Home / ਓਪੀਨੀਅਨ / ਚੱਕੋ ਜਾਣਕਾਰੀ, ਪੰਜਾਬ ‘ਚ ਆਹ ਚਾਰ ਮੰਤਰੀਆਂ ਦੀ ਜਾਵੇਗੀ ਵਜ਼ਾਰਤ?

ਚੱਕੋ ਜਾਣਕਾਰੀ, ਪੰਜਾਬ ‘ਚ ਆਹ ਚਾਰ ਮੰਤਰੀਆਂ ਦੀ ਜਾਵੇਗੀ ਵਜ਼ਾਰਤ?

ਕੁਲਵੰਤ ਸਿੰਘ ਚੰਡੀਗੜ੍ਹ : ਜਿਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਬਿਆਨ ਦਿੱਤਾ ਸੀ, ਕਿ ਜਿਨ੍ਹਾਂ ਮੰਤਰੀਆਂ ਤੇ ਵਿਧਾਇਕਾਂ ਦੀ 2019 ਲੋਕ ਸਭਾ ਚੋਣਾਂ ਦੌਰਾਨ ਆਪੋ ਆਪਣੇ ਹਲਕਿਆਂ ਵਿੱਚ ਕਾਰਗੁਜ਼ਾਰੀ ਚੰਗੀ ਨਾ ਰਹੀ ਤਾਂ ਉਸ ਦੌਰਾਨ ਜਿਹੜੇ ਵਿਧਾਇਕਾਂ ਨੂੰ ਮੰਤਰੀ ਬਣਾਇਆ ਗਿਆ ਹੈ, ਉਨ੍ਹਾਂ ਦੇ ਮੰਤਰੀ ਵਾਲੇ ਆਹੁਦੇ ਖੋਹ ਲਏ ਜਾਣਗੇ, ਤੇ ਜਿਹੜੇ ਸਿਰਫ ਵਿਧਾਇਕ ਹਨ ਤੇ ਚੋਣਾਂ ‘ਚ ਉਨ੍ਹਾਂ ਦੀ ਮਾੜੀ ਕਾਰਗੁਜ਼ਾਰੀ ਆਉਣ ‘ਤੇ ਉਨ੍ਹਾਂ ਨੂੰ ਪਾਰਟੀ ਭਵਿੱਖ ਵਿੱਚ ਚੋਣ ਲੜਨ ਲਈ ਟਿਕਟ ਨਹੀਂ ਦੇਵੇਗੀ। ਲਿਹਾਜਾ ਹੁਣ ਹਰ ਕਿਸੇ ਦੇ ਮਨ ਵਿੱਚ ਇੱਕ ਸਵਾਲ ਹੈ, ਕਿ ਉਹ ਕਿਹੜੇ ਮੰਤਰੀ ਜਾਂ ਵਿਧਾਇਕ ਹੋਣਗੇ, ਜਿਨ੍ਹਾਂ ਵਿਰੁੱਧ ਕਾਂਗਰਸ ਪਾਰਟੀ ਮਾੜੇ ਨਤੀਜੇ ਦੇਖ ਕੇ ਕਾਰਵਾਈ ਕਰਨ ਜਾ ਰਹੀ ਹੈ? ਲਓ ਅਸੀਂ ਦਿੰਦੇ ਹਾਂ, ਅਜਿਹੇ ਮੰਤਰੀਆਂ ਤੇ ਵਿਧਾਇਕਾਂ ਦੀ ਜਾਣਕਾਰੀ ਜਿਹੜੇ ਕਿ ਆਪੋ ਆਪਣੇ ਵਿਧਾਨ ਸਭਾ ਹਲਕਿਆਂ ਵਿੱਚ ਪਾਰਟੀ ਨੂੰ ਜਿੱਤ ਦਵਾਉਣ ਵਿੱਚ ਅਸਫਲ ਰਹੇ ਹਨ। ਅਜਿਹੇ ਮੰਤਰੀਆਂ ਦੀ ਗਿਣਤੀ ਚਾਰ ਹੈ ਤੇ ਇਹ ਸਾਰੇ ਕੈਬਨਿਟ ਰੈਂਕ ਦੇ ਮੰਤਰੀ ਹਨ। ਇਨ੍ਹਾਂ ਵਿੱਚੋਂ ਸਭ ਤੋਂ ਪਹਿਲਾ ਨੰਬਰ ਆਉਂਦਾ ਹੈ, ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ। ਜਿਨ੍ਹਾਂ ਨੇ ਜਦੋਂ ਸਾਲ 2017 ਦੌਰਾਨ ਵਿਧਾਇਕੀ ਦੀ ਚੋਣ ਜਿੱਤੀ ਸੀ ਤਾਂ ਉਸ ਵੇਲੇ ਇਨ੍ਹਾਂ ਨੂੰ 63 ਹਜ਼ਾਰ 9 ਸੌ 42 ਵੋਟਾਂ ਪਈਆਂ ਸਨ, ਪਰ ਇਸ ਵਾਰ ਉਨ੍ਹਾਂ ਦੇ ਹਲਕਾ ਬਠਿੰਡਾ ਸ਼ਹਿਰੀ ਵਿੱਚੋਂ ਪਾਰਟੀ ਨੂੰ 59 ਹਜ਼ਾਰ 8 ਸੌ 15 ਵੋਟਾਂ ਹਾਸਲ ਹੋਈਆਂ ਹਨ। ਲਿਹਾਜਾ ਕਾਂਗਰਸ ਪਾਰਟੀ ਨੂੰ ਉਨ੍ਹਾਂ ਦੇ ਹਲਕੇ ਵਿੱਚੋਂ 2017 ਦੇ ਮੁਕਾਬਲੇ 41 ਸੌ 27 ਵੋਟਾਂ ਦਾ ਘਾਟਾ ਪਿਆ ਹੈ। ਇਸੇ ਤਰ੍ਹਾਂ ਸੰਗਰੂਰ ਹਲਕੇ ਤੋਂ ਕੈਪਟਨ ਵਜ਼ਾਰਤ ਵਿੱਚ ਮੰਤਰੀ ਦਾ ਆਹੁਦਾ ਲਈ ਬੈਠੇ ਵਿਜੇ ਇੰਦਰ ਸਿੰਗਲਾ ਨੇ ਵੀ ਕੈਪਟਨ ਅਮਰਿੰਦਰ ਸਿੰਘ ਦੀਆਂ ਉਮੀਦਾਂ ‘ਤੇ ਪਾਣੀ ਫੇਰ ਦਿੱਤਾ ਹੈ। ਉਨ੍ਹਾਂ ਨੂੰ ਜਿੱਥੇ ਸਾਲ 2017 ਦੌਰਾਨ 67 ਹਜ਼ਾਰ 3 ਸੌ 10 ਵੋਟਾਂ ਪਈਆਂ ਸਨ, ਉੱਥੇ ਇਸ ਵਾਰ ਉਹ ਪਾਰਟੀ ਉਮੀਦਵਾਰ ਨੂੰ 52 ਹਜ਼ਾਰ 4 ਸੌ 53 ਵੋਟਾਂ ਹੀ ਪਵਾ ਸਕੇ ਹਨ। ਜਿਹੜਾ ਕਿ ਕੁੱਲ 14 ਹਜ਼ਾਰ  8 ਸੌ 57 ਵੋਟਾਂ ਦਾ ਘਾਟਾ ਬਣਦਾ ਹੈ। ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਮੰਤਰੀ ਬਣੇ ਸ਼ਾਮ ਸੁੰਦਰ ਅਰੋੜਾ ਤੋਂ ਵੀ ਮੰਤਰੀ ਦਾ ਆਹੁਦਾ ਖੋਹੇ ਜਾਣ ਦੀ ਤਲਵਾਰ ਲਟਕ ਗਈ ਹੈ। ਅਰੋੜਾ ਨੂੰ ਸਾਲ 2017 ਦੌਰਾਨ ਜਿੱਥੇ 49 ਹਜ਼ਾਰ 9 ਸੌ 51 ਵੋਟਾਂ ਪਈਆਂ ਸਨ, ਪਰ ਇਸ ਵਾਰ ਕਾਂਗਰਸ ਪਾਰਟੀ ਨੂੰ ਇਸ ਹਲਕੇ ‘ਚੋਂ 71 ਸੌ 18 ਵੋਟਾਂ ਦਾ ਘਾਟਾ ਪੈ ਕੇ ਕੁੱਲ 