ਬ੍ਰਿਟਿਸ਼ ਸਾਮਰਾਜ ਲਈ ਮਹਾਰਾਜਾ ਰਣਜੀਤ ਸਿੰਘ ਅਤੇ ਨੈਪੋਲੀਅਨ ਬੋਨਾਪਾਰਟ ਸਨ ਵੱਡੀਆਂ ਚੁਣੌਤੀਆਂ

TeamGlobalPunjab
4 Min Read

-ਅਵਤਾਰ ਸਿੰਘ

ਸੰਸਾਰ ਦੇ ਮਹਾਨ ਦਸ ਜਰਨੈਲਾਂ ਵਿੱਚੋਂ ਨੈਪੋਲੀਅਨ ਬੋਨਾਪਾਰਟ ਸਾਢੇ ਸੱਤ ਕਰੋੜ ਲੋਕਾਂ ‘ਤੇ ਰਾਜ ਕਰਨ ਵਾਲਾ ਅੱਠਵਾਂ ਜਰਨੈਲ ਸੀ। ਉਸ ਦਾ ਜਨਮ 15 ਅਗਸਤ 1769 ਨੂੰ ਫਰਾਂਸ ਦੇ ਕੋਰਸੀਕਾ ਟਾਪੂ ਵਿੱਚ ਹੋਇਆ।

ਉਸ ਦਾ ਪਿਤਾ ਕਾਰਲੋ ਬੋਨਾਪਾਰਟ ਤੇ ਮਾਂ ਲੇਜੀਆ ਰਾਮੋਲੀਨਾ ਸੀ। ਉਹ ਮਹਾਨ ਸਿਆਸਤਦਾਨ ਤੇ ਸੈਨਿਕ ਨੇਤਾ ਸੀ ਜਿਸ ਨੇ ਫਰਾਂਸ ਨੂੰ ਯੂਰਪ ਵਿੱਚ ਰਾਜਨੀਤਿਕ ਸ਼ਕਤੀ ਦੀ ਟੀਸੀ ‘ਤੇ ਪਹੁੰਚਾਇਆ।

ਫਰਾਂਸ ਦੀ ਫੌਜ ਵਿੱਚ ਲੈਫਟੀਨੈਂਟ ਭਰਤੀ ਹਥਿਆਰ ਤੇ ਤਰੱਕੀ ਕਰਦਾ ਹੋਇਆ 1799 ਵਿੱਚ ਦੇਸ਼ ਦੀ ਕੌਂਸਲ ‘ਤੇ ਅੱਜ ਦੇ ਦਿਨ 18 ਮਈ 1804 ਨੂੰ ਫਰਾਂਸ ਦਾ ਬਾਦਸ਼ਾਹ ਬਣਿਆ।

- Advertisement -

ਇੰਗਲੈਂਡ, ਫਰਾਂਸ, ਆਸਟਰੀਆ ਤੇ ਰੂਸ ਦੀਆਂ ਸਾਂਝੀਆਂ ਫੌਜਾਂ ਨੂੰ ਉਸਨੇ ਵਾਰ ਵਾਰ ਹਰਾਇਆ। ਯੂਰਪ ਦੇਸ਼ਾਂ ਤੇ ਮਨਮਰਜ਼ੀ ਦੀਆਂ ਸੰਧੀਆਂ ਥੋਪੀਆਂ ਤੇ ਲਾਗੂ ਕਰਵਾਈਆਂ।

ਮਹਾਰਾਜਾ ਰਣਜੀਤ ਸਿੰਘ ਅਤੇ ਨੈਪੋਲੀਅਨ ਬੋਨਾਪਾਰਟ ਬ੍ਰਿਟਿਸ਼ ਸਾਮਰਾਜ ਲਈ ਦੋ ਬਹੁਤ ਵੱਡੀਆਂ ਸਮਕਾਲੀ ਚੁਣੌਤੀਆਂ ਸਨ, ਜਦ ਮਹਾਰਾਜਾ ਰਣਜੀਤ ਸਿੰਘ 19ਵੀਂ ਸਦੀ ਦੇ ਆਰੰਭਿਕ ਦਹਾਕਿਆਂ ਵਿੱਚ ਆਪਣੀ ਤਾਕਤ ਅਤੇ ਸਿੱਖ ਰਾਜ ਦੀਆਂ ਸਰਹੱਦਾਂ ਨੂੰ ਫੈਲਾਉਣ ਵਿੱਚ ਰੁੱਝਾ ਹੋਇਆ ਸੀ, ਉਸ ਸਮੇਂ
ਬ੍ਰਿਟਿਸ਼ ਹਕੂਮਤ ਭਾਰਤ ਵਿੱਚ ਪੈਰ ਪਸਾਰਨ ਦੇ ਨਾਲ-ਨਾਲ ਪੂਰੀ ਤਰਾਂ ਤਾਕਤ ਵਿੱਚ ਆ ਚੁੱਕੇ ਨੈਪੋਲੀਅਨ ਨੂੰ ਵੀ ਕਾਬੂ ਕਰਨ ਵਿੱਚ ਲੱਗੀ ਹੋਈ ਸੀ।

