ਇਸਲਾਮਾਬਾਦ: ਪਾਕਿਸਤਾਨੀ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਭਾਰਤ ਨੂੰ ਕਿਹਾ ਹੈ ਕਿ ਅਜੇ ਵੀ ਵਕਤ ਹੈ ਜੰਗ ਨਾ ਕਰੋ, ਟਲ ਜਾਓ, ਨਹੀਂ ਤਾਂ ਦੋਵੇ ਦੇਸ਼ ਤਬਾਹ ਹੋ ਜਾਣਗੇ। ਇਹ ਗੱਲ ਇਮਰਾਨ ਖਾਨ ਨੇ ਇੱਕ ਅਧਿਕਾਰਤ ਪੱਤਰਕਾਰ ਸੰਮੇਲਨ ਵਿਚ ਆਖੀ।
ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਪਾਕਿਸਤਾਨੀ ਪ੍ਰਧਾਨ ਮੰਤਰੀਨੇ ਕਿਹਾ ਕਿ ਅੱਜਕਲ੍ਹ ਜੋ ਮਾਹੌਲ ਬਣ ਰਿਹਾ ਹੈ ਉਹ ਠੀਕ ਨਹੀਂ ਹੈ। ਖਾਨ ਅਨੁਸਾਰ ਉਨ੍ਹਾਂ ਨੇ ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਨੂੰ ਇਸ ਮਾਮਲੇ ਦੀ ਜਾਂਚ ਕਰਨ ਦਾ ਵਚਨ ਦਿੱਤਾ ਸੀ। ਉਨ੍ਹਾਂ ਕਿਹਾ ਕਿ ਉਹ ਇਸ ਚੀਜ ਨੂੰ ਸਮਝ ਸਕਦੇ ਹਨ ਕਿਉਂਕਿ ਪਾਕਿਸਤਾਨ ਵੀ ਪਿਛਲੇ 10 ਸਾਲ ਤੋਂ ਅੱਤਵਾਦ ਨਾਲ ਲੜ ਰਿਹਾ ਹੈ । ਇਮਰਾਨ ਖਾਨ ਨੇ ਕਿਹਾ ਕਿ ਉਨ੍ਹਾਂ ਨੇ ਹਿੰਦੁਸਤਾਨ ਨੂੰ ਇਹ ਵੀ ਕਿਹਾ ਸੀ ਕਿ ਉਹ ਜੇਕਰ ਕੋਈ ਵੀ ਜਾਂਚ ਚਾਹੁੰਦੇ ਹਨ ਤਾਂ ਪਾਕਿ ਕਰਵਾਉਣ ਨੂੰ ਤਿਆਰ ਹੈ । ਉਨ੍ਹਾਂ ਨੇ ਕਿਹਾ ਕਿ ਇਹ ਪਾਕਿਸਤਾਨ ਦੇ ਹੱਕ ਵਿੱਚ ਵੀ ਨਹੀਂ ਹੈ ਕਿ ਉਸਦੀ ਜ਼ਮੀਨ ਦੀ ਵਰਤੋਂ ਅੱਤਵਾਦ ਲਈ ਕੀਤੀ ਜਾਵੇ। ਇਮਰਾਨ ਖਾਨ ਨੇ ਕਿਹਾ ਕਿ ਪਾਕਿਸਤਾਨ ਨੇ ਪਹਿਲਾਂ ਹੀ ਭਾਰਤ ਨੂੰ ਕਹਿ ਦਿੱਤਾ ਸੀ ਕਿ ਭਾਰਤੀ ਹਮਲੇ ਦਾ ਜਵਾਬ ਦੇਣਾ ਉਨ੍ਹਾਂ ਦੀ ਮਜਬੂਰੀ ਹੋਵੇਗੀ।