42 ਹਜ਼ਾਰ 8 ਸੌ 33 ਵੋਟਾਂ ਹੀ ਹਾਸਲ ਹੋ ਸਕੀਆਂ ਹਨ। ਇਸੇ ਲੜੀ ਵਿੱਚ ਇੱਕ ਨੰਬਰ ਰਾਣਾ ਗੁਰਮੀਤ ਸਿੰਘ ਸੋਢੀ ਦਾ ਵੀ ਆਉਂਦਾ ਹੈ। ਜਿਹੜੇ ਕਿ ਲੋਕ ਸਭਾ ਹਲਕਾ ਫਿਰੋਜ਼ਪੁਰ ਦੇ ਵਿਧਾਨ ਸਭਾ ਹਲਕਾ ਗੁਰੂ ਹਰਿ ਸਹਾਇ ਤੋਂ 62 ਹਜ਼ਾਰ 8 ਸੌ 87 ਵੋਟਾਂ ਲੈ ਕੇ ਚੋਣ ਜਿੱਤੇ ਸਨ। ਉਨ੍ਹਾਂ ਨੂੰ ਇਸ ਵਾਰ 55 ਹਜ਼ਾਰ 6 ਸੌ 53 ਵੋਟਾਂ ਹੀ ਹਾਸਲ ਹੋਈਆਂ ਹਨ। ਇੱਥੇ ਪਾਰਟੀ ਨੂੰ ਕੁੱਲ 71 ਸੌ 34 ਵੋਟਾਂ ਦਾ ਘਾਟਾ ਪਿਆ ਹੈ। ਇਸ ਤੋਂ ਇਲਾਵਾ ਪਾਰਟੀ ਨੇ ਲੋਕ ਸਭਾ ਹਲਕਾ ਗੁਰਦਾਸਪੁਰ ਹਲਕੇ ਵਿੱਚ ਪੈਂਦੇ ਭੋਆ, ਪਠਾਨਕੋਟ, ਗੁਰਦਾਸਪੁਰ, ਦੀਨਾ ਨਗਰ ਤੇ ਕਾਦੀਆਂ ਤੋਂ ਘੱਟ ਵੋਟਾਂ ਪੈਣ ਕਾਰਨ ਚੋਣ ਹਾਰੀ ਹੈ। ਇਨ੍ਹਾਂ ਹਲਕਿਆਂ ਦੇ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ, ਅਮਿਤ, ਵਰਿੰਦਰਮੀਤ ਸਿੰਘ, ਅਰੁਣਾ ਚੌਧਰੀ, ਅਤੇ ਫਤਹਿਜੰਗ ਸਿੰਘ ਬਾਜਵਾ ਆਪੋ ਆਪਣੇ ਵਿਧਾਨ ਸਭਾ ਹਲਕਿਆਂ ਵਿੱਚੋਂ ਪਾਰਟੀ ਨੂੰ ਜਿੱਤ ਦਵਾਉਣ ਵਿੱਚ ਨਾਕਾਮ ਰਹੇ ਹਨ। ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਅਤੇ ਦਸੂਹਾ ਦੇ ਵਿਧਾਇਕ ਵੀ ਆਪੋ ਆਪਣੇ ਚੋਣ ਹਲਕਿਆਂ ਵਿੱਚੋਂ ਪਾਰਟੀ ਨੂੰ ਜਿੱਤ ਨਹੀਂ ਦਵਾ ਸਕੇ। ਇੱਥੇ ਮੁਕੇਰੀਆਂ ਤੋਂ ਰਜ਼ਨੀਸ਼ ਕੁਮਾਰ ਬੱਬੀ ਅਤੇ ਦਸੂਹਾ ਤੋਂ ਅਰੁਣ ਡੋਗਰਾ ਆਪੋ ਆਪਣੇ ਹਲਕੇ ਹਾਰ ਗਏ ਹਨ। ਜਲੰਧਰ ਕੇਂਦਰੀ ਤੋਂ ਕਾਂਗਰਸ ਵਿਧਾਇਕ ਰਜਨੀਸ਼ ਬੇਰੀ ਅਤੇ ਜਲੰਧਰ ਉੱਤਰੀ ਤੋਂ ਪਾਰਟੀ ਵਿਧਾਇਕ ਅਵਤਾਰ ਸਿੰਘ ਵੀ ਆਪੋ ਆਪਣੇ ਹਲਕੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਤੋਂ ਹਾਰ ਗਏ ਹਨ। ਅਨੰਦਪੁਰ ਸਾਹਿਬ ਦੇ ਬਲਾਚੌਰ ਤੋਂ ਕਾਂਗਰਸ ਵਿਧਾਇਕ ਦਰਸ਼ਨ ਲਾਲ ਅਤੇ ਵਿਧਾਨ ਸਭਾ ਹਲਕਾ ਆਨੰਦਪੁਰ ਸਾਹਿਬ ਤੋਂ ਵੀ ਕਾਂਗਰਸ ਪਾਰਟੀ ਵਿਧਾਇਕ ਕੰਵਰਪਾਲ ਸਿੰਘ ਆਪੋ ਆਪਣੇ ਚੋਣ ਹਲਕਿਆਂ ਵਿੱਚ ਪਾਰਟੀ ਨੂੰ ਜਿੱਤ ਦਵਾਉਣ ਵਿੱਚ ਫੇਲ੍ਹ ਸਾਬਤ ਹੋਏ ਹਨ। ਲੋਕ ਸਭਾ ਹਲਕਾ ਫਿਰੋਜ਼ਪੁਰ ਦੇ ਵਿਧਾਨ ਸਭਾ ਹਲਕਾ ਫਿਰੋਜ਼ਪੁਰ ਸ਼ਹਿਰੀ, ਬੱਲੂਆਣਾ, ਫਿਰੋਜ਼ਪੁਰ ਦਿਹਾਤੀ ਤੇ ਫਾਜ਼ਿਲਕਾ ਦੇ ਵਿਧਾਇਕ ਵੀ ਆਪੋ ਆਪਣੇ ਚੋਣ ਹਲਕੇ ਹਾਰ ਗਏ ਹਨ। ਇਨ੍ਹਾਂ ਵਿੱਚੋਂ ਵਿਧਾਇਕ ਪਰਮਿੰਦਰ ਸਿੰਘ ਪਿੰਕੀ, ਬੱਲੂਆਣਾ ਤੋਂ ਨੱਥੂ ਰਾਮ, ਫਿਰੋਜ਼ਪੁਰ ਦਿਹਾਤੀ ਤੋਂ ਸੱਤਕਾਰ ਕੌਰ, ਤੇ ਫਾਜ਼ਿਲਕਾ ਤੋਂ ਜੁੱਲੀ ਬਿਸਤਰਾ ਗੋਲ ਵਾਲੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਵੀ ਆਪਣੇ ਆਪਣੇ ਚੋਣ ਹਲਕੇ ਹਾਰ ਗਏ ਹਨ। ਹਲਕਾ ਬਠਿੰਡਾ ਦੇ ਭੁੱਚੋ ਮੰਡੀ ਵਾਲੇ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਵੀ ਕਾਂਗਰਸ ਪਾਰਟੀ ਨੂੰ ਜਿੱਤ ਦਵਾਉਣ ਵਿੱਚ ਨਾਕਾਮ ਰਹੇ ਹਨ। ਸੰਗਰੂਰ ਹਲਕੇ ਵਿੱਚ ਵਿਜੇ ਇੰਦਰ ਸਿੰਗਲਾ ਤੋਂ ਇਲਾਵਾ ਧੂਰੀ ਦੇ ਵਿਧਾਇਕ ਦਲਬੀਰ ਸਿੰਘ ਗੋਲਢੀ ਤੋਂ ਵੀ ਇਨ੍ਹਾਂ ਚੋਣਾਂ ਦੌਰਾਨ ਕਾਂਗਰਸ ਪਾਰਟੀ ਨੂੰ ਨਿਰਾਸ਼ਾ ਹੱਥ ਲੱਗੀ ਹੈ। ਉਨ੍ਹਾਂ ਦੇ ਹਲਕੇ ਵਿੱਚੋਂ ਵੀ ਪਾਰਟੀ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾਂ ਪਿਆ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਉਕਤ ਜਿਹੜੇ ਵਿਧਾਇਕਾਂ ਜਾਂ ਮੰਤਰੀਆਂ ਦੀ ਲੋਕ ਸਭਾ ਚੋਣਾਂ ਦੌਰਾਨ ਕਾਰਗੁਜ਼ਾਰੀ ਮਾੜੀ ਰਹੀ ਹੈ, ਕੀ ਕੈਪਟਨ ਅਮਰਿੰਦਰ ਸਿੰਘ ਆਪਣੀ ਕਥਨੀ ਅਨੁਸਾਰ ਉਨ੍ਹਾਂ ਖਿਲਾਫ ਕੋਈ ਕਾਰਵਾਈ ਕਰਨਗੇ? ਜਾਂ ਵੱਡੇ ਪੱਧਰ ‘ਤੇ ਕਾਰਵਾਈ ਕਰਨ ਤੋਂ ਬਾਅਦ ਪੈਦਾ ਹੋ ਸਕਦੀ ਬਗਾਵਤ ਨੂੰ ਦੇਖਦਿਆਂ ਅਜੇ ਦੜ ਵੱਟ ਲਿਆ ਜਾਵੇਗਾ। ਕੁਝ ਵੀ ਹੋਵੇ ਇਨ੍ਹਾਂ ਚੋਣਾਂ ਨੇ ਕਈਆਂ ਨੂੰ ਆਸਮਾਨੋ ਜਮੀਨ ‘ਤੇ ਤੇ ਕਈਆਂ ਨੂੰ ਜਮੀਨ ਤੋਂ ਆਸਮਾਨ ‘ਤੇ ਚੁੱਕ ਕੇ ਲੈ ਜਾਣਾ ਹੈ ਕਿਉਂਕਿ ਮਿਲਾਈਦਾਰ ਆਹੁਦਿਆਂ ‘ਤੇ ਅੱਖ ਉਹ ਵੀ ਟਿਕਾਈ ਬੈਠੇ ਹਨ ਜਿਨ੍ਹਾਂ ਨੇ ਇਨ੍ਹਾਂ ਚੋਣਾਂ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਈ ਹੈ। ਵੇਖੋ ਭੇਲੀ ਫੁੱਟੀ ਤਾਂ ਕਿਹਦੇ ਹਿੱਸੇ ਕੀ ਆਉਂਦਾ ਹੈ?    

Check Also

ਤਰਨ ਤਾਰਨ ਵਿਖੇ ਪੁਲਿਸ ਤੇ ਲੁਟੇਰਿਆਂ ਵਿਚਾਲੇ ਹੋਈ ਮੁਠਭੇੜ ‘ਚ 1 ਦੀ ਮੌਤ, 4 ਗੰਭੀਰ ਜ਼ਖਮੀ

ਤਰਨ ਤਾਰਨ: ਤਰਨ ਤਾਰਨ ਪੱਟੀ ਰੋਡ ‘ਤੇ ਮਾਹੀ ਰਿਜ਼ਾਰਟ ਨਜ਼ਦੀਕ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁਠਭੇੜ …

Leave a Reply

Your email address will not be published. Required fields are marked *