ਕੈਪਟਨ ਨੂੰ ਨਵਜੋਤ ਸਿੱਧੂ ‘ਤੇ ਫਿਰ ਆਇਆ ਗੁੱਸਾ, ਆਹ ਦੇਖੋ ਫਿਰ ਕੀ ਕਹਿ ਦਿੱਤਾ, ਵਿਰੋਧੀ ਖੁਸ਼, ਸਿੱਧੂ ਚੁੱਪ!

TeamGlobalPunjab
4 Min Read

ਚੰਡੀਗੜ੍ਹ : ਇੰਝ ਜਾਪਦਾ ਹੈ ਜਿਵੇਂ ਪੰਜਾਬ ਦੇ ਕੈਬਨਿਟ ਮੰਤਰੀ ਤੇ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਦਾ ਪਾਕਿਸਤਾਨ ਜਾ ਕੇ ਉੱਥੋਂ ਦੇ ਫੌਜ ਮੁਖੀ ਜਨਰਲ  ਬਾਜਵਾ ਨੂੰ ਜੱਫੀ ਪਾਉਣ ‘ਤੇ, ਉਂਨਾਂ ਗੁੱਸਾ ਸਿੱਧੂ ਦੇ ਵਿਰੋਧੀਆਂ ਨੂੰ ਨਹੀਂ ਆਇਆ ਹੋਣਾ, ਜਿੰਨਾਂ ਗੁੱਸਾ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਇਆ ਹੈ। ਸ਼ਾਇਦ ਇਹੋ ਕਾਰਨ ਹੈ ਕਿ ਕੈਪਟਨ ਅਮਰਿੰਦਰ ਸਿੰਘ ਇਸ ਗੱਲ ਨੂੰ ਲੈ ਕੇ ਸਿੱਧੂ ‘ਤੇ ਵਾਰ ਵਾਰ ਨਾਰਾਜ਼ ਹੁੰਦੇ ਹਨ, ਤੇ ਇਹ ਨਾਰਾਜ਼ਗੀ ਉਨ੍ਹਾਂ ਨੂੰ ਮੀਡੀਆ ਵਿੱਚ ਬਿਆਨ ਦੇਣੋਂ ਵੀ ਨਹੀਂ ਰੋਕ ਪਾਉਂਦੀ। ਹੁਣ ਇੱਕ ਵਾਰ ਫਿਰ ਕੈਪਟਨ ਨੇ ਸਿੱਧੂ ‘ਤੇ ਇਸੇ ਗੱਲ ਨੂੰ ਲੈ ਕੇ ਭੜਾਸ ਕੱਢਦਿਆਂ ਕਿਹਾ ਹੈ, ਕਿ ਨਵਜੋਤ ਸਿੱਧੂ ਵੱਲੋਂ ਜਨਰਲ ਬਾਜਵਾ ਨੂੰ ਜੱਫੀ ਪਾਉਣਾ ਸਰਾਸਰ ਗਲਤ ਸੀ, ਕਿਉਂਕਿ ਉਨ੍ਹਾਂ ਨੂੰ ਇਹ ਸੋਚਣਾ ਚਾਹੀਦਾ ਸੀ ਕਿ ਪਾਕਿਸਤਾਨ ਸ਼ੁਰੂ ਤੋਂ ਹੀ ਭਾਰਤ ਨਾਲ ਦੁਸ਼ਮਣੀ ਰੱਖਦਾ ਆ ਰਿਹਾ ਹੈ। ਕੈਪਟਨ ਦੇ ਇਸ ਬਿਆਨ ਨੇ ਸਿਆਸੀ ਹਲਕਿਆਂ ਵਿੱਚ ਇੱਕ ਵਾਰ ਫਿਰ ਨਵੀਂ ਚਰਚਾ ਛੇੜ ਦਿੱਤੀ ਹੈ।

ਮੀਡੀਆ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਗੁਆਂਢੀ ਮੁਲਕ ਪਾਕਿਸਤਾਨ ਵੱਲੋਂ ਕੀਤੀ ਜਾ ਰਹੀ ਫਾਇਰਿੰਗ ਵਿੱਚ ਸਰਹੱਦਾਂ ਉੱਤੇ ਸਾਡੇ ਜਵਾਨ ਰੋਜਾਨਾਂ ਸ਼ਹੀਦ ਹੋ ਰਹੇ ਹਨ। ਇਨ੍ਹਾਂ ਹਾਲਾਤਾਂ ਵਿੱਚ ਸਾਨੂੰ ਆਪਣੀ ਫੌਜ ਦੀ ਹੌਂਸਲਾ ਅਫਜਾਈ ਕਰਨੀ ਚਾਹੀਦੀ ਹੈ। ਕੈਪਟਨ ਅਨੁਸਾਰ ਨਵਜੋਤ ਸਿੰਘ ਸਿੱਧੂ ਨੂੰ ਪਾਕਿ ਫੌਜ ਮੁਖੀ ਨਾਲ ਜੱਫੀ ਨਹੀਂ ਪਾਉਣੀ ਚਾਹੀਦੀ ਸੀ ਕਿਉਂਕਿ ਇਸ ਨਾਲ ਸਾਡੀਆਂ ਸਰਹੱਦਾਂ ‘ਤੇ ਖੜ੍ਹੇ ਫੌਜੀ ਜਵਾਨਾਂ ‘ਤੇ ਗਲਤ ਅਸਰ ਪਵੇਗਾ। ਅਜਿਹੇ ਵਿੱਚ ਉਹ ਆਪਣੇ ਸੁਰੱਖਿਆ ਬਲਾਂ ਦਾ ਹੌਂਸਲਾ ਡਿੱਗਦਿਆਂ ਨਹੀਂ ਦੇਖ ਸਕਦੇ। ਕੈਪਟਨ ਨੇ ਕਿਹਾ ਕਿ ਨਵਜੋਤ ਸਿੱਧੂ ਜੇਕਰ ਇੱਕ ਵਾਰ ਫੌਜ ‘ਚ ਭਰਤੀ ਹੋ ਜਾਣ ਤਾਂ ਉਨ੍ਹਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਉਨ੍ਹਾਂ ਕਿਹਾ ਕਿ ਅਜਿਹਾ ਉਹ ਤਾਂ ਕਹਿ ਰਹੇ ਹਨ ਕਿਉਂਕਿ ਉਹ ਆਪ ਫੌਜ ਵਿੱਚ ਰਹੇ ਹਨ।

ਇਹ ਤਾਂ ਸੀ ਕੈਪਟਨ ਅਮਰਿੰਦਰ ਸਿੰਘ ਦਾ ਉਹ ਬਿਆਨ ਜਿਹੜਾ ਉਨ੍ਹਾਂ ਨੇ ਮੀਡੀਆ ਵਿੱਚ ਦਿੱਤਾ ਤੇ ਅਸੀਂ ਤੁਹਾਡੇ ਤੱਕ ਪਹੁੰਚਾ ਦਿੱਤਾ। ਹੁਣ ਇਸ ਬਿਆਨ ਪਿੱਛੇ ਅਸਲ ਸੱਚਾਈ ਕੀ ਹੈ ਇਹ ਤਾਂ ਕੈਪਟਨ ਅਮਰਿੰਦਰ ਸਿੰਘ ਹੀ ਬੇਹਤਰ ਦੱਸ ਸਕਦੇ ਹਨ, ਪਰ ਇੰਨਾ ਜਰੂਰ ਹੈ ਕਿ ਕੈਪਟਨ ਦਾ ਇਸ ਮੁੱਦੇ ‘ਤੇ ਸਿੱਧੂ ਵਿਰੁੱਧ ਵਾਰ ਵਾਰ ਬਿਆਨ ਦੇਣਾ ਸਿਆਸੀ ਮਾਹਰਾਂ ਨੂੰ ਰਾਜਨੀਤੀ ਤੋਂ ਪ੍ਰੇਰਿਤ ਨਜ਼ਰ ਆਉਂਦਾ ਹੈ, ਕਿਉਂਕਿ ਮਾਹਰ ਕਹਿੰਦੇ ਹਨ ਕਿ ਜੇਕਰ ਸਿਆਸਤਦਾਨਾਂ ਨੇ ਕਿਸੇ ਮਸਲੇ ਨੂੰ ਦਬਾਉਣਾ ਹੋਵੇ ਜਾਂ ਉਸ ਤੋਂ ਪਿੱਛਾ ਛੜਵਾਉਣਾ ਹੋਵੇ, ਤਾਂ ਉਹ ਅਕਸਰ ਕਹਿ ਦਿਆ ਕਰਦੇ ਹਨ, ” ਕਿ ਛੱਡੋ ਜੀ, ਇਹ ਤਾਂ ਪੁਰਾਣੀ ਗੱਲ ਹੋ ਗਈ, ਪੁਰਾਣੀਆਂ ਗੱਲਾਂ ਛੇੜ ਕੇ ਹੁਣ ਕੁਝ ਨਹੀਂ ਲੱਭਣਾ, ਆਪਾਂ ਅੱਗੇ ਵਧੀਏ, ਕੋਈ ਨਵੀਂ ਗੱਲ ਕਰੋ।” ਪਰ ਇਸ ਮਾਮਲੇ ਵਿੱਚ ਅਜਿਹਾ ਨਹੀਂ ਹੋ ਰਿਹਾ। ਕੈਪਟਨ ਵਰਗੇ ਸੁਲਝੇ ਹੋਏ ਸਿਆਸਤਦਾਨ ਇਸ ਮੁੱਦੇ ‘ਤੇ ਵਾਰ ਵਾਰ ਬਿਆਨ ਦੇ ਰਹੇ ਹਨ, ਤੇ ਇਹੋ ਵਜ੍ਹਾ ਹੈ ਕਿ ਇਹ ਬਿਆਨ ਪੜ੍ਹ ਕੇ ਸਿਆਸੀ ਮਾਹਰਾਂ ਦੇ ਭਰਵਿੱਟੇ ਉੱਪਰ ਚੜ੍ਹ ਗਏ ਹਨ। ਮਾਹਰ ਇਸ ਨੂੰ ਸਿਆਸਤ ਤੋਂ ਪ੍ਰੇਰਿਤ ਦੱਸ ਕੇ ਤਰ੍ਹਾਂ ਤਰ੍ਹਾਂ ਦੀਆਂ ਇਲਜ਼ਾਮਬਾਜੀਆਂ ਕਰ ਰਹੇ ਹਨ। ਹੁਣ ਇਨ੍ਹਾਂ ਹਾਲਾਤਾਂ ਵਿੱਚ ਨਵਜੋਤ ਸਿੱਧੂ ਤਾਂ ਇੱਕ ਵਾਰ ਫਿਰ ਚੁੱਪ ਹਨ, ਪਰ ਕੈਪਟਨ ਦੇ ਇਸ ਬਿਆਨ ਨੇ ਚੋਣਾਂ ਮੌਕੇ ਵਿਰੋਧੀਆਂ ਨੂੰ ਖੁਸ਼ ਹੋਣ ਦਾ ਇੱਕ ਹੋਰ ਮੌਕਾ ਜਰੂਰ ਦੇ ਦਿੱਤਾ ਹੈ।

 

- Advertisement -

Share this Article
Leave a comment