Home / ਓਪੀਨੀਅਨ / ਖਹਿਰੇ ਦਾ ਅਸਤੀਫਾ ਸਿਆਸੀ ਸਟੰਟ?

ਖਹਿਰੇ ਦਾ ਅਸਤੀਫਾ ਸਿਆਸੀ ਸਟੰਟ?

ਚੰਡੀਗੜ੍ਹ : ਪੰਜਾਬ ਏਕਤਾ ਪਾਰਟੀ ਦੇ ਆਡਹੌਕ ਪ੍ਰਧਾਨ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਬੀਤੀ ਕੱਲ੍ਹ ਆਪਣੀ ਵਿਧਾਇਕੀ ਤੋਂ ਅਸਤੀਫਾ ਦੇ ਦਿੱਤਾ। ਇਹ ਅਸਤੀਫਾ ਉਨ੍ਹਾਂ ਨੇ ਸੂਬਾ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੂੰ ਭੇਜਿਆ ਹੈ, ਜਿਸ ਦੀ ਇੱਕ ਕਾਪੀ ਖਹਿਰਾ ਨੇ ਮੀਡੀਆ ਨੂੰ ਵੀ ਜਾਰੀ ਕੀਤੀ। ਅੰਗਰੇਜੀ ਤੇ ਪੰਜਾਬੀ ਭਾਸ਼ਾ ‘ਚ ਲਿਖੇ ਕੁੱਲ 3 ਸਫਿਆਂ ਦੇ ਇਸ ਅਸਤੀਫੇ ਵਿੱਚ ਸੁਖਪਾਲ ਖਹਿਰਾ ਨੇ ਆਪਣੀ ਵਿਧਾਇਕੀ ਤੋਂ ਅਸਤੀਫਾ ਦੇਣ ਦੇ ਜਿਹੜੇ ਲੰਬੇ-ਚੌੜੇ ਕਾਰਨ ਲਿਖੇ ਹਨ, ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਕਾਰਨਾਂ ਦਾ ਸਪੀਕਰ ਰਾਣਾ ਕੇਪੀ ਸਿੰਘ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਪੰਜਾਬ ਵਿਧਾਨ ਸਭਾ ਨੇ ਕਿਸੇ ਵੀ ਵਿਧਾਇਕ ਵੱਲੋਂ ਅਸਤੀਫਾ ਦਿੱਤੇ ਜਾਣ ਦਾ ਇੱਕ ਵਿਸ਼ੇਸ਼ ਖਾਕਾ ਤੈਅ ਕੀਤਾ ਹੋਇਆ ਹੈ ਜਿਸ ਤੋਂ ਬਾਹਰ ਜਾ ਕੇ ਅਸਤੀਫਾ ਦੇਣ ਵਾਲਾ ਸਖ਼ਸ਼ ਜੇਕਰ ਕੁਝ ਵੀ ਲਿਖਦਾ ਹੈ ਤਾਂ ਕਾਨੂੰਨ ਮੁਤਾਬਕ ਉਸ ਦਾ ਅਸਤੀਫਾ ਮਨਜੂਰ ਨਹੀਂ ਹੋ ਸਕਦਾ। ਪਰ ਸੁਖਪਾਲ ਖਹਿਰਾ ਨੇ ਆਪਣੇ ਅਸਤੀਫੇ ਵਿੱਚ ਵਿਧਾਇਕੀ ਛੱਡਣ ਦੇ ਲੰਬੇ-ਚੌੜੇ ਕਾਰਨ ਲਿਖੇ ਹਨ ਜੋ ਕਿ ਤੈਅ ਕੀਤੇ ਗਏ ਨਿਯਮ ਅਤੇ ਕਾਨੂੰਨਾਂ ਦੀ ਉਲੰਘਣਾ ਕਰਦੇ ਹਨ। ਲਿਹਾਜਾ ਖਹਿਰਾ ਦਾ ਅਸਤੀਫਾ ਪੜ੍ਹਦਿਆਂ ਸਾਰ ਉਨ੍ਹਾਂ ਦੇ ਵਿਰੋਧੀਆਂ ਨੇ ਇਸ ਅਸਤੀਫੇ ਨੂੰ ਸਿਆਸੀ ਸਟੰਟ ਕਰਾਰ ਦਿੱਤਾ ਹੈ, ਤੇ ਕਿਹਾ ਹੈ ਕਿ ਅਸਲ ਵਿੱਚ ਖਹਿਰਾ ਵਿਧਾਇਕੀ ਛੱਡਣਾ ਹੀ ਨਹੀਂ ਚਾਹੁੰਦੇ ਤੇ ਉਹ ਪੰਜਾਬ ਦੇ ਲੋਕਾਂ ਨਾਲ ਧੋਖਾ ਕਰ ਰਹੇ ਹਨ। ਦੱਸ ਦਈਏ ਕਿ ਸੁਖਪਾਲ ਖਹਿਰਾ ਨੇ ਆਪਣੇ ਅਸਤੀਫੇ ਵਿੱਚ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਪੈਦਾ ਹੋਏ ਮਤਭੇਦਾ ਦਾ ਜਿਕਰ ਕਰਦਿਆਂ ਕਿਹਾ ਹੈ, ਕਿ ਉਹ ਭੁਲੱਥ ਦੇ ਵਿਧਾਇਕ ਵਾਲੇ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੁੰਦੇ ਹਨ। ਖਹਿਰਾ ਅਨੁਸਾਰ ਉਨ੍ਹਾਂ ਨੇ ਸਾਲ 2017 ‘ਚ ਆਮ ਆਦਮੀ ਪਾਰਟੀ ਵੱਲੋਂ ਚੋਣ ਲੜ ਕੇ ਜਿੱਤ ਹਾਸਲ ਕੀਤੀ ਸੀ ਤੇ ਇਸ ਤੋਂ ਪਹਿਲਾਂ ਉਨ੍ਹਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਇਸ ਲਈ ਫੜਿਆ ਸੀ ਕਿਉਂਕਿ ਉਹ ਵੀ ਦੇਸ਼ ਭਰ ਦੇ ਲੋਕਾਂ ਵਾਂਗ ‘ਆਪ’ ਸੁਪਰੀਮੋਂ ਅਰਵਿੰਦ ਕੇਜਰੀਵਾਲ ਦੇ ਵਾਅਦਿਆਂ ਤੇ ਦਾਅਵਿਆਂ ਤੋਂ ਪ੍ਰਭਾਵਿਤ ਸਨ। ਪਰ ਕੁਝ ਸਮੇਂ ਬਾਅਦ ਹੀ ਇਹ ਸਾਬਤ ਹੋ ਗਿਆ ਕਿ ਅਰਵਿੰਦ ਕੇਜਰੀਵਾਲ ਵੱਲੋਂ ਕੀਤੇ ਗਏ ਇਹ ਵਾਅਦੇ ਤੇ ਦਾਅਵੇ ਆਪਣੇ ਰਾਜਨੀਤਕ ਫਾਇਦੇ ਲਈ ਕੀਤੇ ਗਏ ਸਨ। ਖਹਿਰਾ ਨੇ ਇਸ ਅਸਤੀਫੇ ਵਿੱਚ ਜਿੱਥੇ ਕੇਜਰੀਵਾਲ ਵੱਲੋਂ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਤੋਂ ਮੰਗੀ ਗਈ ਮਾਫੀ ਦਾ ਜਿਕਰ ਕੀਤਾ, ਉੱਥੇ ‘ਆਪ’ ਸੁਪਰੀਮੋਂ ‘ਤੇ ਦੋਸ਼ ਲਾਇਆ ਕਿ ਉਸ ਨੇ ਸਵਰਾਜ ਦੀ ਵਿਚਾਰਧਾਰਾ ਨੂੰ ਦਰਕਿਨਾਰ ਕਰਕੇ ਯੋਗਿੰਦਰ ਯਾਦਵ ਤੇ ਡਾ. ਗਾਂਧੀ ਵਰਗੇ ਆਗੂਆਂ ਨੂੰ ਪਾਰਟੀ ਵਿੱਚੋਂ ਬਾਹਰ ਕੱਢ ਦਿੱਤਾ। ਉਨ੍ਹਾਂ ਕਿਹਾ ਕਿ ਹੁਣ ਹੱਦ ਤਾਂ ਇੱਥੇ ਹੋ ਗਈ ਕਿ ਕੇਜਰੀਵਾਲ ਹੁਣ ਉਸ ਕਾਂਗਰਸ ਕੋਲ ਆਪਣੀ ਪਾਰਟੀ ਨਾਲ ਗੱਠਜੋੜ ਕਰਨ ਦੀ ਭੀਖ ਮੰਗ ਰਹੇ ਹਨ, ਜਿਸ ਦੇ ਖਿਲਾਫ ਉਨ੍ਹਾਂ ਅਤੇ ਅੱਨਾ ਹਜ਼ਾਰੇ ਨੇ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਖੜ੍ਹੀ ਕੀਤੀ ਸੀ। ਇਸ ਅਸਤੀਫੇ ਵਿੱਚ ਖਹਿਰਾ ਨੇ ਪੰਜਾਬ ਏਕਤਾ ਪਾਰਟੀ ਬਣਾਏ ਜਾਣ ਦੇ ਕਾਰਨ ਦੱਸੇ ਤੇ ਕਿਹਾ ਕਿ ਹੁਣ ਉਹ ਇਸ ਪਾਰਟੀ ਦੀ ਭਰਾਤਰੀ ਸੋਚ ਵਾਲੀਆਂ ਪਾਰਟੀਆਂ ਨੂੰ ਨਾਲ ਲੈ ਕੇ ਚੋਣ ਲੜਨ ਜਾ ਰਹੇ ਹਨ ਤਾਂ ਕਿ ਪੰਜਾਬ ਦੀ ਸੱਤਾ ਤੇ ਬਦਲ ਬਦਲ ਕੇ ਕਾਬਜ਼ ਹੁੰਦੀਆਂ ਰਹੀਆਂ ਰਵਾਇਤੀ ਪਾਰਟੀਆਂ ਅਕਾਲੀ-ਭਾਜਪਾ ਗੱਠਜੋੜ, ਤੇ ਕਾਂਗਰਸ ਦੇ ਖਿਲਾਫ ਪੰਜਾਬ ਦੇ ਲੋਕਾਂ ਨੂੰ ਤੀਜਾ ਬਦਲ ਦਿੱਤਾ ਜਾ ਸਕੇ, ਕਿਉਂਕਿ ਇਨ੍ਹਾਂ ਰਵਾਇਤੀ ਪਾਰਟੀਆਂ ਨੇ ਪੰਜਾਬ ਨੂੰ ਪਿਛਲੇ ਤਿੰਨ ਦਹਾਕਿਆਂ ਵਿੱਚ ਢਾਈ ਲੱਖ ਕਰੋੜ ਰੁਪਏ ਦੇ ਕਰਜੇ ਹੇਠ ਦੱਬ ਦਿੱਤਾ ਹੈ। ਖਹਿਰਾ ਅਨੁਸਾਰ ਕਰਜੇ ਹੇਠ ਦੱਬੇ ਸੂਬੇ ਦੇ ਕਿਸਾਨ ਅਤੇ ਮਜਦੂਰ ਵੱਡੀ ਗਿਣਤੀ ਵਿੱਚ ਆਤਮ ਹੱਤਿਆਵਾਂ ਕਰ ਰਹੇ ਹਨ। ਪੰਜਾਬ ਦੇ 44 ਲੱਖ ਨੌਜਵਾਨ ਬੇਰੁਜ਼ਗਾਰ ਘੁੰਮ ਰਹੇ ਹਨ ਅਤੇ ਬੇਹੱਦ ਤਣਾਅ ਹੇਠ ਹਨ। ਇਨ੍ਹਾਂ ਲੋਕਾਂ ਨੂੰ ਚੰਗਾ ਜੀਵਨ ਜਿਉਣ ਲਈ ਹਰ ਸਾਲ ਵਿਦੇਸ਼ਾਂ ਵੱਲ ਧੱਕਿਆ ਜਾ ਰਿਹਾ ਹੈ। ਚਿੱਟਾ, ਹੈਰੋਇਨੇ, ਸਮੈਕ ਤੇ ਹੋਰ ਨਸ਼ੇ ਪੰਜਾਬ ਦੀ ਜਵਾਨੀ ਤਬਾਹ ਕਰ ਰਹੇ ਹਨ, ਤੇ ਇਸ ਸਭ ਤਾਕਤਵਰ ਸਿਆਸਤਦਾਨ ਅਤੇ ਪੁਲਿਸ ਵਾਲਿਆਂ ਦੀ ਮਿਲੀਭੁਗਤ ਨਾਲ ਹੋ ਰਿਹਾ ਹੈ। ਸੁਖਪਾਲ ਖਹਿਰਾ ਨੇ ਇਸ ਅਸਤੀਫੇ ਵਿੱਚ ਸਾਲ 2015 ਦੌਰਾਨ ਵਾਪਰੀਆਂ ਬੇਅਦਬੀ ਕਾਂਡ ਦੀਆਂ ਘਟਨਾਵਾਂ ਅਤੇ ਗੋਲੀ ਕਾਂਡ ਨਾਲ ਮਾਰੇ ਗਏ ਦੋ ਸਿੱਖਾਂ ਦਾ ਜਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਕਾਂਡਾਂ ਦੇ ਦੋਸ਼ੀਆਂ ਨੂੰ ਬਚਾਉਣ ਲਈ ਤਾਕਤਵਰ ਸਿਆਸਤਦਾਨ ਉਨ੍ਹਾਂ ਦੀ ਪੁਸ਼ਤ-ਪਨਾਹੀ ਕਰ ਰਹੇ ਹਨ। ਇਹ ਅਤੇ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਕਾਰਨ ਲਿਖ ਕੇ ਅੰਤ ਵਿੱਚ ਖਹਿਰਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਕੱਠਿਆਂ ਕਰਨ ਅਤੇ ਰਵਾਇਤੀ ਪਾਰਟੀਆਂ ਦੇ ਚੁੰਗਲ ‘ਚੋਂ ਛੜਾਉਣ ਲਈ, ਉਨ੍ਹਾਂ ਨੇ ਲੋਕ ਸਭਾ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ ਤਾਂ ਕਿ ਪੰਜਾਬ ਨੂੰ ਭ੍ਰਿਸ਼ਟ ਦੁਸ਼ਮਣਾਂ ਤੋਂ ਬਚਾਇਆ ਜਾ ਸਕੇ। ਲਿਹਾਜਾ ਉਹ ਨੈਤਿਕ ਕਦਰਾਂ-ਕੀਮਤਾਂ ਦੇ ਅਧਾਰ ‘ਤੇ ਆਪਣੀ ਹਲਕਾ ਭੁਲੱਥ ਦੀ ਵਿਧਾਇਕੀ ਤੋਂ ਬਿਨਾਂ ਦੇਰੀ ਕੀਤੇਆਂ ਅਸਤੀਫਾ ਦਿੰਦੇ ਹਨ। ਇਹ ਸੀ ਉਹ ਅਸਤੀਫਾ ਜਿਹੜਾ ਖਹਿਰਾ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਭੇਜਿਆ, ਪਰ ਕਾਨੂੰਨ ਅਨੁਸਾਰ ਇਹ ਅਸਤੀਫਾ ਮਨਜੂਰ ਨਹੀਂ ਹੋ ਸਕਦਾ, ਕਿਉਂਕਿ ਕੁਝ ਇਹੋ ਜਿਹਾ ਹੀ ਅਸਤੀਫਾ ਹਲਕਾ ਦਾਖਾਂ ਤੋਂ ਵਿਧਾਇਕ ਐਚ ਐਸ ਫੂਲਕਾ ਨੇ ਵੀ ਦਿੱਤਾ ਸੀ, ਜਿਸ ਵਿੱਚ ਫੂਲਕਾ ਨੇ ਅਸਤੀਫਾ ਦੇਣ ਦੇ ਆਪਣੇ ਵੱਖਰੇ ਵੱਖਰੇ ਕਾਰਨ ਦੱਸੇ ਸਨ। ਪਰ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਇਹ ਕਹਿੰਦਿਆਂ ਉਹ ਅਸਤੀਫਾ ਨਾ ਮਨਜੂਰ ਕਰ ਦਿੱਤਾ ਕਿ ਫੂਲਕਾ ਆਪਣਾ ਅਸਤੀਫਾ ਵਿਧਾਨ ਸਭਾ ਵੱਲੋਂ ਤੈਅ ਕੀਤੇ ਗਏ ਮਾਣਕਾਂ ਅਨੁਸਾਰ ਭੇਜਣ। ਇੱਧਰ ਦੂਜੇ ਪਾਸੇ ਪੰਜਾਬ ਵਿਧਾਨ ਸਭਾ ਅੰਦਰ ਵਿਰੋਧੀ ਧਿਰ ਦੇ ਆਗੂ ਤੇ ਆਮ ਆਦਮੀ ਪਾਰਟੀ ਦੇ ਹਲਕਾ ਦਿੜ੍ਹਬਾ ਤੋਂ ਵਿਧਾਇਕ ਹਰਪਾਲ ਚੀਮਾਂ ਨੇ ਵੀ ਗਲੋਬਲ ਪੰਜਾਬ ਟੀ.ਵੀ. ਵੱਲੋਂ ਪੇਸ਼ ਕੀਤੇ ਗਏ ਇਨ੍ਹਾਂ ਤੱਥਾਂ ਦੀ ਪੁਸ਼ਟੀ ਕਰਦਿਆਂ ਕਿਹਾ ਹੈ, ਕਿ ਖਹਿਰਾ ਵੱਲੋਂ ਦਿੱਤਾ ਗਿਆ ਇਹ ਅਸਤੀਫਾ ਇੱਕ ਸਿਆਸੀ ਸਟੰਟ ਹੈ ਤੇ ਉਹ ਪੰਜਾਬ ਦੇ ਲੋਕਾਂ ਨਾਲ ਧੋਖਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਖਹਿਰਾ ਨੂੰ ਵਿਧਾਇਕੀ ਨਾਲ ਇੰਨਾ ਪਿਆਰ ਹੈ ਕਿ ਉਹ ਅਸਤੀਫਾ ਦੇਣਾ ਹੀ ਨਹੀਂ ਚਾਹੁੰਦੇ, ਤੇ ਇਹੋ ਕਾਰਨ ਹੈ ਕਿ ਖਹਿਰਾ ਨੇ ਅਸਤੀਫਾ ਵਿਧਾਨ ਸਭਾ ਦੇ ਤੈਅ ਕੀਤੇ ਕਾਨੂੰਨਾਂ ਅਤੇ ਨਿਯਮਾਂ ਅਨੁਸਾਰ ਨਹੀਂ ਦਿੱਤਾ। ਚੀਮਾਂ ਨੇ ਕਿਹਾ ਕਿ ਅਜਿਹਾ ਅਸਤੀਫਾ ਉਸ ਖਹਿਰਾ ਨੇ ਲਿਖਿਆ ਹੈ ਜਿਹੜੇ ਕਿਸੇ ਵੇਲੇ ਪੰਜਾਬ ਲਈ 100 ਅਹੁਦੇ ਕੁਰਬਾਨ ਕਰਨ ਦੀਆਂ ਡੀਗਾਂ ਮਾਰਿਆ ਕਰਦੇ ਸਨ, ਪਰ ਹੁਣ ਉਨ੍ਹਾਂ ਦਾ ਅਸਲੀ ਚਿਹਰਾ ਨੰਗਾ ਹੋ ਚੁਕਾ ਹੈ।

Check Also

ਖੇਤੀਬਾੜੀ ਕਾਨੂੰਨਾਂ ਸਬੰਧੀ ਕੇਂਦਰ ਨੇ ਪੰਜਾਬ ਨਾਲ ਕੋਈ ਗੱਲਬਾਤ ਨਹੀਂ ਕੀਤੀ: ਕੈਪਟਨ ਅਮਰਿੰਦਰ ਸਿੰਘ

ਪਟਿਆਲਾ:- ਗਣਤੰਤਰ ਦਿਵਸ ਮੌਕੇ ਪਟਿਆਲਾ ਵਿੱਚ ਹੋਏ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਮੁੱਖ ਮੰਤਰੀ …

Leave a Reply

Your email address will not be published. Required fields are marked *