ਮਾਨਸਾ : ਇੰਝ ਜਾਪਦਾ ਹੈ ਜਿਵੇਂ ਆਪਣੀ ਕਮਜ਼ੋਰ ਹਾਲਤ ਨੂੰ ਦੇਖਦਿਆਂ ਆਮ ਆਦਮੀ ਪਾਰਟੀ ਸਾਮ, ਦਾਮ, ਦੰਡ, ਭੇਦ ਵਰਗੀਆਂ ਸਾਰੀਆਂ ਨੀਤੀਆਂ ਨੂੰ ਅਪਣਾ ਕੇ ਆਉਂਦੀਆਂ ਚੋਣਾਂ ਵਿੱਚ ਆਪਣੇ ਪ੍ਰਦਰਸ਼ਨ ਨੂੰ ਸੁਧਾਰਨ ਲਈ ਪੂਰਾ ਅੱਡੀ ਚੋਟੀ ਦਾ ਜੋਰ ਲਾ ਰਹੀ ਹੈ। ਇਸੇ ਨੀਤੀ ‘ਤੇ ਚਲਦਿਆਂ ਪਾਰਟੀ ਨੇ ਨਰਾਜ਼ ਹੋ ਕੇ ਵੱਖਰੇ ਰਾਹ ਅਪਣਾਉਣ ਵਾਲੇ ਆਪਣੇ ਵਿਧਾਇਕਾਂ ਨੂੰ ਵੀ ਮਨਾਉਣਾ ਸ਼ੁਰੂ ਕਰ ਦਿੱਤਾ ਹੈ। ਹਲਾਤ ਇਹ ਹਨ ਕਿ ‘ਆਪ’ ਨੇ ਪਾਰਟੀ ਦੇ ਹਲਕਾ ਮਾਨਸਾ ਤੋਂ ਬਾਗੀ ਵਿਧਾਇਕ ਤੇ ਸੁਖਪਾਲ ਖਹਿਰਾ ਦੇ ਸਾਥੀ ਨਾਜ਼ਰ ਸਿੰਘ ਮਾਨਸ਼ਾਹੀਆ ਨੂੰ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਬਠਿੰਡਾ ਤੋਂ ਚੋਣ ਲੜਨ ਲਈ ਪੇਸ਼ਕਸ਼ ਤੱਕ ਕਰ ਦਿੱਤੀ ਹੈ, ਪਰ ਮਾਨਸ਼ਾਹੀਆ ਆਪਣੇ ਬਾਗੀ ਧੜ੍ਹੇ ਪ੍ਰਤੀ ਇਸ ਕਦਰ ਇਮਾਨਦਾਰ ਹਨ ਕਿ ਉਨ੍ਹਾਂ ਨੇ ਇਸ ਪੇਸ਼ਕਸ਼ ਨੂੰ ਇਹ ਕਹਿੰਦਿਆਂ ਠੁਕਰਾ ਦਿੱਤਾ ਹੈ ਕਿ ਪਾਰਟੀ ਪਹਿਲਾਂ ਸੁਖਪਾਲ ਖਹਿਰਾ ਦੀ ਵਾਪਸੀ ਸਣੇ ਉਨ੍ਹਾਂ ਸ਼ਰਤਾਂ ‘ਤੇ ਗੱਲਬਾਤ ਕਰੇ ਜਿਹੜੀਆਂ ਕਿ ਬਾਗੀ ਧੜ੍ਹੇ ਵੱਲੋਂ ਸ਼ੁਰੂ ਤੋਂ ਹੀ ਰੱਖੀਆਂ ਜਾ ਰਹੀਆਂ ਹਨ। ਅਜਿਹੇ ਵਿੱਚ ‘ਆਪ’ ਦੇ ਨਰਮ ਰੁੱਖ ਨੂੰ ਦੇਖਦਿਆਂ ਮਾਮਲਾ ਬੇਹੱਦ ਦਿਲਚਸਪ ਹੁੰਦਾ ਜਾ ਰਿਹਾ ਹੈ।
ਇਸ ਸਬੰਧ ਵਿੱਚ ਸੂਤਰਾਂ ਤੋਂ ਪ੍ਰਾਪਤ ਹੋਰ ਵੇਰਵਿਆਂ ਅਨੁਸਾਰ ਆਮ ਆਦਮੀ ਪਾਰਟੀ ਦੇ ਆਗੂ ਇੱਕ ਵਿਸ਼ੇਸ਼ ਰਣਨੀਤੀ ‘ਤੇ ਕੰਮ ਕਰਦਿਆਂ ਖਹਿਰਾ ਧੜ੍ਹੇ ਦੇ ਵਿਧਾਇਕਾਂ ਨੂੰ ਤੇੜ ਕੇ ਆਪਣੇ ਨਾਲ ਸ਼ਾਮਲ ਕਰਨ ਦੀ ਤਾਕ ਵਿੱਚ ਹਨ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਬੀਤੇ ਦਿਨੀਂ ਬਰਨਾਲਾ ਦੇ ਵਿਧਾਇਕ ਮੀਤ ਹੇਅਰ ਦੇ ਘਰ ਪਾਰਟੀ ਸੁਪਰੀਮੋਂ ਅਰਵਿੰਦ ਕੇਜਰਵਾਲ ਅਤੇ ਆਪ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਦੀ ਹਾਜ਼ਰੀ ਵਿੱਚ ਬਾਗੀ ਵਿਧਾਇਕਾਂ ਨਾਲ ਮੀਟਿੰਗ ਵੀ ਕੀਤੀ ਗਈ ਸੀ, ਤੇ ਉਸ ਦੌਰਾਨ ਇਹ ਗੱਲ ਸਪੱਸ਼ਟ ਹੋਈ ਸੀ ਕਿ ਅਰਵਿੰਦ ਕੇਜਰੀਵਾਲ ਸੁਖਪਾਲ ਖਹਿਰਾ ਨੂੰ ਛੱਡ ਕੇ ਬਾਕੀ ਕਿਸੇ ਵੀ ਬਾਗੀ ਵਿਧਾਇਕ ਨੂੰ ਪਾਰਟੀ ਵਿੱਚ ਮੁੜ ਸ਼ਾਮਲ ਕਰਨ ਲਈ ਤਿਆਰ ਹਨ। ਇਨ੍ਹਾਂ ਕੋਸ਼ਿਸ਼ਾਂ ਤਹਿਤ ਪਾਰਟੀ ਵੱਲੋਂ ਇੱਕ ਮਹਿਲਾ ਵਿਧਾਇਕ ਕੋਰ ਕਮੇਟੀ ਦੇ ਚੇਅਰਮੈਨ ‘ਤੇ ਭਗਵੰਤ ਮਾਨ ਤੋਂ ਇਲਾਵਾ ਇੱਕ ਹੋਰ ਆਗੂ ਦੀ ਡਿਊਟੀ ਲਾਈ ਗਈ ਹੈ। ਪਤਾ ਲੱਗਾ ਹੈ ਕਿ ਆਮ ਆਦਮੀ ਪਾਰਟੀ ਦੀ ਸੋਚ ਅਨੁਸਾਰ ਇਨ੍ਹਾਂ ਸਭ ਵਿੱਚੋਂ ਜੇਕਰ ਕਿਸੇ ਨੂੰ ਜੋਰ ਦੇ ਕੇ ਮਨਾਇਆ ਜਾ ਸਕਦਾ ਸੀ ਤਾਂ ਉਹ ਸੀ ਮਾਨਸਾ ਦੇ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਤੇ ਸ਼ਾਇਦ ਇਸੇ ਲਈ ਪਾਰਟੀ ਨੇ ਮਾਨਸ਼ਾਹੀਆ ਨੂੰ ਲੋਕ ਸਭਾ ਹਲਕਾ ਬਠਿੰਡਾ ਤੋਂ ਪਾਰਟੀ ਟਿਕਟ ਦੀ ਪੇਸ਼ਕਸ਼ ਕੀਤੀ ਹੈ। ਪਰ ਉਨ੍ਹਾਂ ਦੀ ਸੋਚ ਦੇ ਉਲਟ ਮਾਨਸ਼ਾਹੀਆ ਨੇ ਇਸ ਪੇਸ਼ਕਸ਼ ਨੂੰ ਖਹਿਰਾ ਦੀ ਪਾਰਟੀ ਵਿੱਚ ਵਾਪਸੀ ਅਤੇ ਕੁਝ ਹੋਰ ਸ਼ਰਤਾਂ ਮੰਨਣ ਦੇ ਨਾਲ ਜੋੜ ਕੇ ਰੱਖ ਦਿੱਤਾ। ਸੂਤਰਾਂ ਅਨੁਸਾਰ ਪਾਰਟੀ ਪ੍ਰਧਾਨ ਵੱਲੋਂ ਲਾਈ ਗਈ ਡਿਊਟੀ ਅਨੁਸਾਰ ‘ਆਪ’ ਦੀ ਕੋਰ ਕਮੇਟੀ ਦੇ ਚੇਅਰਮੈਨ ਵਿਧਾਇਕ ਬੁੱਧ ਰਾਮ ਅਤੇ ਇੱਕ ਮਹਿਲਾ ਵਿਧਾਇਕ ਨੇ ਮਾਨਸ਼ਾਹੀਆ ਨਾਲ ਨਿੱਜੀ ਤੌਰ ‘ਤੇ ਵੀ ਮੁਲਾਕਾਤ ਕਰਕੇ ਪਾਰਟੀ ਦੀ ਸੋਚ ਤੋਂ ਉਨ੍ਹਾਂ ਨੂੰ ਜਾਣੂ ਕਰਵਾਇਆ ਸੀ। ਜਿਸ ਬਾਰੇ ਬੁੱਧ ਰਾਮ ਕਹਿੰਦੇ ਹਨ ਕਿ ‘ਆਪ’ ਆਪਣੇ ਵਿਧਾਇਕਾਂ ਨੂੰ ਪਾਰਟੀ ਨਾਲ ਜੁੜਨ ਦੀਆਂ ਬੇਨਤੀਆਂ ਕਰ ਰਹੀ ਹੈ ਤੇ ਕੁਝ ਦਿਨ ਪਹਿਲਾਂ ਹਲਕਾ ਮਾਨਸਾ ਤੋਂ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆਂ ਨੂੰ ਬਠਿੰਡਾ ਤੋਂ ਚੋਣ ਲੜਨ ਲਈ ਵੀ ਕਿਹਾ ਗਿਆ ਸੀ ਤਾਂ ਕਿ ਇੱਕ-ਜੁਟ ਹੋ ਕੇ ਲੋਕ ਸਭਾ ਚੋਣ ਲੜੀ ਜਾ ਸਕੇ।
ਇੱਧਰ ਦੂਜੇ ਪਾਸੇ ਜੇਕਰ ਖਹਿਰਾ ਧੜ੍ਹੇ ‘ਤੇ ਨਿਗ੍ਹਾ ਮਾਰੀਏ ਤਾਂ ਪੰਜਾਬ ਏਕਤਾ ਪਾਰਟੀ ਨੇ ਭਾਵੇਂ ਪੰਜਾਬ ਜ਼ਮਹੂਰੀ ਗੱਠਜੋੜ ਨਾਲ ਮਿਲ ਕੇ ਆਉਂਦੀਆਂ ਚੋਣਾਂ ਲੜਨ ਲਈ ਰਣਨੀਤੀ ਤਹਿ ਕਰ ਲਈ, ਪਰ ਇਸ ਦੇ ਬਾਵਜੂਦ ਅਜੇ ਕੁਝ ਸੀਟਾਂ ‘ਤੇ ਉਮੀਦਵਾਰ ਨਾ ਐਲਾਨਣਾ ਇਹ ਸੰਕੇਤ ਦਿੰਦਾ ਹੈ ਕਿ ਦੋਵੇਂ ਧਿਰਾਂ ਏਕੇ ਦੀ ਗੱਲਬਾਤ ਨੂੰ ਅੱਗੇ ਤੋਰਨ ਲਈ ਇਛੁੱਕ ਹਨ। ਇਸ ਸਬੰਧ ਵਿੱਚ ਜਦੋਂ ਆਪ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਨਾਲ ਮੀਡੀਆ ਨੇ ਸੰਪਰਕ ਕੀਤਾ ਤਾਂ ਉਨ੍ਹਾਂ ਸਪੱਸ਼ਟ ਕਰਦਿਆਂ ਕਿਹਾ ਕਿ ਉਹ ਆਪਣੇ ਧੜ੍ਹੇ ਨਾਲ ਗੱਡ ਕੇ ਖੜ੍ਹੇ ਹਨ ਤੇ ਜੋ ਵੀ ਫੈਸਲਾ ਹੋਵੇਗਾ ਉਹ ਸਾਂਝੇ ਮੁੱਦਿਆਂ ਨੂੰ ਲੈ ਕੇ ਹੀ ਕੀਤਾ ਜਾ ਸਕਦਾ ਹੈ। ਮਾਨਸ਼ਾਹੀਆ ਨੇ ਇੱਥੇ ਮੰਨਿਆਂ ਕਿ ਆਮ ਆਦਮੀ ਪਾਰਟੀ ਵੱਲੋਂ ਉਨ੍ਹਾਂ ਨੂੰ ਹਲਕਾ ਬਠਿੰਡਾ ਤੋਂ ਚੋਣ ਲੜਨ ਦੀ ਪੇਸ਼ਕਸ਼ ਕੀਤੀ ਗਈ ਸੀ।