ਇਮਰਾਨ ਖਾਨ ਨੇ ਕਿਹਾ ਕਿ ਭਾਰਤ ਨੇ ਲੰਘੀ ਸਵੇਰ ਐਕਸ਼ਨ ਲਿਆ ਸੀ, ਜਿਸ ਬਾਰੇ ਉਨ੍ਹਾਂ ਨੂੰ ਉਸ ਵੇਲੇ ਪਤਾ ਹੀ ਨਹੀਂ ਲੱਗਿਆ ਸੀ ਕਿ ਪਾਕਿਸਤਾਨ ਵਿੱਚ ਕਿੰਨਾ ਕੁ ਨੁਕਸਾਨ ਹੋਇਆ ਹੈ ਤੇ ਪਾਕਿਸਤਾਨ ਨੇ ਇਸ ਲਈ ਹੀ ਕੋਈ ਐਕਸ਼ਨ ਨਹੀਂ ਲਿਆ । ਖਾਨ ਨੇ ਕਿਹਾ ਕਿ ਅੱਜ ਵੀ ਉਨ੍ਹਾਂ ਨੇ ਐਕਸ਼ਨ ਨਹੀਂ ਲਿਆ, ਸਿਰਫ ਭਾਰਤ ਨੂੰ ਆਪਣੀ ਤਾਕਤ ਦਿਖਾਉਈ ਹੈ ਕਿ ਜੇਕਰ ਤੁਸੀ ਸਾਡੇ ਦੇਸ਼ ਵਿੱਚ ਆ ਸਕਦੇ ਹੋ ਤਾਂ ਅਸੀ ਵੀ ਤੁਹਾਡੇ ਦੇਸ਼ ਵਿੱਚ ਆ ਸਕਦੇ ਹਾਂ।
ਇਮਰਾਨ ਖਾਨ ਨੇ ਆਪਣੇ ਬਿਆਨ ਵਿੱਚ ਦਾਅਵਾ ਕਰਦਿਆਂ ਕਿਹਾ ਕਿ ਭਾਰਤ ਦੇ ਦੋ ਜਹਾਜ਼ ਪਾਕਿਸਤਾਨ ‘ਚ ਦਾਖਲ ਹੋਏ ਤੇ ਅਸੀਂ ਉਨ੍ਹਾਂ ਨੂੰ ਸ਼ੂਟ ਕੀਤਾ, ਉਨ੍ਹਾਂ ਦੇ ਪਾਇਲਟ ਸਾਡੇ ਕੋਲ ਹਨ। ਖਾਨ ਨੇ ਕਿਹਾ ਕਿ ਉਹ ਭਾਰਤ ਨੂੰ ਕਹਿਣਾ ਚਾਹੁੰਦੇ ਹਨ ਕਿ ਅਜੇ ਤੱਕ ਜਿੰਨੀਆਂ ਵੀ ਜੰਗਾਂ ਹੋਈਆਂ ਹਨ ਉਸ ਵਿੱਚ ਗਲਤੀਆਂ ਹੋਈਆਂ ਹਨ ਤੇ ਕਿਸੇ ਨੂੰ ਨਹੀਂ ਸੀ ਪਤਾ ਕਿ ਉਹ ਜੰਗਾਂ ਕਿੱਧਰ ਜਾਣਗੀਆਂ । ਇਮਰਾਨ ਨੇ ਇਸ ਦੌਰਾਨ ਸੰਸਾਰ ਜੰਗ ਸਮੇਤ ਕਈ ਹੋਰ ਜੰਗਾਂ ਦਾ ਉਦਾਹਰਣ ਵੀ ਦਿੱਤਾ।
ਪਾਕਿਸਤਾਨ ਦੇ ਪ੍ਰਧਾਨਮੰਤਰੀ ਨੇ ਕਿਹਾ ਕਿ ਦੋਵੇਂ ਦੇਸ਼ਾਂ ਦੇ ਕੋਲ ਜੋ ਹਥਿਆਰ ਹਨ ਉਹ ਜੰਗ ਨੂੰ ਕੀਤੇ ਵੀ ਲਿਜਾ ਸਕਦੇ ਹਨ, ਉਸ ਵੇਲੇ ਨਾ ਇਹ ਉਨ੍ਹਾਂ ਦੇ ਹੱਥ ਵਿੱਚ ਹੋਵੇਗਾ, ਨਾ ਹੀ ਨਰਿੰਦਰ ਮੋਦੀ ਦੇ ਹੱਥ ਵਿੱਚ । ਅੰਤ ਚ ਇਮਰਾਨ ਖਾਨ ਨੇ ਇੱਕ ਵਾਰ ਫਿਰ ਕਿਹਾ ਕਿ ਉਹ ਫਿਰ ਕਹਿਣਾ ਚਾਹੁੰਦੇ ਹਨ ਕਿ ਉਹ ਪੁਲਵਾਮਾ ਹਮਲੇ ਦੀ ਜਾਂਚ ਕਰਨ ਲਈ ਤਿਆਰ ਹਨ ਤੇ ਬੈਠ ਕੇ ਵੀ ਮਸਲੇ ਹੱਲ ਕੀਤੇ ਜਾ ਸਕਦੇ ਹਨ ।