ਸਦਨ ‘ਚ ਹਾਕਮ ਧਿਰ ਦੀ ਫੁੱਟ ਦਾ ਭਾਂਡਾ ਭੱਜਿਆ, ਕੈਪਟਨ ਦੀ ਕਾਰਗੁਜਾਰੀ ‘ਤੇ ਨਿਰਾਸ਼ਾ ਦਾ ਆਲਮ

TeamGlobalPunjab
5 Min Read

ਜਗਤਾਰ ਸਿੰਘ ਸਿੱਧੂ

 

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਬਜ਼ਟ ਸੈਸ਼ਨ ਵਿੱਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ 2020-21 ਦੇ ਰੱਖੇ ਬਜ਼ਟ ਬਾਰੇ ਤਾਂ ਮਤਭੇਦ ਹੋ ਸਕਦੇ ਹਨ ਪਰ ਇਸ ਸੈਸ਼ਨ ਨੇ ਹਾਕਮ ਧਿਰ ਕਾਂਗਰਸ ਪਾਰਟੀ ਦੀ ਅੰਦਰੂਨੀ ਪਾਟੋਧਾੜ ਨੂੰ ਵੀ ਉਜਾਗਰ ਕੀਤਾ ਹੈ। ਸਦਨ ਅੰਦਰ ਜਦੋਂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਇਹ ਕਹੇ ਕਿ ਸਰਕਾਰ ਦੀ ਕਮਜੋਰੀ ਕਾਰਨ ਡਰਗ ਮਾਫੀਆ ਨਾਲ ਸਬੰਧਤ ਲੋਕ ਬੜ੍ਹਕਾਂ ਮਾਰ ਰਹੇ ਹਨ। ਜਦੋਂ ਕਾਂਗਰਸ ਪਾਰਟੀ ਦੇ ਵਿਧਾਇਕ ਅਤੇ ਯੁਵਾ ਨੇਤਾ ਰਾਜਾ ਵੜਿੰਗ ਸਦਨ ਵਿੱਚ ਖੜ੍ਹੇ ਹੋ ਕੇ ਇਹ ਪੁੱਛਣ ਕਿ ਰੇਤ ਮਾਫੀਆ, ਡਰੱਗ ਮਾਫੀਆ, ਸ਼ਰਾਬ ਮਾਫੀਆ  ਨੂੰ ਨੱਥ ਕਦੋਂ ਪਏਗੀ।

 

- Advertisement -

ਲੋਕ ਇਹ ਪੁੱਛਦੇ ਹਨ ਕਿ ਪੰਜਾਬ ਵਿੱਚ ਸ਼ਰਾਬ ਤਾਂ ਮਹਿੰਗੀ ਹੈ ਪਰ ਆਬਕਾਰੀ ਵਿਭਾਗ 600 ਕਰੋੜ ਰੁਪਏ ਘਾਟੇ ਵਿੱਚ ਕਿਉਂ ਜਾ ਰਿਹਾ ਹੈ। ਸ਼ਰਾਬ ਦੀਆਂ ਫੈਕਟਰੀਆਂ ਤੋਂ ਸ਼ਰਾਬ ਦੇ ਟਰੱਕ  ਬਗੈਰ ਟੈਕਸ ਦੀ ਅਦਾਇਗੀ ਕੀਤੇ ਕਿਉਂ ਜਾ ਰਹੇ ਹਨ। ਭ੍ਰਿਸ਼ਟਾਚਾਰ ਦਾ ਪੰਜਾਬ ਵਿੱਚ ਬੋਲਬਾਲਾ ਹੈ।  ਪੰਜਾਬ ਵਿਧਾਨ ਸਭਾ ਵਿੱਚ ਕਈ ਅਹਿਮ ਮੌਕਿਆਂ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਗੈਰਹਾਜ਼ਰ ਰਹੇ। ਮਿਸਾਲ ਵਜੋਂ ਜਦੋਂ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਕਰਤਾਰਪੁਰ ਸਾਹਿਬ ਦੇ ਲਾਂਘੇ ਬਾਰੇ ਬਿਆਨ ਦਿੱਤਾ ਤਾਂ ਉਸ ਨੂੰ ਲੈ ਕੇ ਸਦਨ ਵਿੱਚ ਹੰਗਾਮਾ ਹੋ ਗਿਆ। ਹਾਕਮ ਧਿਰ ਨੂੰ ਭਰੋਸਾ ਦੇਣਾ ਪਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਗਲੇ ਦਿਨ ਇਸ ਮੁੱਦੇ ‘ਤੇ ਬਿਆਨ ਦੇਣਗੇ।

 

 ਬੇਸ਼ਕ ਕੈਪਟਨ ਅਮਰਿੰਦਰ ਸਿੰਘ ਨੇ ਢੰਗ ਨਾਲ ਡੀਜ਼ੀਪੀ ਗੁਪਤਾ ਦਾ ਪੱਲਾ ਛੁਡਾਉਣ ਦੀ ਕੋਸ਼ਿਸ਼ ਕੀਤੀ ਪਰ ਸਦਨ ਵਿੱਚ ਰੌਲਾ ਰੱਪਾ ਪੈਂਦਾ ਰਿਹਾ। ਇਹ ਵੱਖਰੀ ਗੱਲ ਹੈ ਕਿ ਬਾਅਦ ਵਿੱਚ ਵਿਰੋਧੀ ਧਿਰ ਵੀ ਆਗਿਆਕਾਰੀ ਬੱਚੇ ਵਾਂਗ ਰੋ ਧੋ ਕੇ ਸਬਰ ਨਾਲ ਬੈਠ ਗਈ । ਹਾਕਮ ਧਿਰ ਇਸ ਮੁੱਦੇ ‘ਤੇ ਸਦਨ ਵਿੱਚ ਬੇਬੱਸ ਨਜ਼ਰ ਆ ਰਹੀ ਸੀ। ਪੰਜਾਬ ਵਿਧਾਨ ਸਭਾ ਵਿੱਚ ਕਈ ਮੌਕਿਆਂ ‘ਤੇ ਹਾਕਮ ਧਿਰ ਦੇ ਮੈਂਬਰਾਂ ਨੇ ਸਰਕਾਰ ਨੂੰ ਵੱਖ ਵੱਖ ਮੌਕਿਆਂ ‘ਤੇ ਘੇਰਿਆ।

 

ਕਮਾਲ ਤਾਂ ਇਹ ਹੈ ਕਿ ਜਦੋਂ ਪੱਤਰਕਾਰਾਂ ਨੇ ਰਾਜਾ ਵੜਿੰਗ ਨੂੰ ਪੁੱਛਿਆ ਕਿ ਤੁਸੀਂ ਤਾਂ ਕਾਂਗਰਸ ਸਰਕਾਰ ਵਿਰੁੱਧ ਹੀ ਬੋਲ ਰਹੇ ਹੋ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਸ ਨਾਲ ਸਰਕਾਰ ਦਰੁਸਤ ਹੋਵੇਗੀ। ਰਾਜਾ ਵੜਿੰਗ ਨੇ ਕਿਹਾ ਕਿ ਉਨ੍ਹਾਂ ਨੇ ਹਾਕਮ ਧਿਰ ਨੂੰ ਸੁਚੇਤ ਕੀਤਾ ਹੈ। ਇਸ ਤੋਂ ਪਹਿਲਾਂ ਖਿਡਾਰੀ ਤੋ ਨੇਤਾ ਬਣੇ ਪ੍ਰਗਟ ਸਿੰਘ ਨੇ ਪਾਰਟੀ ਪ੍ਰਧਾਨ ਨੂੰ ਪੱਤਰ ਲਿਖ ਕੇ ਜਾਣਕਾਰੀ ਦਿੱਤੀ ਸੀ ਕਿ ਚੋਣਾਂ ਵੇਲੇ ਕੀਤੇ ਵਾਅਦਿਆਂ ਵਿੱਚੋਂ ਕਿਸੇ ਦੀ ਪੂਰਤੀ ਨਹੀਂ ਹੋ ਰਹੀ । ਇਸ ਮੁੱਦੇ ‘ਤੇ ਮੀਡੀਆ ਵਿੱਚ ਚੰਗੀ ਬਹਿਸ ਛਿੜੀ ਹੋਈ ਹੈ।

- Advertisement -

 

ਹਾਲਤ ਤਾਂ ਇਹ ਬਣੀ ਹੋਈ ਹੈ ਕਿ ਪੰਜਾਬ ਵਿਧਾਨ ਸਭਾ ਸੈਸ਼ਨ ਵਿੱਚ ਹਾਕਮਧਿਰ ਦੇ ਵਿਧਾਇਕਾਂ ਨੇ ਕਿਹਾ ਕਿ ਅਫਸਰਸ਼ਾਹੀ ਵਿਧਾਇਕਾਂ ਦੀ ਕੋਈ ਪ੍ਰਵਾਹ ਨਹੀਂ ਕਰਦੀ। ਵਿਧਾਇਕਾਂ ਨੇ ਮਿਸਾਲ ਦਿੱਤੀ ਕਿ ਦਿੱਲੀ ਪੰਜਾਬ ਭਵਨ ਵਿੱਚ ਵਿਧਾਇਕਾਂ ਨੂੰ ਏਬਲਾਕ ਵਿੱਚ ਰਹਿਣ ਲਈ ਕਮਰੇ ਨਹੀਂ ਮਿਲਦੇ ਅਤੇ ਵਿਧਾਇਕਾਂ ਦੀ ਬੇਇਜਤੀ ਹੁੰਦੀ ਹੈ। ਦੂਜੇ ਪਾਸੇ ਮੁੱਖ ਮੰਤਰੀ ਦਫਤਰ ਨਾਲ ਸਬੰਧਤ ਕਈ ਸੀਨੀਅਰ ਅਧਿਕਾਰੀਆਂ ਨੂੰ ਪੱਕੇ ਕਮਰੇ ਮਿਲੇ ਹੋਏ ਹਨ। ਸਪੀਕਰ ਨੇ ਵਿਧਾਇਕਾਂ ਨੂੰ ਭਰੋਸਾ ਦਿੱਤਾ ਕਿ ਉਹ ਇਹ ਮਾਮਲਾ ਮੁੱਖ ਸਕੱਤਰ ਨਾਲ ਉਠਾਉਂਣਗੇ। ਇਸ ਨਾਲ ਵਿਧਾਇਕਾਂ ਦਾ ਗੁੱਸਾ ਠੰਡਾ ਹੋਇਆ।

 

ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਅਕਾਲੀ ਨੇਤਾ ਬਿਕਰਮ ਮਜੀਠੀਆ ਨੂੰ ਘੇਰਦੇ ਆ ਰਹੇ ਹਨ। ਕੈਬਨਿਟ ਮੰਤਰੀ ਰੰਧਾਵਾ ਨੇ ਸਦਨ ਵਿਚ ਮਜੀਠੀਆ ਨਾਲ ਇਕ ਮੁੱਦੇ ‘ਤੇ ਝੜਪ ਵਿੱਚ ਮੰਨਿਆਂ ਕਿ  ਜੇਕਰ ਸਰਕਾਰ ਕਾਰਵਾਈ ਕਰਦੀ ਤਾਂ ਇਹ ਸਥਿਤੀ ਨਹੀਂ ਆਉਣੀ ਸੀ। ਅਕਸਰ ਕਾਂਗਰਸ ਪਾਰਟੀ ਦੇ ਵਿਧਾਇਕ ਅਤੇ ਮੰਤਰੀ ਉਪਰੋਕਤ ਦੋਹਾਂ ਮੁੱਦਿਆਂ ਨੂੰ ਲੈ ਕੇ ਬਾਦਲ ਪਰਿਵਾਰ ‘ਤੇ ਨਿਸ਼ਾਨਾ ਲਾਉਂਦੇ ਰਹੇ ਹਨ ਪਰ ਅਜੇ ਤੱਕ ਕੁਝ ਪੁਲਿਸ ਅਧਿਕਾਰੀਆਂ ਵਿਰੁੱਧ ਕਾਰਵਾਈ ਨੂੰ ਛੱਡਕੇ ਬਾਦਲ ਸਰਕਾਰ ਦੇ ਸਮੇਂ ਦੇ ਕਿਸੇ ਵੀ ਨੇਤਾ ਉੱਤੇ  ਕਾਰਵਾਈ ਨਹੀਂ ਹੋਈ। ਇਸੇ ਲਈ ਆਮ ਆਦਮੀ ਪਾਰਟੀ ਲਗਾਤਾਰ ਆਖ ਰਹੀ ਹੈ ਕਿ ਬਾਦਲ ਅਤੇ ਕੈਪਟਨ ਇਨ੍ਹਾਂ ਮੁੱਦਿਆਂ ‘ਤੇ ਦੋਸਤਾਨਾਂ ਮੈਚ ਖੇਡਦੇ ਆ ਰਹੇ ਹਨ। ਸਦਨ ਅੰਦਰ ਬਾਦਲਾਂ ਦੀਆਂ ਬੱਸਾਂ ਨੂੰ ਲੈ ਕੇ ਵੀ ਸਵਾਲ ਉੱਠਦੇ ਹਨ ਪਰ ਅਜੇ ਤੱਕ ਸਰਕਾਰ ਵੱਲੋਂ ਕੋਈ ਟ੍ਰਾਂਸਪੋਰਟ ਨੀਤੀ ਨਹੀਂ ਬਣਾਈ ਗਈ।

 

ਇਸੇ ਤਰ੍ਹਾਂ ਭ੍ਰਿਸ਼ਟਾਚਾਰ ਦੇ ਦੋਸ਼ ਵੱਖ ਵੱਖ ਪੱਧਰਾਂ ‘ਤੇ ਲਗ ਰਹੇ ਹਨ ਪਰ ਛੋਟੇ ਮੋਟੇ ਮਾਮਲਿਆਂ ਨੂੰ ਛੱਡ ਕੇ ਕੋਈ ਵੱਡੀ ਕਾਰਵਾਈ ਸਾਹਮਣੇ ਨਹੀਂ ਆਈ। ਪੰਜਾਬ ਵਿੱਚ ਅਕਾਲੀ ਭਾਜਪਾ ਸਰਕਾਰ ਨੇ ਵੱਖ ਵੱਖ ਕੰਪਨੀਆਂ ਨਾਲ ਬਿਜਲੀ ਸਮਝੌਤੇ ਕੀਤੇ ਸਨ। ਇਨ੍ਹਾਂ ਸਮਝੌਤਿਆਂ ਕਾਰਨ ਬਿਜਲੀ ਦਰਾਂ ਬਹੁਤ ਵੱਧ ਗਈਆਂ ਹਨ ਅਤੇ ਲੋਕਾਂ ਵਿੱਚ ਬੇਚੈਨੀ ਹੈ। ਮੁੱਖ ਵਿਰੋਧੀ ਧਿਰ ਨੇ ਬਿਜਲੀ ਸਮਝੌਤੇ ਰੱਦ ਕਰਨ ਦੀ ਮੰਗ ਕੀਤੀ ਹੈ। ਸਰਕਾਰ ਆਖ ਰਹੀ ਹੈ ਕਿ ਮਾਮਲਾ ਅਦਾਲਤ ਵਿੱਚ ਹੈ। ਸਦਨ ਅੰਦਰ ਬਿਜਲੀ ਸਮਝੌਤਿਆਂ ਬਾਰੇ ਵਾਈਟ ਪੇਪਰ ਜਾਰੀ ਕਰਨ ਦਾ ਐਲਾਨ ਕੀਤਾ ਗਿਆ ਹੈ ਪਰ ਸਮਝੌਤੇ ਤੋੜਨ ਬਾਰੇ ਕੋਈ ਵੀ ਭਰੋਸਾ ਨਹੀਂ ਦਿੱਤਾ ਗਿਆ। ਕੈਪਟਨ ਸਰਕਾਰ ਇਨ੍ਹਾਂ ਸਮਝੌਤਿਆਂ ਲਈ ਬਾਦਲ ਸਰਕਾਰ ਨੂੰ ਤਾਂ ਭੰਢ ਰਹੀ ਹੈ ਪਰ ਸਰਕਾਰ ਕੋਲ ਸਮਝੌਤੇ ਰੱਦ ਕਰਨ ਬਾਰੇ ਕੋਈ ਜਵਾਬ ਨਹੀਂ ਹੈ।

Share this Article
Leave a comment