ਬਠਿੰਡਾ : ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਕਾਲੀਆਂ ਨੂੰ ਕਲੀਨ ਚਿੱਟ ਮਿਲਣ ਵਾਲੀਆਂ ਖ਼ਬਰਾਂ ਪ੍ਰਕਾਸ਼ਤ ਹੋਣ ਤੋਂ ਬਾਅਦ ਬਾਗੋ ਬਾਗ ਹਨ। ਇੱਥੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਸੁਖਬੀਰ ਬਾਦਲ ਨੇ ਕਿਹਾ, ਕਿ ਵਿਰੋਧੀ ਜਿਨ੍ਹਾਂ ਮਰਜੀ ਰੌਲਾ ਪਾਈ ਜਾਣ ਪਰ ਸੱਚਾਈ ਸਿੱਟ ਵੱਲੋਂ ਪੇਸ਼ ਕੀਤੇ ਗਏ ਚਲਾਨ ਵਿੱਚ ਸਾਹਮਣੇ ਆ ਚੁੱਕੀ ਹੈ, ਕਿ ਇਨ੍ਹਾਂ ਮਾਮਲਿਆਂ ਨਾਲ ਸਾਡਾ ਕੋਈ ਲੈਣਾ-ਦੇਣਾ ਨਹੀਂ ਹੈ। ਸੁਖਬੀਰ ਕਲੀਨ ਚਿੱਟ ਮਿਲਣ ਵਾਲੀਆਂ ਖ਼ਬਰਾਂ ਤੋਂ ਇੰਨੇ ਖੁਸ਼ ਹਨ ਉਨ੍ਹਾਂ ਨੇ ਲੰਘੀ ਰਾਤ ਇੱਕ ਟਵੀਟ ਕਰਕੇ ਇੱਥੋਂ ਤੱਕ ਸਵਾਲ ਖੜ੍ਹਾ ਕਰ ਦਿੱਤਾ ਹੈ, ਕਿ ਹੁਣ ਦੱਸੋ ਅਮਰਿੰਦਰ ਤੇ ਉਨ੍ਹਾਂ ਦੇ ਕਥਿਤ ਪੰਥਕ ਸਾਥੀ ਕਿਸ ਅਧਾਰ ‘ਤੇ ਸਾਨੂੰ ਦੋਸ਼ੀ ਠਹਿਰਾ ਰਹੇ ਸਨ?
ਇਸ ਸਬੰਧ ਵਿੱਚ ਪੱਤਰਕਾਰਾਂ ਨੇ ਜਦੋਂ ਸੁਖਬੀਰ ਨੂੰ ਪੁੱਛਿਆ ਕਿ ਖਹਿਰਾ ਉਨ੍ਹਾਂ ‘ਤੇ ਦੋਸ਼ ਲਾ ਰਹੇ ਹਨ ਕਿ ਬਹਿਬਲ ਕਲਾਂ ਗੋਲੀ ਕਾਂਡ ਵਿੱਚ ਕਾਂਗਰਸ ਦੀ ਮਿਲੀਭੁਗਤ ਨਾਲ ਐਸਆਈਟੀ ਨੇ ਚਲਾਨ ਵਿੱਚ ਅਕਾਲੀਆਂ ਨੂੰ ਕਲੀਨ ਚਿੱਟ ਦਿੱਤੀ ਹੈ, ਤਾਂ ਉਨ੍ਹਾਂ ਕਿਹਾ ਕਿ ਕਾਂਗਰਸ ਕੋਲ 2 ਸਾਲ ਤੋਂ ਵੱਧ ਦਾ ਸਮਾਂ ਸੀ ਤੇ ਸਰਕਾਰ ਦੀ ਐਸਆਈਟੀ ਨੇ ਜਾਂਚ ਕਰਕੇ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਹੈ। ਉਨ੍ਹਾਂ ਸਵਾਲ ਕੀਤਾ ਜੇ ਕੋਈ ਗੱਲ ਹੁੰਦੀ ਤਾਂ ਚਲਾਨ ਵਿੱਚ ਨਾ ਆਉਂਦੀ? ਸੁਖਬੀਰ ਨੇ ਕਿਹਾ ਕਿ ਚਲਾਨ ਨੂੰ ਧਿਆਨ ਨਾਲ ਪੜ੍ਹੋ ਉਸ ਵਿੱਚ ਸਾਡਾ ਕੋਈ ਰੋਲ ਨਹੀਂ ਹੈ।
ਪੱਤਰਕਾਰਾਂ ਨੇ ਜਦੋਂ ਸੁਖਬੀਰ ਨੂੰ ਯਾਦ ਦਵਾਇਆ ਕਿ ਚਲਾਨ ਵਿੱਚ ਤਾਂ ਪੁਲਿਸ ਵੱਲੋਂ ਗੋਲੀਆਂ ਟੈਂਪਰ ਕਰਨ ਤੇ ਘਟਨਾ ਦਾ ਨਕਸ਼ਾ 50 ਫੁੱਟ ਦੀ ਥਾਂ ਤੇ 350 ਕਦਮ ਦਿਖਾ ਕੇ ਤੱਥਾਂ ਨੂੰ ਹੀ ਬਦਲ ਦਿੱਤਾ ਸੀ? ਉਸ ਵੇਲੇ ਤਾਂ ਪੁਲਿਸ ਤੁਹਾਡੇ ਅਧੀਨ ਸੀ? ਇਸ ਬਾਰੇ ਤੁਸੀਂ ਕੀ ਕਹੋਗੇ? ਇਸ ਸਵਾਲ ਦੇ ਜਵਾਬ ਵਿੱਚ ਸੁਖਬੀਰ ਨੇ ਕਿਹਾ ਕਿ ਉਸ ਵੇਲੇ ਬੇਸ਼ੱਕ ਗ੍ਰਹਿ ਮੰਤਰੀ ਮੈਂ ਸੀ, ਪਰ ਹੇਠਲੇ ਪੱਧਰ ‘ਤੇ ਡੀਐਪੀ ਤੇ ਐਸਐਚਓ ਵਰਗੇ ਅਧਿਕਾਰੀ ਕੀ ਕਰ ਰਹੇ ਹਨ, ਇਸ ਬਾਰੇ ਮੈਨੂੰ ਕਿੰਝ ਪਤਾ ਹੋ ਸਕਦਾ ਹੈ? ਲਿਹਾਜਾ ਇਸ ਮਾਮਲੇ ਨਾਲ ਸਾਡੇ ਕੋਈ ਲੈਣਾ-ਦੇਣਾ ਨਹੀਂ।
ਇਸ ਤੋਂ ਇਲਾਵਾ ਸੁਖਬੀਰ ਨੇ ਜਿਹੜਾ ਟਵੀਟ ਕੀਤਾ ਹੈ ਉਸ ਵਿੱਚ ਵੀ ਉਨ੍ਹਾਂ ਦੀ ਖੁਸ਼ੀ ਡੁੱਲ੍ਹ-ਡੁੱਲ੍ਹ ਪੈ ਰਹੀ ਹੈ। ਇਸ ਟਵੀਟ ਵਿੱਚ ਉਨ੍ਹਾਂ ਦਾ ਕਹਿਣਾ ਹੈ, ਕਿ ਆਖ਼ਰਕਾਰ 2 ਸਾਲ ਦੀ ਡੂੰਘੀ ਜਾਂਚ ਤੋਂ ਬਾਅਦ ਐਸਆਈਟੀ ਨੇ ਇਹ ਕਬੂਲ ਕਰ ਲਿਆ ਹੈ, ਕਿ ਉਨ੍ਹਾਂ ਨੂੰ ਕਿਸੇ ਅਕਾਲੀ ਆਗੂ ਦੇ ਖਿਲਾਫ ਕੁਝ ਵੀ ਨਹੀਂ ਮਿਲਿਆ। ਫਿਰ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਕਥਿਤ ਪੰਥਕ ਸਾਥੀ ਕਿਸ ਅਧਾਰ ‘ਤੇ ਸਾਨੂੰ ਕਸੂਰਵਾਰ ਠਹਿਰਾ ਰਹੇ ਸਨ?
- Advertisement -
ਚੋਣਾਂ ਮੌਕੇ ਐਸਆਈਟੀ ਵੱਲੋਂ ਅਦਾਲਤ ਵਿੱਚ ਚਲਾਨ ਪੇਸ਼ ਕਰਨਾ, ਚਲਾਨ ਵਿੱਚ ਅਕਾਲੀਆਂ ਦਾ ਨਾਂਮ ਨਾ ਹੋਣਾ, ਤੇ ਉਸ ਤੋਂ ਬਾਅਦ ਮੀਡੀਆ ਵੱਲੋਂ ਅਕਾਲੀਆਂ ਨੂੰ ਕਲੀਨ ਚਿੱਟ ਦੇਣ ਦੀਆਂ ਖ਼ਬਰਾਂ ਪ੍ਰਕਾਸ਼ਿਤ ਕਰਨਾ, ਤੇ ਭਾਵੇਂ ਐਸਆਈਟੀ ਵੱਲੋਂ ਇਨ੍ਹਾਂ ਖ਼ਬਰਾਂ ਦਾ ਖੰਡਨ ਕਰਕੇ ਇਹ ਕਹਿਣਾ, ਕਿ ਕਿਸੇ ਨੂੰ ਕਲੀਨ ਚਿੱਟ ਨਹੀਂ ਦਿੱਤੀ ਗਈ। ਇਸ ਦੇ ਬਾਵਜੂਦ ਸੁਖਬੀਰ ਵੱਲੋਂ ਸ਼ਰੇਆਮ ਕਲੀਨ ਚਿੱਟ ਮਿਲ ਗਈ, ਕਲੀਨ ਚਿੱਟ ਮਿਲ ਗਈ ਦਾ ਰੌਲਾ ਪਾਉਣਾ, ਚੋਣਾਂ ਵਿੱਚ ਕੀ ਰੱਗ ਲਿਆਵੇਗਾ ਇਹ ਤਾਂ ਅਜੇ ਪਤਾ ਨਹੀਂ, ਪਰ ਇੰਨਾ ਜਰੂਰ ਹੈ, ਕਿ ਜਿਹੜਾ ਮੁੱਦਾ ਸਾਲ 2017 ਵਿੱਚ ਪੰਜਾਬ ਅੰਦਰ ਅਕਾਲੀ-ਭਾਜਪਾ ਸਰਕਾਰ ਦੀ ਬਲੀ ਲੈ ਚੁੱਕਿਆ ਹੈ, ਉਹ ਮੁੱਦਾ ਹੁਣ ਇੱਕ ਵਾਰ ਫਿਰ ਭਖ ਚੁੱਕਿਆ ਹੈ। ਹੁਣ 23 ਮਈ ਵਾਲੇ ਦਿਨ ਇਹੋ ਮੁੱਦਾ ਕਿਸ ਦੀ ਬਲੀ ਲਵੇਗਾ, ਇਹ ਵੇਖਣਾ ਬੜਾ ਦਿਲਚਸਪ ਹੋਵੇਗਾ।