ਇਤਿਹਾਸ ਗਵਾਹ ਹੈ ਇਸ ਸਮੇਂ ਤੱਕ ਅੰਗਰੇਜ਼ਾਂ ਨੇ ਭਾਰਤ ਦੇ ਵੱਡੇ ਹਿੱਸੇ ਉੱਪਰ ਕਬਜ਼ਾ ਕਰ ਲਿਆ ਸੀ ਪਰ ਪੰਜਾਬ ਉੱਪਰ ਕੋਈ ਸਿੱਧਾ ਹਮਲਾ ਕਰਨ ਦੀ ਹਿੰਮਤ ਉਨ੍ਹਾਂ ਨੇ ਮਹਾਰਾਜੇ ਦੇ ਜਿਉਦਿਆਂ ਨਹੀਂ ਕੀਤੀ।

ਬਹੁਤ ਡੂੰਘੀਆਂ ਕੂਟਨੀਤਕ ਚਾਲਾਂ ਚੱਲਣ ਵਾਲੀ ਅੰਗਰੇਜ਼ ਕੌਮ ਆਪਣੀ ਵੰਡੀ ਹੋਈ ਤਾਕਤ ਨਾਲ ਸਾਰੇ ਵਿਰੋਧੀਆਂ ਦੇ ਖਿਲਾਫ਼ ਇਕੱਠੀ ਲੜਾਈ ਸ਼ੁਰੂ ਨਹੀਂ ਸੀ ਕਰਨਾ ਚਾਹੁੰਦੀ।

ਨੈਪੋਲੀਅਨ ਖਿਲਾਫ ਸਾਰੀ ਤਾਕਤ ਲਾਉਣ ਲਈ ਅੰਗਰੇਜ਼ਾਂ ਨੇ 1809 ਵਿੱਚ ਮਹਾਰਾਜੇ ਨਾਲ ਅੰਮ੍ਰਿਤਸਰ ਵਿੱਚ ਸਤਲੁਜ ਦਰਿਆ ਤੱਕ ਦੇ ਦੁਵੱਲੇ ਇਲਾਕਿਆਂ ਨਾਲ ਸਬੰਧਤ ਸੰਧੀ ਕਰ ਲਈ ਅਤੇ ਇਸ ਪਾਸੇ ਤੋਂ ਨਿਸਚਿਤ ਹੋ ਗਏ।

- Advertisement -

ਇਹ ਇਤਿਹਾਸ ਦਾ ਇਕ ਗੁੱਝਾ ਭੇਦ ਹੈ ਕਿ ਉਸ ਸਮੇਂ ਜੇਕਰ ਨੈਪੋਲੀਅਨ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਹੱਥ ਕਿਸੇ ਨੀਤੀਬੱਧ ਢੰਗ ਨਾਲ ਆਪਸ ਵਿੱਚ ਮਿਲ ਜਾਂਦੇ ਤਾਂ ਅੱਜ ਯੂਰਪ ਅਤੇ ਏਸ਼ੀਆ ਦਾ ਇਤਿਹਾਸ ਕੁਝ ਹੋਰ ਹੋਣਾ ਸੀ।

ਸਪੇਨ ਤੇ ਰੂਸ ਦੇ ਯੁੱਧਾਂ ਨੇ ਨੈਪੋਲੀਅਨ ਬੋਨਾਪਾਰਟ ਦੀ ਹਾਰ ਦੀ ਸ਼ੁਰਆਤ ਕਰ ਦਿੱਤੀ। ਰੂਸ ਵਿੱਚ ਉਸ ਦੀ ਫੌਜ ਠੰਢ ਕਾਰਨ ਲੱਖਾਂ ਦੀ ਗਿਣਤੀ ਵਿੱਚ ਮਾਰੀ ਗਈ। ਇਸ ਨੁਕਸਾਨ ਤੋਂ ਉਹ ਕਦੇ ਨਾ ਉਭਰ ਸਕਿਆ।

ਇੰਗਲੈਂਡ, ਜਰਮਨੀ, ਆਸਟਰੀਆ ਤੇ ਰੂਸ ਦੀਆਂ ਫੌਜਾਂ ਨੇ 1813 ਵਿੱਚ ਲਿਪਿਜਿੰਗ ਦੀ ਜੰਗ ਵਿੱਚ ਉਸਨੂੰ ਹਰਾ ਕੇ ਐਲਬਾ ਟਾਪੂ ‘ਤੇ ਨਜ਼ਰਬੰਦ ਕਰ ਦਿੱਤਾ।18 ਜੂਨ 1815 ਦੀ ਵਿਸ਼ਵ ਪ੍ਰਸਿੱਧ ਵਾਟਰਲੂ (ਬੈਲਜੀਅਮ) ਦੀ ਲੜਾਈ ਨੈਪੋਲੀਅਨ ਬੋਨਾਪਾਰਟ ਦੇ ਸ਼ਾਸਕ ਜੀਵਨ ਦਾ ਅੰਤ ਸਿੱਧ ਹੋਈ।

