ਗੱਠਜੋੜ ਦੀ ਰਾਜਨੀਤੀ ‘ਚ ਭਗਵੰਤ ਮਾਨ ਨੂੰ ਮਾਤ ਦੇ ਗਏ ਸੁਖਪਾਲ ਖਹਿਰਾ !

Prabhjot Kaur
4 Min Read

ਚੰਡੀਗੜ੍ਹ : ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਲੋਕ ਸਭਾ ਚੋਣਾਂ ਦਾ ਬਿਗਲ ਵੱਜ ਚੁਕਿਆ ਹੈ ਤੇ ਸੂਬੇ ਦੀਆਂ 13 ਸੀਟਾਂ ‘ਤੇ ਉਮੀਦਵਾਰਾਂ ਦੀ ਚੋਣ ਕਰਨ ਲਈ ਪੰਜਾਬ ਵਿੱਚ ਆਉਂਦੀ 19 ਮਈ ਨੂੰ ਵੋਟਾਂ ਪੈਣ ਜਾ ਰਹੀਆਂ ਹਨ। ਦੱਸ ਦਈਏ ਕਿ ਇਸ ਲਈ ਚੋਣ ਜਾਬਤਾ ਤਾਂ ਹੁਣ ਲੱਗਾ ਹੈ, ਪਰ ਸਿਆਸੀ ਪਾਰਟੀਆਂ ਵੱਲੋਂ ਇਨ੍ਹਾਂ ਚੋਣਾਂ ਨੂੰ ਲੈ ਕੇ ਪਿਛਲੇ ਕਈ ਮਹੀਨਿਆਂ ਤੋਂ ਸਰਗਰਮੀਆਂ ਤੇਜ਼ ਕੀਤੀਆਂ ਹੋਈਆਂ ਹਨ।  ਹਲਾਤ ਇਹ ਹਨ ਕਿ ਜਿਹੜੀਆਂ ਜਿਹੜੀਆਂ ਪਾਰਟੀਆਂ ਸੂਬੇ ਵਿੱਚ ਆਪਣੇ ਆਪ ਨੂੰ ਕਮਜ਼ੋਰ ਸਮਝਦੀਆਂ ਸਨ, ਉਨ੍ਹਾਂ ਨੇ ਆਪਣੀਆਂ ਹਮ ਖਿਆਲੀ ਪਾਰਟੀਆਂ ਅਤੇ ਸੰਸਥਾਵਾਂ ਨਾਲ ਚੋਣ ਸਮਝੌਤੇ ਜਾਂ ਗੱਠਜੋੜ ਬਣਾਉਣ ਲਈ ਪਿਛਲੇ ਕਈ ਮਹੀਨਿਆਂ ਤੋਂ ਯਤਨ ਅਰੰਭੇ ਹੋਏ ਸਨ। ਇਨ੍ਹਾਂ ਯਤਨਾਂ ਤਹਿਤ ਸੁਖਪਾਲ ਸਿੰਘ ਖਹਿਰਾ ਅਤੇ ਭਗਵੰਤ ਮਾਨ ਵੱਲੋਂ ਅੱਡ-ਅੱਡ ਪਾਰਟੀਆਂ ਨਾਲ ਮੀਟਿੰਗਾਂ ਦਾ ਦੌਰ ਵੀ ਜ਼ਾਰੀ ਸੀ, ਤੇ ਇਸ ਦੌਰਾਨ ਸੁਖਪਾਲ ਸਿੰਘ ਖਹਿਰਾ ਤਾਂ ਆਪਣੇ ਹਮਖਿਆਲੀ ਡਾ. ਧਰਮਵੀਰ ਗਾਂਧੀ, ਬੈਂਸ ਭਰਾ, ਬਹੁਜਨ ਸਮਾਜ ਪਾਰਟੀ, ਸੀਪੀਆਈ ਅਤੇ ਕੁਝ ਹੋਰ ਪਾਰਟੀਆਂ ਨੂੰ ਨਾਲ ਮਿਲਾ ਕੇ ਪੰਜਾਬ ਜਮਹੂਰੀ ਗੱਠਜੋੜ ਬਣਾਉਣ ਵਿੱਚ ਕਾਮਯਾਬ ਰਹੇ, ਪਰ ਖਹਿਰਾ ਆਪਣੀ ਜਿਸ ਆਮ ਆਦਮੀ ਪਾਰਟੀ ਵਿੱਚੋਂ ਅੱਡ ਹੋਏ ਸਨ ਉਸ ਦੇ ਪ੍ਰਧਾਨ ਭਗਵੰਤ ਮਾਨ ਸੂਬੇ ਅੰਦਰ ਕਈ ਯਤਨ ਕਰਨ ਦੇ ਬਾਵਜੂਦ ਕਿਸੇ ਵੀ ਪਾਰਟੀ ਨਾਲ ਗੱਠਜੋੜ ਬਣਾਉਣ ਵਿੱਚ ਕਾਮਯਾਬ ਨਹੀਂ ਹੋਏ। ਅਜਿਹੇ ਵਿੱਚ ਕਿਹਾ ਜਾ ਸਕਦਾ ਹੈ ਕਿ ਚੋਣਾਂ ਤੋਂ ਪਹਿਲਾਂ ਖਹਿਰਾ ਆਪਣੇ ਕੱਟੜ ਸਿਆਸੀ ਵਿਰੋਧੀ ਮੰਨੇ ਜਾਂਦੇ ਭਗਵੰਤ ਮਾਨ ਨੂੰ ਗੱਠਜੋੜ ਦੀ ਰਾਜਨੀਤੀ ਕਰਨ ਦੇ ਮਾਮਲੇ ਵਿੱਚ ਮਾਤ ਦੇ ਗਏ ਹਨ। ਅਜਿਹੇ ਹਾਲਤ ਵਿੱਚ ਖਹਿਰਾ ਜਿੱਥੇ ਸੂਬੇ ਅੰਦਰ ਗੱਠਜੋੜ ਦੀ ਹਮਾਇਤ ਨਾਲ ਚੋਣਾਂ ਮੈਦਾਨ ਵਿੱਚ ਉਤਰਨਗੇ, ਉੱਥੇ ਆਮ ਆਦਮੀ ਪਾਰਟੀ ਨੂੰ ਇਹ ਲੋਕ ਸਭਾ ਚੋਣਾਂ ਇਕੱਲਿਆਂ ਹੀ ਲੜਨੀਆਂ ਪੈਣਗੀਆਂ।

ਗੱਠਜੋੜ ਦੇ ਇਨ੍ਹਾਂ ਯਤਨਾਂ ‘ਤੇ ਜੇਕਰ ਝਾਤ ਮਾਰੀਏ ਤਾਂ ਪਤਾ ਲੱਗੇਗਾ ਕਿ ਪੰਜਾਬ ਏਕਤਾ ਪਾਰਟੀ, ਲੋਕ ਇੰਨਸਾਫ ਪਾਰਟੀ ਅਤੇ ਡਾ. ਗਾਂਧੀ ਦਾ ਪੰਜਾਬ ਮੰਚ ਇਹ ਤਿੰਨੋ ਹੀ ਉਹ ਪਾਰਟੀਆਂ ਹਨ ਜਿਹੜੀਆਂ ਰਾਜਨੀਤੀ ਵਿੱਚ ਨਵੀਆਂ ਹਨ। ਪਰ ਇਸ ਦੇ ਬਾਵਜੂਦ ਸੀਪੀਆਈ ਅਤੇ ਬਹੁਜਨ ਸਮਾਜ ਵਰਗੀਆਂ ਪੁਰਾਣੀਆਂ ਤੇ ਹੰਢੀਆਂ ਹੋਈਆਂ ਪਾਰਟੀਆਂ ਨੂੰ ਨਾਲ ਮਿਲਾ ਕੇ ਗੱਠਜੋੜ ਕੀਤਾ ਤੇ ਆਪਣੇ ਵਿਰੋਧੀਆਂ ਨੂੰ ਇਹ ਸੁਨੇਹਾ ਦਿੱਤਾ ਕਿ ਰਾਜਨੀਤੀ ਦੀ ਸਮਝ ਉਨ੍ਹਾਂ ਨੂੰ ਕਿਸੇ ਨਾਲੋਂ ਘੱਟ ਨਹੀਂ ਹੈ। ਜਦਕਿ ਜੇਕਰ ਆਮ ਆਦਮੀ ਪਾਰਟੀ ‘ਤੇ ਨਿਗ੍ਹਾ ਮਾਰੀ ਜਾਵੇ ਤਾਂ ਕੌਂਮੀ ਪੱਧਰ ‘ਤੇ ਸਥਾਪਤ ਹੋ ਚੁਕੀ ਇਹ ਪਾਰਟੀ ਨਾ ਤਾਂ ਰਾਸ਼ਟਰੀ ਪੱਧਰ ‘ਤੇ ਅਤੇ ਨਾ ਹੀ ਪੰਜਾਬ ਪੱਧਰ ‘ਤੇ ਕਿਸੇ ਪਾਰਟੀ ਨਾਲ ਗੱਠਜੋੜ ਕਰਨ ਵਿੱਚ ਕਾਮਯਾਬ ਰਹੀ ਹੈ।

ਇਸ ਨੂੰ ਖਹਿਰਾ ਦੀ ਪੰਜਾਬ ਏਕਤਾ ਪਾਰਟੀ ਦੀ ਵੱਡੀ ਜਿੱਤ ਨਹੀਂ ਕਹੋਗੇ ਤਾਂ ਹੋਰ ਕੀ ਕਹੋਗੇ ਕਿ ਮਹਿਜ਼ ਕੁਝ ਦਿਨ ਪਹਿਲਾਂ ਖੜ੍ਹੀ ਹੋਈ ਇਹ ਪਾਰਟੀ ਪੰਜਾਬ ਜਮਹੂਰੀ ਗੱਠਜੋੜ ਕੋਲੋਂ ਆਪਣੇ ਲਈ 3 ਸੀਟਾਂ ਹਾਸਲ ਕਰਨ ਵਿੱਚ ਕਾਮਯਾਬ ਰਹੀ। ਜਦਕਿ ਕੌਮੀ ਪੱਧਰ ਦੀ ਬਹੁਜਨ ਸਮਾਜ ਪਾਰਟੀ ਨੂੰ ਖਹਿਰਾ ਦੀ ਪਾਰਟੀ ਦੇ ਬਰਾਬਰ 3 ਸੀਟਾਂ ਅਤੇ ਕੌਮੀ ਪੱਧਰ ਦੀ ਹੀ ਪਾਰਟੀਂ ਸੀਪੀਆਈ ਨੂੰ ਸਿਰਫ 1 ਸੀਟ ਨਾਲ ਹੀ ਸਬਰ ਕਰਨਾ ਪਿਆ। ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਨਾ ਤਾਂ ਸ੍ਰੋਮਣੀ ਅਕਾਲੀ ਦਲ ਟਕਸਾਲੀ ਵਾਲਿਆਂ ਨਾਲ ਗੱਲ ਸਿਰੇ ਚੜ੍ਹੀ ਤੇ ਨਾ ਹੀ ਬਹੁਜਨ ਸਮਾਜ ਪਾਰਟੀ ਵਾਲਿਆਂ ਨਾਲ। ਹਲਾਤ ਇਹ ਹਨ ਕਿ ‘ਆਪ’ ਨਾਲ ਗੱਲਬਾਤ ਟੁੱਟਣ ਤੋਂ ਬਾਅਦ ਖਹਿਰਾ ਦਾ ਗੱਠਜੋੜ ਇੱਕ ਵਾਰ ਫਿਰ ਰਾਵਤੇ ਵਿੱਚ ਹੈ ਪਰ ਆਪ ਵਾਲੇ ਪਾਰਟੀ ਹਾਈ ਕਮਾਂਡ ਹੋਣ ਦੇ ਬਾਵਜੂਦ ਬਹੁਜਨ ਸਮਾਜ ਪਾਰਟੀ ਅਤੇ ਸੀਪੀਆਈ ਦੇ ਹਾਈ ਕਮਾਂਡਾ ਨਾਲ ਗੱਲਬਾਤ ਕਰਕੇ ਇਸ ਗੱਠਜੋੜ ਨੂੰ ਕਰਨ ਵਿੱਚ ਨਾਕਾਮ ਦੱਸੇ ਜਾਂਦੇ ਹਨ। ਇਸ ਸਬੰਧੀ ਜਦੋਂ ‘ਆਪ’ ਦੀ ਕੋਰ ਕਮੇਟੀ ਦੇ ਚੇਅਰਮੈਨ ਪ੍ਰਿਸੀਪਲ ਬੁੱਧ ਰਾਮ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਕਦੀ ਕਿਸੇ ਪਾਰਟੀ ਨਾਲ ਚੋਣ ਸਮਝੌਤਾ ਕਰਨਾ ਹੁੰਦਾ ਹੈ ਤਾਂ ਕਈ ਪੱਖ ਵਿਚਾਰਣੇ ਹੁੰਦੇ ਹਨ ਇਹੋ ਕਾਰਨ ਹੈ ਕਿ ਪਾਰਟੀ ਨੇ ਆਪਣੇ ਪੱਧਰ ‘ਤੇ ਚੋਣ ਲੜਨ ਦਾ ਫੈਸਲਾ ਕੀਤਾ ਹੈ।

 

- Advertisement -

Share this Article
Leave a comment