ਕਾਲ ਬਣ ਕੇ ਆਈ ਰਾਤ ਦੀ ਹਨ੍ਹੇਰੀ, ਫੂਕ ‘ਤੇ 35 ਪਿੰਡ, ਕਾਲੀ ਬੋਲੀ ਰਾਤ ਹੋਈ ਲਾਲੋ ਲਾਲ, ਦੇਖੋ LIVE ਤਸਵੀਰਾਂ

TeamGlobalPunjab
4 Min Read

ਬਰਨਾਲਾ : ਬੀਤੀ ਰਾਤ ਲਗਭਗ ਸਾਢੇ 7 ਵਜੇ ਦੇ ਕਰੀਬ ਚੱਲੀ ਹਨੇਰੀ ਜਿਲ੍ਹਾ ਬਰਨਾਲਾ ਅਧੀਨ ਪੈਂਦੇ ਲਗਭਗ 35 ਪਿੰਡਾਂ ਅੰਦਰ ਜਿੱਥੇ ਲੋਕਾਂ ਦਾ ਕਰੋੜਾਂ ਰੁਪਏ ਦਾ ਨੁਕਸਾਨ ਕਰ ਗਈ, ਉੱਥੇ ਕਈ ਜਾਨਵਰਾਂ ਅਤੇ ਪੰਛੀਆਂ ਲਈ ਇਹ ਹਨੇਰੀ ਕਾਲ ਬਣ ਕੇ ਆਈ। ਇਸ ਹਨੇਰੀ ਨਾਲ ਲੱਗੀ ਅੱਗ ਇੰਨੀ ਭਿਆਨਕ ਸੀ ਕਿ ਦੂਰੋਂ ਖੜ੍ਹ ਕੇ ਦੇਖਣ ‘ਤੇ ਇੰਝ ਲਗਦਾ ਸੀ ਜਿਵੇਂ ਅੱਗ ਦੇ ਭਾਂਬੜ ਸ਼ਫੈਦੇ ਦੇ ਦਰਖਤਾਂ ਤੋਂ ਵੀ ਉੱਪਰ ਜਾ ਰਹੇ ਹੋਣ। ਇਸ ਅੱਗ ਅਤੇ ਧੂੰਏ ਨੇ ਆਸਮਾਨ ਨੂੰ ਲੁਕੋ ਲਿਆ ਸੀ, ਤੇ ਚਾਰੇ ਪਾਸੇ ਪੀਲੇ ਰੰਗ ਦਾ ਇੱਕ ਅਜੀਬ ਚਾਨਣ ਦਿਖਾਈ ਦੇ ਰਿਹਾ ਸੀ। ਘਟਨਾ ਤੋਂ ਕੁਝ ਦੇਰ ਬਾਅਦ ਹੀ ਇਸ ਸਬੰਧੀ ਬਣਾਈ ਗਈ ਵੀਡੀਓ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਉਮੀਦਵਾਰ ਭਗਵੰਤ ਮਾਨ ਨੇ ਆਪਣੇ ਫੇਸਬੁੱਕ ਪੇਜ ‘ਤੇ ਪਾ ਕੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪੋ ਆਪਣੇ ਸਾਧਨਾਂ ਰਾਹੀਂ ਇਸ ਅੱਗ ਨੂੰ ਰੋਕਣ ਦੀ ਕੋਸ਼ਿਸ਼ ਕਰਨ, ਤਾਂ ਕਿ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਿਆ ਜਾ ਸਕੇ।

ਫੇਸਬੁੱਕ ਪੇਜ ‘ਤੇ ਪਾਈ ਗਈ ਵੀਡੀਓ ਵਿੱਚ ਦਿਖਾਈ ਦਿੱਤਾ ਕਿ ਭਗਵੰਤ ਮਾਨ ਮੌਕੇ ‘ਤੇ ਕਿਸੇ ਨਾਲ ਗੱਲ ਕਰਦੇ ਹਨ ਜਿਸ ਬਾਰੇ ਉਨ੍ਹਾਂ ਦਾ ਕਹਿਣਾ ਸੀ ਕਿ ਉਹ ਡਿਪਟੀ ਕਮਿਸ਼ਨਰ ਦਾ ਫੋਨ ਹੈ ਤੇ ਉਹ ਉਸ ਫੋਨ ‘ਤੇ ਗੱਲ ਕਰਦੇ ਹੋਏ, ਘਟਨਾ ਵਾਲੀ ਥਾਂ ‘ਤੇ ਫਾਇਰ ਬ੍ਰਗੇੜ ਦੀਆਂ ਗੱਡੀਆਂ ਭੇਜਣ ਦੀ ਮੰਗ ਕਰਦੇ ਹਨ। ਘਟਨਾ ਦੀ ਜਾਣਕਾਰੀ ਦਿੰਦਿਆਂ ਹੋਇਆ ਭਗਵੰਤ ਮਾਨ ਕਹਿੰਦੇ ਹਨ ਕਿ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਰਾਤ ਸਾਢੇ 9 ਵਜੇ ਮਿਲੀ ਕਿ ਬਰਨਾਲੇ ਦੇ 30-35 ਪਿੰਡਾਂ ਵਿੱਚ ਹਨੇਰੀ ਚੱਲਣ ਕਾਰਨ ਅੱਗ ਲੱਗ ਗਈ ਹੈ, ਤੇ ਇਸ ਅੱਗ ਕਾਰਨ ਬਹੁਤ ਸਾਰੇ ਜਾਨਵਰਾਂ ਅਤੇ ਪੰਛੀਆਂ ਨੂੰ ਨੁਕਸਾਨ ਪਹੁੰਚਿਆ ਹੈ। ਮਾਨ ਅਨੁਸਾਰ ਉਨ੍ਹਾਂ ਨੂੰ ਇਹ ਡਰ ਹੈ ਕਿ ਇਹ ਅੱਗ ਲੋਕਾਂ ਦੇ ਘਰਾਂ ਤੱਕ ਪਹੁੰਚ ਕੇ ਉਨ੍ਹਾਂ ਨੂੰ ਜਾਨੀ ਨੁਕਸਾਨ ਪਹੁੰਚਾ ਸਕਦੀ ਹੈ। ਮਾਨ ਕਹਿੰਦੇ ਹਨ ਕਿ ਉਨ੍ਹਾਂ ਨੂੰ ਇਹ ਜਾਣਕਾਰੀ ਮਿਲੀ ਹੈ ਕਿ ਇਸ ਅੱਗ ਦੀ ਚਪੇਟ ਵਿੱਚ ਬੱਕਰੀਆਂ, ਪੋਲਟਰੀ ਫਾਰਮ ਅਤੇ ਮੱਝਾਂ ਵਗੈਰਾ ਜਾਨਵਰ ਆਏ ਹਨ ਤੇ ਜੇਕਰ ਇਸ ਅੱਗ ਨੂੰ ਨਾ ਰੋਕਿਆ ਗਿਆ ਤਾਂ ਇਹ ਵੱਡਾ ਜਾਨੀ ਨੁਕਸਾਨ ਵੀ ਕਰ ਸਕਦੀ ਹੈ। ‘ਆਪ’ ਪ੍ਰਧਾਨ ਨੇ ਇਸ ਵੀਡੀਓ ਵਿੱਚ ਦੱਸਿਆ ਕਿ ਉਨ੍ਹਾਂ ਨੇ ਇਸ ਸਬੰਧੀ ਡੀਸੀ ਬਰਨਾਲਾ, ਡੀਸੀ ਸੰਗਰੂਰ ਤੋਂ ਇਲਾਵਾ ਬਠਿੰਡਾ ਅਤੇ ਮੋਗਾ ਦੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਵੀ ਜਾਣੂ ਕਰਵਾ ਦਿੱਤਾ ਹੈ ਤੇ ਇਨ੍ਹਾਂ ਅਧਿਕਾਰੀਆਂ ਕੋਲੋਂ ਇਸ ਅੱਗ ‘ਤੇ ਕਾਬੂ ਪਾਏ ਜਾਣ ਦੀ ਮੰਗ ਕੀਤੀ ਹੈ।

ਭਗਵੰਤ ਮਾਨ ਨੇ ਦੱਸਿਆ ਕਿ ਕਈ ਥਾਂਈਂ ਇਹ ਅੱਗ ਘਰਾਂ ਤੱਕ ਪਹੁੰਚ ਚੁਕੀ ਹੈ ਤੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਇਸ ਮਾਮਲੇ ਵਿੱਚ ਲੋਕਾਂ ਦੀ ਮਦਦ ਕਰ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਕੁਦਰਤੀ ਮੁਸੀਬਤ ਤੋਂ ਛੁਟਕਾਰਾ ਪਾਉਣ ਲਈ ਜਿਹੜਾ ਜੋ ਵੀ ਮਦਦ ਕਰ ਸਕਦਾ ਹੈ ਉਹ ਕਰੇ। ਉਨ੍ਹਾਂ ਕਿਹਾ ਕਿ ਇਸ ਵੇਲੇ ਸਾਨੂੰ ਸਾਰਿਆਂ ਨੂੰ ਰਾਜਨੀਤੀ ਭੁੱਲ ਜਾਣੀ ਚਾਹੀਦੀ ਹੈ, ਵੋਟਾਂ ਬਾਅਦ ਦੀ ਗੱਲ ਹੈ ਤੇ ਸਭ ਤੋਂ ਪਹਿਲਾਂ ਸਾਨੂੰ ਲੋਕਾਂ ਦੀਆਂ ਜਾਨਾਂ ਬਚਾਉਣੀਆਂ ਚਾਹੀਦੀਆਂ ਹਨ।

ਭਾਵੇਂ ਕਿ ਇਸ ਅੱਗ ਨਾਲ ਅਜੇ ਤੱਕ ਕੋਈ ਜਾਨੀ ਨੁਕਸਾਨ ਹੋਣ ਦੀ ਖ਼ਬਰ ਨਹੀਂ ਆਈ ਹੈ, ਪਰ ਇਸ ਦੇ ਬਾਵਜੂਦ ਕੁਦਰਤ ਦੇ ਇਸ ਕਹਿਰ ਨੇ ਉਨ੍ਹਾਂ ਲੋਕਾਂ ਨੂੰ ਧੁਰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ ਹੈ, ਜਿਨ੍ਹਾਂ ਲੋਕਾਂ ਦੇ ਇਲਾਕਿਆਂ ਵਿੱਚ ਇਹ ਅੱਗ ਕਾਲ ਬਣ ਕੇ ਆਈ ਸੀ।

- Advertisement -

https://youtu.be/2rPXWjwr2FA

Share this Article
Leave a comment