ਇਸ ਲੜਾਈ ਵਿੱਚੋਂ ਭੱਜ ਕੇ ਨੈਪੋਲੀਅਨ ਪੈਰਿਸ ਪਹੁੰਚਿਆ ਪਰ ਉਸ ਨੂੰ ਕੋਈ ਆਸਰਾ ਨਾ ਮਿਲਿਆ। ਉਸ ਦੀ ਆਖਰੀ ਕੋਸ਼ਿਸ਼ ਰੋਚਫੋਟ, ਫਰਾਂਸ ਦੀ ਬੰਦਰਗਾਹ ਤੋਂ ਅਮਰੀਕਾ ਭੱਜਣ ਦੀ ਸੀ ਪਰ ਬ੍ਰਿਟਿਸ਼ ਫ਼ੌਜੀ ਜਹਾਜ਼ਾਂ ਨੇ ਹਰ ਬੰਦਰਗਾਹ ‘ਤੇ ਕਬਜ਼ਾ ਕਰ ਲਿਆ।

ਜਦ ਨੈਪੋਲੀਅਨ ਨੂੰ ਇਹ ਸਾਫ ਪਤਾ ਲੱਗ ਗਿਆ ਕਿ ਅੰਗਰੇਜ਼ ਸਿਪਾਹੀਆਂ ਨੂੰ ਉਸ ਨੂੰ ਜ਼ਿੰਦਾ ਜਾਂ ਮੁਰਦਾ ਫੜਨ ਦਾ ਹੁਕਮ ਮਿਲ ਚੁੱਕਾ ਹੈ ਤਾਂ ਉਸ ਨੇ ‘ਐਚ.ਐਸ.ਐਮ ਬੈਲਰੋਫਨ’ ਨਾਂ ਦੇ ਜੰਗੀ ਜਹਾਜ਼ ਉੱਪਰ ਅੰਗਰੇਜ਼ ਨੇਵੀ ਦੇ ਕੈਪਟਨ ਫ੍ਰੈਡਰਿਕ ਮੇਟਲੈਂਡ ਦੇ ਅੱਗੇ ਆਤਮ-ਸਮਰਪਣ ਕਰ ਦਿੱਤਾ। ਉਸ ਨੂੰ ਗ੍ਰਿਫਤਾਰ ਕਰ ਲਿਆ ਤੇ ਸੇਂਟ ਹੈਲੀਨਾ ਟਾਪੂ ਵਿੱਚ ਕੈਦ ਕਰ ਦਿੱਤਾ। ਉਥੇ ਕੈਂਸਰ ਨਾਲ 5 ਮਈ 1821 ਨੂੰ ਉਸ ਦੀ ਮੌਤ ਹੋ ਗਈ। ਇਸ ਜੁਝਾਰੂ ਫਰੈਂਚ ਆਗੂ ਦੀ ਮੌਤ ਨਾਲ ਅੰਗਰੇਜ਼ੀ ਰਾਜ ਨੂੰ ਮਿਲੀ ਇਕ ਵੱਡੀ ਚੁਣੌਤੀ ਦਾ ਸਦਾ ਲਈ ਅੰਤ ਹੋ ਗਿਆ।

ਉਸ ਨੂੰ ਪੈਰਿਸ ਵਿੱਚ ਬੜੇ ਸ਼ਾਹੀ ਸਨਮਾਨਾਂ ਨਾਲ ਦਫਨਾਇਆ ਗਿਆ। ਉਹ ਪਹਿਲਾ ਸ਼ਾਸਕ ਸੀ ਜਿਸ ਨੇ ਜਾਗੀਰਦਾਰੀ ਪ੍ਰਥਾ ਖਤਮ ਕੀਤੀ। ਉਸ ਦੁਆਰਾ ਬਣਾਇਆ ਸਿਵਲ ਕਾਨੂੰਨਾਂ ਦਾ ਸੰਗ੍ਰਿਹ ਕੋਡ ਨੈਪੋਲੀਅਨ ਸੰਸਾਰ ਦੇ ਅਨੇਕਾਂ ਕਾਨੂੰਨ ਸੰਗ੍ਰਿਹ ਦਾ ਰਾਹ ਦਸੇਰਾ ਹੈ। ਅੱਜ ਵੀ ਫਰਾਂਸ ਵਿੱਚ ਉਸਦਾ ਨਾਮ ਇੱਜਤ ਨਾਲ ਲਿਆ ਜਾਂਦਾ ਹੈ ਉਸਦੇ ਸ਼ਬਦਕੋਸ਼ ਵਿੱਚ ‘ਅਸੰਭਵ’ ਸ਼ਬਦ ਨਹੀਂ ਸੀ।

Share this Article
Leave a comment