ ਦੀ ਸੁਨਾਰੀਆ ਜੇਲ੍ਹ ਅੰਦਰ ਰਾਮ ਰਹੀਮ ਤੋਂ ਪੁੱਛ ਗਿੱਛ ਕਰਨਗੇ ਤਾਂ ਪਹਿਲਾਂ ਹੀ ਆਪਣੇ ਪਾਪਾਂ ਕਾਰਨ ਜੇਲ੍ਹ ‘ਚ ਬੈਠਾ ਰਾਮ ਰਹੀਮ ਐਸਆਈਟੀ ਅੱਗੇ ਬਿਆਨ ਦੇਣ ਲੱਗਿਆਂ ਸੱਚ ਬੋਲਣ ਦੀ ਹਿੰਮਤ ਦਿਖਾਵੇਗਾ? ਉਹ ਸੱਚ ਕਿਹੋ ਜਿਹਾ ਹੋਵੇਗਾ? ਉਸ ਸੱਚ ਨਾਲ ਅੱਗੇ ਕੌਣ ਕੌਣ ਮੁਸੀਬਤ ‘ਚ ਫਸੇਗਾ? ਕੀ ਉਹ ਸੱਚ ਪੰਜਾਬ ਵਿੱਚ ਮੌਜੂਦਾ ਚੋਣਾਂ ‘ਤੇ ਵੀ ਅਸਰ ਪਾਵੇਗਾ? ਤੇ ਜੇਕਰ ਅਸਰ ਪਾਵੇਗਾ ਤਾਂ ਉਸ ਦੀ ਕੀ ਰੂਪ ਰੇਖਾ ਹੋਵੇਗੀ ਤੇ ਉਹ ਕਿਸ ਦੀ ਬੇੜੀ ਡੋਬੇਗਾ ਤੇ ਉਸ ਤੋਂ ਬਾਅਦ ਕੌਣ ਪਾਕਿ ਸਾਫ ਹੋ ਕੇ ਬਾਹਰ ਆਵੇਗਾ? ਇਹ ਵੇਖਣ ਲਈ ਜਨਤਾ ਦੀਆਂ ਅੱਖਾਂ ਬਿਨਾਂ ਝਪਕਿਆਂ ਇੱਕ ਜਗ੍ਹਾ ਲੱਗੀਆਂ ਹੋਈਆਂ ਹਨ ਤਾਂ ਕਿ ਕੋਈ ਸੀਨ ਲੰਘ ਨਾ ਜਾਵੇ।

 

Share this Article
Leave a comment