ਮਹਿਲਾ ਦਿਵਸ ਮੌਕੇ ਕਿਸਾਨ ਅੰਦੋਲਨ ‘ਚ ਸ਼ਮੂਲੀਅਤ ਕਰਨ ਲਈ ਵੱਡੀ ਗਿਣਤੀ ਔਰਤਾਂ ਹੋਈਆਂ ਰਵਾਨਾ

TeamGlobalPunjab
2 Min Read

ਬਰਨਾਲਾ : 8 ਮਾਰਚ ਨੂੰ ਮਹਿਲਾ ਦਿਵਸ ਮੌਕੇ ਅੱਜ ਸੰਗਰੂਰ ਅਤੇ ਬਰਨਾਲਾ ਤੋਂ ਵੱਡੀ ਗਿਣਤੀ ਵਿੱਚ ਮਹਿਲਾ ਕਿਸਾਨਾਂ ਦਾ ਜਥਾ ਦਿੱਲੀ ਨੂੰ ਰਵਾਨਾ ਹੋਇਆ। ਇਹ ਜਥੇ ਦਿੱਲੀ ਦੀਆਂ ਸਰਹੱਦਾਂ ‘ਤੇ ਚੱਲ ਰਹੇ ਅੰਦੋਲਨ ‘ਚ ਸ਼ਮੂਲੀਅਤ ਕਰਨਗੇ। ਬਰਨਾਲਾ ਤੋਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਅਗਵਾਈ ਵਿੱਚ 11 ਬੱਸਾਂ ਵਿੱਚ ਸਵਾਰ ਹੋ ਕੇ ਸੈਂਕੜੇ ਔਰਤਾਂ ਦਿੱਲੀ ਲਈ ਰਵਾਨਾ ਹੋਈਆਂ।  ਇਸ ਮੌਕੇ ਦਿੱਲੀ ਜਾਣ ਵਾਲੀਆਂ ਔਰਤਾਂ ਨੇ ਕਿਹਾ ਕਿ ਲੱਖਾਂ ਮਹਿਲਾਵਾਂ ਦਾ ਇਕੱਠ ਦੇਖ ਕੇ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਵਾਪਸ ਲੈਣ ਲਈ ਮਜਬੂਰ ਹੋਣਾ ਪਵੇਗਾ। ਉਹਨਾਂ ਕਿਹਾ ਕਿ ਕਿਸਾਨਾਂ ਤੋਂ ਵੱਧ ਔਰਤਾਂ ਦੇ ਹੌਂਸਲੇ ਬੁਲੰਦ ਹਨ। ਜਿੰਨਾ ਸਮਾਂ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ, ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ। ਉਹਨਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਕਣਕ ਦੀ ਫ਼ਸਲ ਦੀ ਵਾਢੀ ਮੌਕੇ ਉਹ ਦਿੱਲੀ ਵਿਖੇ ਮੋਰਚੇ ਵੀ ਸੰਭਾਲਣਗੀਆਂ। ਕਿਉਂਕਿ ਕਿਸਾਨ ਫ਼ਸਲਾਂ ਦੀ ਸੰਭਾਲ ਲਈ ਪਿੰਡ ਪਰਤਣਗੇ।

ਓਧਰ ਸੰਗਰੂਰ ‘ਚ ਵੀ ਵੱਡੀ ਗਿਣਤੀ ਅੰਦਰ ਮਹਿਲਾਵਾਂ ਦਿੱਲੀ ਦੇ ਟਿੱਕਰੀ ਬੌਰਡਰ ‘ਤੇ ਚੱਲ ਰਹੇ ਧਰਨੇ ‘ਚ ਸ਼ਾਮਲ ਹੋਣ ਲਈ ਅੱਜ ਰਵਾਨਾ ਹੋ ਗਈਆਂ ਹਨ। ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਧਰਨਾ ਨੂੰ ਹੋਰ ਮਜ਼ਬੂਤ ਬਣਾਉਨ ਦੇ ਲਈ ਸੰਯੁਕਤ ਕਿਸਾਨ ਮੋਰਚਾ ਵੱਲੋਂ ਵੱਡੇ ਐਲਾਨ ਕੀਤੇ ਗਏ ਹਨ। ਜਿਸ ਨੂੰ ਧਿਆਨ ‘ਚ ਰੱਖਦੇ ਹੋਏ 8 ਮਾਰਚ ਨੂੰ ਕਿਸਾਨਾਂ ਵੱਲੋਂ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਦਿਨ ਕਿਸਾਨ ਸਟੇਜ਼ਾਂ ‘ਤੇ ਔਰਤਾਂ ਭਾਸ਼ਣ ਦਿੰਦੀਆਂ ਤੇ ਕੇਂਦਰ ਸਰਕਾਰ ਖਿਲਾਫ਼ ਵਰ੍ਹਦੀਆਂ ਨਜ਼ਰ ਆਉਣਗੀਆਂ।

- Advertisement -

Share this Article
Leave a comment