Home / ਓਪੀਨੀਅਨ / ‘ਆਪ’ ਨੂੰ 4.5 ਲੱਖ ਵੋਟਾਂ ਨਾਲ ਮਾਤ ਦੇ ਗਿਆ ‘ਪੀਡੀਏ’, ਦੇਖੋ! ਆਹ ਹੁੰਦੇ ਨਤੀਜੇ, ਜੇ ਆਪਸ ‘ਚ ਨਾ ਲੜਦੇ ਇਹ ਲੋਕ

‘ਆਪ’ ਨੂੰ 4.5 ਲੱਖ ਵੋਟਾਂ ਨਾਲ ਮਾਤ ਦੇ ਗਿਆ ‘ਪੀਡੀਏ’, ਦੇਖੋ! ਆਹ ਹੁੰਦੇ ਨਤੀਜੇ, ਜੇ ਆਪਸ ‘ਚ ਨਾ ਲੜਦੇ ਇਹ ਲੋਕ

ਕੁਲਵੰਤ ਸਿੰਘ ਪਟਿਆਲਾ : ਸਾਲ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਭਾਵੇਂ ਕਿ ਸਾਰੀਆਂ ਹੀ ਪਾਰਟੀਆਂ ਦਾ ਟੀਚਾ ਲੋਕ ਸਭਾ ਸੀਟਾਂ ਜਿੱਤਣ ਦਾ ਸੀ, ਪਰ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਜਿਹੜੇ ਅੰਕੜੇ ਸਾਹਮਣੇ ਆਏ ਹਨ, ਉਨ੍ਹਾਂ ਨੂੰ ਪੜ੍ਹ ਕੇ ਇੱਕ ਦੂਜੇ ਦੇ ਕੱਟੜ ਵਿਰੋਧੀ ਧੜ੍ਹੇ ਅਤੇ ਪਾਰਟੀਆਂ ਨੇ ਇਹ ਕਹਿ ਕੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ, “ਕਿ ਦੇਖਿਆ? ਸਾਡੀ ਪਾਰਟੀ ਜਾਂ ਧੜ੍ਹੇ ਨੇ ਘੱਟੋ ਘੱਟ ਸਾਡੇ ਸ਼ਰੀਕਾਂ ਨੂੰ ਤਾਂ ਅੱਗੇ ਨਹੀਂ ਲੰਘਣ ਦਿੱਤਾ।” ਜੀ ਹਾਂ, ਇਹ ਸੱਚ ਹੈ ਤੇ ਅਜਿਹਾ ਹੋਇਆ ਹੈ ਆਮ ਆਦਮੀ ਪਾਰਟੀ ਤੇ ਪੰਜਾਬ ਜ਼ਮਹੂਰੀ ਗੱਠਜੋੜ ਨਾਲ, ਜਿਨ੍ਹਾਂ ਦੇ ਸਮਰਥਕਾਂ ਨੇ ਆਪੋ ਆਪਣੀਆਂ ਵੋਟਾਂ ਗਿਣ ਕੇ ਇਸ ਗੱਲ ‘ਤੇ ਤਸੱਲੀ ਕਰਨੀ ਸ਼ੁਰੂ ਕਰ ਦਿੱਤੀ ਹੈ, ਕਿ ਅਸੀਂ ਫਲਾਣੇ ਤੋਂ ਅੱਗੇ ਹਾਂ, ਕਿਉਂਕਿ ਸਾਨੂੰ ਇੰਨੀ ਵੋਟ ਪਈ ਹੈ। ਜਦਕਿ ਸੱਚਾਈ ਇਹ ਹੈ, ਕਿ ਜੇਕਰ ਆਮ ਆਦਮੀ ਪਾਰਟੀ ਦੇ ਲੋਕ ਆਪਸ ਵਿੱਚ ਨਾ ਲੜਦੇ ਤਾਂ ਜਿਹੜੀ ‘ਆਪ’ ਸਾਲ 2014 ਦੌਰਾਨ 33.10 ਪ੍ਰਤੀਸ਼ਤ ਵੋਟ ਹਿੱਸਾ ਲੈ ਕੇ ਲੋਕਾਂ ਨੂੰ ਪੰਜਾਬ ਵਿੱਚ ਤੀਜਾ ਬਦਲ ਨਜ਼ਰ ਆਉਣ ਲੱਗ ਪਈ ਸੀ, ਉਹ ਆਮ ਆਦਮੀ ਪਾਰਟੀ  ਹੁਣ 7.38 ਪ੍ਰਤੀਸ਼ਤ ਵੋਟ ਨਾਲ ਆਪਣੀ ਹੋਂਦ ਬਚਾਂਉਦੀ ਨਾ ਦਿਖਾਈ ਦਿੰਦੀ। ਇਸ ਦੌਰਾਨ ਜੇਕਰ ਮੌਜੂਦਾ ਚੋਣਾਂ ਦੇ ਅੰਕੜਿਆਂ ‘ਤੇ ਨਿਗ੍ਹਾ ਮਾਰੀ ਜਾਵੇ ਤਾਂ ਆਮ ਆਦਮੀ ਪਾਰਟੀ ਨੂੰ ਪੰਜਾਬ ਦੀਆਂ 13 ਸੀਟਾਂ ‘ਤੇ ਇਸ ਵਾਰ ਕੁੱਲ 10 ਲੱਖ 15 ਹਜ਼ਾਰ 7 ਸੌ 73 ਵੋਟਾਂ ਪਈਆਂ ਹਨ, ਜਦਕਿ ਜੁੰਮਾਂ ਜੁੰਮਾਂ ਚੰਦ ਮਹੀਨੇ ਪਹਿਲਾਂ ਬਣਿਆ ਪੰਜਾਬ ਜ਼ਮਹੂਰੀ ਗੱਠਜੋੜ ਇਨ੍ਹਾਂ ਚੋਣਾਂ ਦੌਰਾਨ 14 ਲੱਖ 52 ਹਜ਼ਾਰ 7 ਸੌ 69 ਵੋਟਾਂ ਲੈ ਗਿਆ ਹੈ। ਇੰਝ ਵੋਟ ਪ੍ਰਤੀਸ਼ਤ ਦੇ ਅਨੁਸਾਰ ਇਨ੍ਹਾਂ ਚੋਣਾਂ ਦੌਰਾਨ ਪੀਡੀਏ ਨੂੰ ਕੁੱਲ ਪੋਲ ਹੋਈਆਂ ਵੋਟਾਂ ਦਾ 11 ਪ੍ਰਤੀਸ਼ਤ ਤੋਂ ਵੱਧ ਵੋਟਾਂ ਹਾਸਲ ਹੋਈਆਂ ਹਨ ਤੇ ਸੱਤ ਸਾਲ ਪੁਰਾਣੀ ਆਮ ਆਦਮੀ ਪਾਰਟੀ ਆਪਸੀ ਵਖਰੇਵਿਆਂ ਤੇ ਕਲੇਸ਼ਾਂ ਦਾ ਸ਼ਿਕਾਰ ਹੋ ਕੇ ਪਿਛਲੀ ਵਾਰ ਦੇ ਅੰਕੜੇ 33.10 ਪ੍ਰਤੀਸ਼ਤ ਤੋਂ ਘਟ ਕੇ 7.38 ਪ੍ਰਤੀਸ਼ਤ ‘ਤੇ ਆਣ ਸਿਮਟੀ ਹੈ। ਦੱਸ ਦਈਏ ਕਿ ਪਿਛਲੀ ਵਾਰ ਸਾਲ 2014 ਦੌਰਾਨ ਆਮ ਆਦਮੀ ਪਾਰਟੀ ਨੇ ਪਹਿਲੀ ਵਾਰ ਲੋਕ ਸਭਾ ਚੋਣਾਂ ‘ਚ ਹਿੱਸਾ ਲਿਆ ਸੀ, ਤੇ ਜੇਕਰ ਲੋਕ ਸਭਾ ਹਲਕੇ ‘ਚ ਪੈਂਦੇ ਵਿਧਾਨ ਸਭਾ ਹਲਕਿਆਂ ਅੰਦਰ ਹੋਈ ਜਿੱਤ ਹਾਰ ਦੇ ਅੰਕੜੇ ਕੱਢੇ ਜਾਣ ਤਾਂ ਇਸ ਵਿੱਚ ‘ਆਪ’ ਨੇ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਵਿੱਚੋਂ 34 ਵਿਧਾਨ ਸਭਾ ਹਲਕਿਆਂ ਵਿੱਚ ਜਿੱਤ ਹਾਸਲ ਕੀਤੀ ਸੀ। ਉਸ ਵੇਲੇ ‘ਆਪ’ ਨੇ ਕਾਂਗਰਸ ਪਾਰਟੀ ਦਾ 12.13 ਪ੍ਰਤੀਸ਼ਤ, ਸ਼੍ਰੋਮਣੀ ਅਕਾਲੀ ਦਲ ਦਾ 7.55 ਪ੍ਰਤੀਸ਼ਤ ਤੇ ਭਾਰਤੀ ਜਨਤਾ ਪਾਰਟੀ ਦਾ 1.36 ਪ੍ਰਤੀਸ਼ਤ ਵੋਟ ਬੈਂਕ ਦਾ ਨੁਕਸਾਨ ਕੀਤਾ ਸੀ, ਤੇ ਇਹ ਮੰਨਿਆ ਗਿਆ ਸੀ, ਕਿ ਇਹ ਸਾਰੀ ਦੀ ਸਾਰੀ ਵੋਟ ਉਹ ਸੀ ਜਿਹੜੀ ਤੀਜੇ ਬਦਲ ਦੀ ਤਲਾਸ਼ ਵਿੱਚ ਨਵੀਂ ਖੜ੍ਹੀ ਹੋਈ ਆਮ ਆਦਮੀ ਪਾਰਟੀ ਨੂੰ ਪਈ ਸੀ, ਤੇ ਇਸ ਦੌਰਾਨ ਇਨ੍ਹਾਂ ਦੋਵਾਂ ਰਵਾਇਤੀ ਪਾਰਟੀਆਂ ਵਿੱਚੋਂ ਸਭ ਤੋਂ ਵੱਧ ਨੁਕਸਾਨ ਕਾਂਗਰਸ ਪਾਰਟੀ ਦਾ ਹੋਇਆ ਸੀ। ਪਰ ਹੁਣ ਮੌਜੂਦਾ ਅੰਕੜੇ ਇਹ ਦਰਸਾਉਂਦੇ ਹਨ, ਕਿ ਲੋਕਾਂ ਦਾ ਮੋਹ ਤੀਜਾ ਬਦਲ ਮੰਨੀ ਜਾ ਰਹੀ ਆਮ ਆਦਮੀ ਪਾਰਟੀ ਤੋਂ ਭੰਗ ਹੋ ਗਿਆ ਹੈ ਤੇ ਉਹ ਇੱਕ ਵਾਰ ਫਿਰ ਆਪਣੀਆਂ ਉਨ੍ਹਾਂ ਹੀ ਰਵਾਇਤੀ ਪਾਰਟੀਆਂ ਵੱਲ ਮੁੜ ਗਏ ਹਨ, ਜਿਨ੍ਹਾਂ ਵਿੱਚੋਂ ਮੂੰਹ ਮੋੜ ਕੇ ਉਹ ‘ਆਪ’ ਵੱਲ ਆਏ ਸਨ। ਇਹ ਗੱਲ ਕੋਈ ਹਵਾ ਵਿੱਚ ਨਹੀਂ ਹੈ, ਕਿਉਂਕਿ ਇਸ ਵਾਰ ਕਾਂਗਰਸ ਪਾਰਟੀ ਨੇ ਸੂਬੇ ਦੀਆਂ 13 ਸੀਟਾਂ ‘ਤੇ 55 ਲੱਖ 23 ਹਜ਼ਾਰ 66 ਵੋਟਾਂ ਹਾਸਲ ਕੀਤੀਆਂ ਹਨ, ਜੋ ਕਿ ਕੁੱਲ ਵੋਟਾਂ ਦਾ 40.12 ਪ੍ਰਤੀਸ਼ਤ ਬਣਦਾ ਹੈ ਤੇ ਇੰਝ ਇਸ ਪਾਰਟੀ ਨੇ ਸਾਲ 2014 ‘ਚ ਪਏ 12.13 ਪ੍ਰਤੀਸ਼ਤ ਦੇ ਘਾਟੇ ਵਿੱਚੋਂ  7.02 ਪ੍ਰਤੀਸ਼ਤ ਘਾਟਾ ਕਵਰ ਕਰ ਲਿਆ ਹੈ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਜਿਸ ਨੂੰ ਇਸ ਵਾਰ 37 ਲੱਖ 78 ਹਜ਼ਾਰ 5 ਸੌ 74 ਵੋਟਾਂ ਪਈਆਂ ਹਨ, ਜੋ ਕਿ ਕੁੱਲ ਵੋਟ ਦਾ 27.45 ਪ੍ਰਤੀਸ਼ਤ ਬਣਦਾ ਹੈ, ਇਸ ਪਾਰਟੀ ਨੇ ਵੀ ਸਾਲ 2014 ਦਾ ਆਪਣਾ 1.15 ਪ੍ਰਤੀਸ਼ਤ ਘਾਟਾ ਕਵਰ ਕੀਤਾ ਹੈ। ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਨੂੰ ਇਸ ਵਾਰ 13 ਲੱਖ 25 ਹਜ਼ਾਰ 4 ਸੌ 45 ਵੋਟਾਂ ਪਈਆਂ ਹਨ, ਜਿਹੜਾ ਕਿ ਕੁੱਲ ਵੋਟਾਂ ਦਾ 9.63 ਪ੍ਰਤੀਸ਼ਤ ਬਣਦਾ ਹੈ, ਤੇ ਇਸ ਪਾਰਟੀ ਨੇ ਵੀ ਸਾਲ 2014 ਦੌਰਾਨ ਪਿਆ 1.36 ਪ੍ਰਤੀਸ਼ਤ ਵੋਟ ਘਾਟੇ ਵਿੱਚੋਂ 0.93 ਪ੍ਰਤੀਸ਼ਤ ਘਾਟਾ ਕਵਰ ਕਰ ਲਿਆ ਹੈ। ਇਹ ਸਾਰੇ ਘਾਟੇ ਉਨ੍ਹਾਂ ਹਾਲਾਤਾਂ ਵਿੱਚ ਕਵਰ ਹੋਏ ਹਨ, ਜਿਨ੍ਹਾਂ ਹਾਲਾਤਾਂ ਵਿੱਚ ਕਾਂਗਰਸ ਪਾਰਟੀ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਪਣੇ ਵਾਅਦੇ ਨਾ ਪੂਰੇ ਕਰਨ ਅਤੇ ਬੇਅਦਬੀ ਅਤੇ ਗੋਲੀ ਕਾਂਡ ਦੇ ਮੁਲਜ਼ਮਾਂ ਖਿਲਾਫ ਕਾਰਵਾਈ ਨਾ ਕਰਨ ਦੇ ਦੋਸ਼ ਝੱਲਦਿਆਂ ਲੋਕਾਂ ਦੇ ਨਿਸ਼ਾਨੇ ‘ਤੇ ਹੈ। ਇਸੇ ਤਰ੍ਹਾਂ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਵੀ ਬੇਅਦਬੀ ਅਤੇ ਗੋਲੀ ਕਾਂਡ ਦੀਆਂ ਘਟਨਾਵਾਂ ਨੂੰ ਲੈ ਕੇ ਇਨ੍ਹਾਂ ਚੋਣਾਂ ਦੌਰਾਨ ਪੰਜਾਬ ਦੀ ਜਨਤਾ ਦੇ ਸਵਾਲਾਂ ਦਾ ਸਾਹਮਣਾ ਕਰਦੀ ਰਹੀ। ਇਸ ਤੋਂ ਇਲਾਵਾ ਕੀ ਕਾਂਗਰਸ ਅਤੇ ਕੀ ਆਮ ਆਦਮੀ ਪਾਰਟੀ, ਦੋਵਾਂ ਨੇ ਵੀ ਇਸ ਪਾਰਟੀ ਵਿਰੁੱਧ ਸਿੱਖੀ ਦਾ ਘਾਣ ਕਰਨ, ਅਕਾਲੀ ਸਰਕਾਰ ਵੇਲੇ ਨਸ਼ਿਆਂ ਦੇ ਕਾਰੋਬਾਰ ‘ਚ ਵਾਧੇ, ਵੱਖ ਵੱਖ ਕਾਰੋਬਾਰਾਂ ‘ਤੇ ਨਾਜਾਇਜ਼ ਕਬਜ਼ੇ ਤੇ ਹੋਰ ਕਈ ਤਰ੍ਹਾਂ ਦੇ ਦੋਸ਼ ਲਾ ਕੇ ਚੋਣਾਂ ਲੜੀਆਂ ਸਨ, ਪਰ ਅੰਤ ਵਿੱਚ ਚੋਣ ਨਤੀਜਿਆਂ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ। ਸੱਚਾਈ ਇਹ ਹੈ ਕਿ ਇਸ ਸਭ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਦਾ ਵੋਟ ਪ੍ਰਤੀਸ਼ਤ ਪਹਿਲਾਂ ਦੇ ਮੁਕਾਬਲੇ 1.15 ਪ੍ਰਤੀਸ਼ਤ ਵਧਿਆ ਹੈ। ਅਜਿਹੇ ਵਿੱਚ ਸਵਾਲ ਇਹ ਹੈ ਕਿ, ਕੀ ਪੰਜਾਬ ਦੇ ਲੋਕਾਂ ਨੇ ਅਕਾਲੀ ਦਲ ਦੇ ਵਿਰੋਧੀਆਂ ਵੱਲੋਂ ਲਾਏ ਜਾ ਰਹੇ ਇਲਜ਼ਾਮਾਂ ਨੂੰ ਨਾਕਾਰ ਦਿੱਤਾ ਹੈ ਜਾਂ ਆਮ ਆਦਮੀ ਪਾਰਟੀ ਦੇ ਅੰਦਰੂਨੀ ਕਲੇਸ਼ ਨੇ ਲੋਕਾਂ ਨੂੰ ਅੰਦਰੋ ਅੰਦਰੀ ਇੰਨਾ ਤੋੜ ਕੇ ਰੱਖ ਦਿੱਤਾ ਹੈ ਕਿ ਉਹ ਇੱਕ ਵਾਰ ਫਿਰ ਉਨ੍ਹਾਂ ਹੀ ਪਾਰਟੀਆਂ ਵੱਲ ਮੂੰਹ ਕਰਨ ਨੂੰ ਮਜ਼ਬੂਰ ਹੋ ਗਏ ਹਨ, ਜਿਨ੍ਹਾਂ ‘ਤੇ ਸਾਲ 2014 ਦੌਰਾਨ ਆਮ ਆਦਮੀ ਪਾਰਟੀ ਨੂੰ ਵੋਟ ਪਾਉਣ ਲੱਗਿਆਂ ਜਨਤਾ ਨੇ ਇਹ ਦੋਸ਼ ਲਾਇਆ ਸੀ, ਕਿ ਇਹ ਪਾਰਟੀਆਂ ਸਾਨੂੰ ਦਹਾਕਿਆਂ ਤੋਂ ਲੁੱਟ ਵੀ ਰਹੀਆਂ ਹਨ ਤੇ ਕੁੱਟ ਵੀ। ਇਸ ਲਈ ਹੁਣ ਸਾਨੂੰ ਤੀਜਾ ਬਦਲ ਚਾਹੀਦਾ ਹੈ। ਮੌਜੂਦਾ ਹਾਲਾਤ ਇਹ ਹਨ, ਕਿ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਅਜੇ ਵੀ ਸੂਬੇ ਦੇ ਸਿਆਸੀ ਸਮੀਕਰਣ ਕੋਈ ਬਹੁਤੇ ਬਦਲੇ ਨਹੀਂ ਹਨ। ਸੋਸ਼ਲ ਮੀਡੀਆ ਖੋਲ੍ਹ ਕੇ ਵੇਖੀਏ ਤਾਂ ਅਜੇ ਵੀ ‘ਆਪ’ ਅਤੇ ਪੀਡੀਏ ਦੇ ਸਮਰਥਕ ਇਸ ਗੱਲ ਦਾ ਅਫਸੋਸ ਮਨਾਉਣ ਦੀ ਬਜਾਏ ਕਿ ਜੇਕਰ ਅਸੀਂ ਇਕੱਠੇ ਹੁੰਦੇ ਤਾਂ ਸਾਡੇ ਦੋਵਾਂ ਧੜਿਆਂ ਦੀ ਵੋਟ 24 ਲੱਖ 68 ਹਜ਼ਾਰ 5 ਸੌ 52 ਹੋਣੀ ਸੀ, ਉਹ ਇਸ ਗੱਲ ਨੂੰ ਲੈ ਕੇ ਖੁਸ਼ ਹੋ ਰਹੇ ਹਨ, ਕਿ ਦੇਖਿਆ ਅਸੀਂ ਫਲਾਨੇ ਤੋਂ ਅੱਗੇ ਹਾਂ ਤੇ ਫਲਾਨਾ ਬਹੁਤੀਆਂ ਗੱਲਾਂ ਮਾਰਦਾ ਸੀ ਅੱਜ ਉਸ ਦੀ ਜ਼ਮਾਨਤ ਜ਼ਬਤ ਹੋ ਗਈ ਹੈ। ਸ਼ਾਇਦ ਵਿਰੋਧੀ ਧਿਰਾਂ ਇਹੋ ਚਾਹੁੰਦੀਆਂ ਸਨ, ਤੇ ਇਨ੍ਹਾਂ ਵਿੱਚੋਂ ਬਹੁਤੇ ਲੋਕਾਂ ਨੂੰ ਸਭ ਕੁਝ ਲੁਟਾ ਕੇ ਅਜੇ ਵੀ ਅਕਲ ਨਹੀਂ ਆ ਰਹੀ। ਚਲੋ ਇਹ ਵੀ ਕੀ ਕਰਨ ਜਦੋਂ ਇਨ੍ਹਾਂ ਦੇ ਕਈ ਵੱਡਿਆਂ ਨੂੰ ਨਹੀਂ ਅਕਲ ਆਈ ਤਾਂ ਇਨ੍ਹਾਂ ਦੀ ਸੋਚ ਤਾਂ ਅਜੇ ਸ਼ਰੀਕੇਬਾਜ਼ੀ ਤੱਕ ਹੀ ਅਟਕੀ ਹੋਈ ਹੈ। ਲਗੇ ਰਹੋ ਮਿੱਤਰੋ ਤੁਹਾਡਾ ਕੋਈ ਕਸੂਰ ਨਹੀਂ।  

Check Also

ਮੁੱਖ ਮੰਤਰੀ ਵੱਲੋਂ ‘ਘਰ ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ’ ਤਹਿਤ 7219 ਵਾਜਬ ਦਰਾਂ ਦੀਆਂ ਦੁਕਾਨਾਂ ਦੀ ਅਲਾਟਮੈਂਟ ਦੀ ਸ਼ੁਰੂਆਤ

ਐਸ.ਏ.ਐਸ. ਨਗਰ: ਲੋਕਾਂ ਲਈ ਰੋਜ਼ੀ ਰੋਟੀ ਦੇ ਸਾਧਨਾਂ ਨੂੰ ਹੁਲਾਰਾ ਦੇਣ ਦੀ ਕੋਸ਼ਿਸ਼ ਵਜੋਂ ਪੰਜਾਬ …

Leave a Reply

Your email address will not be published. Required fields are marked *