ਬਿਜਲੀ ਮਹਿਕਮਾਂ ਸੰਭਾਲਣ ਨੂੰ ਤਿਆਰ ਹੋਏ ਨਵਜੋਤ ਸਿੱਧੂ, ਸ਼ਰਤ ਸੁਣ ਕੇ ਕਈਆਂ ਨੂੰ ਪਈਆਂ ਭਾਜੜਾਂ, ਕੈਪਟਨ ਹੈਰਾਨ!

TeamGlobalPunjab
4 Min Read

ਚੰਡੀਗੜ੍ਹ : ਪੰਜਾਬ ਦਾ ਸਥਾਨਕ ਸਰਕਾਰਾਂ  ਵਿਭਾਗ ਖੋਹ ਲਏ ਜਾਣ ਤੋਂ ਨਾਰਾਜ਼ ਹੋਏ ਸੂਬੇ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅੰਤਕਾਲ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੌਂਪੇ ਗਏ ਨਵੇਂ ਬਿਜਲੀ ਵਿਭਾਗ ਦਾ ਚਾਰਜ ਸੰਭਾਲਣ ਲਈ ਤਿਆਰ ਹੋ ਹੀ ਗਏ ਹਨ। ਸੂਤਰਾਂ ਅਨੁਸਾਰ ਸਿੱਧੂ ਨੇ ਆਪਣਾ ਨਵਾਂ ਮਹਿਕਮਾਂ ਸੰਭਾਲਣ ਲਈ ਇਹ ਸ਼ਰਤ ਰੱਖੀ ਹੈ ਕਿ ਜਿਨ੍ਹਾਂ ਦੋਸ਼ਾਂ ਤਹਿਤ ਉਨ੍ਹਾਂ ਤੋਂ ਸਥਾਨਕ ਸਰਕਾਰਾਂ ਮਹਿਕਮਾਂ ਵਾਪਸ ਲਿਆ ਗਿਆ ਹੈ, ਉਨ੍ਹਾਂ ਹੀ ਦੋਸ਼ਾਂ ਤਹਿਤ ਕੈਪਟਨ ਵਜ਼ਾਰਤ ਦੇ ਬਾਕੀ ਮੰਤਰੀਆਂ ‘ਤੇ ਵੀ ਕਾਰਵਾਈ ਕੀਤੀ ਜਾਵੇ ਤਾਂ ਕਿ ਸਾਰੇ ਵਜ਼ੀਰਾਂ ਦੇ ਨਾਲ ਇੱਕੋ ਜਿਹਾ ਵਿਹਾਰ ਹੋਵੇ। ਸੂਤਰਾਂ ਦਸਦੇ ਹਨ ਕਿ ਸਿੱਧੂ ਅਨੁਸਾਰ ਜੇਕਰ ਅਜਿਹਾ ਹੁੰਦਾ ਹੈ ਤਾਂ ਉਹ ਖੁਸ਼ੀ ਖੁਸ਼ੀ ਆਪਣੇ ਮਹਿਕਮੇਂ ਦਾ ਕਾਰਜਭਾਰ ਸੰਭਾਲਣ ਲਈ ਤਿਆਰ ਹਨ। ਸਿੱਧੂ ਦੀ ਇਹ ਸ਼ਰਤ ਸੁਣ ਕੇ ਸੂਬੇ ਦੇ ਕਈ ਮੰਤਰੀਆਂ ਨੂੰ ਇਹ ਸੋਚ ਕੇ ਭਾਜੜਾਂ ਪੈ ਗਈਆਂ ਹਨ ਕਿ ਕਿਤੇ ਸਿੱਧੂ ਦੀ ਸ਼ਰਤ ਮੰਨੀ ਗਈ ਤਾਂ ਉਨ੍ਹਾਂ ਦਾ ਮਹਿਕਮਾਂ ਹੱਥੋਂ ਜਾਣਾ ਤੈਅ ਹੈ।

ਦੱਸ ਦਈਏ ਕਿ ਲੋਕ ਸਭਾ ਚੋਣਾਂ ਲਈ ਪ੍ਰਚਾਰ ਕੀਤੇ ਜਾਣ ਦੇ ਅਖੀਰਲੇ ਦਿਨ ਨਵਜੋਤ ਸਿੰਘ ਸਿੱਧੂ ਨੇ ਬਠਿੰਡਾ ਵਿਖੇ ਇੱਕ ਰੈਲੀ ਦੌਰਾਨ ਕੈਪਟਨ ਅਤੇ ਬਾਦਲਾਂ ਵਿਚਕਾਰ ਅਸਿੱਧੇ ਤੌਰ ‘ਤੇ ਭਾਈਵਾਲੀ ਦੇ ਦੋਸ਼ ਲਾਏ ਸਨ। ਜਿਸ ਤੋਂ ਖਫਾ ਹੋ ਕੇ ਕੈਪਟਨ ਨੇ ਸ਼ਰੇਆਮ ਸਿੱਧੂ ਵਿਰੁੱਧ ਭੜਾਸ ਕੱਢੀ ਸੀ ਤੇ ਚੋਣਾਂ ਦੇ ਨਤੀਜੇ ਆਉਣ ਸਾਰ ਕੈਪਟਨ ਨੇ ਸਿੱਧੂ ‘ਤੇ ਦੂਜਾ ਵਾਰ ਕਰਦਿਆਂ ਇਹ ਕਹਿ ਦਿੱਤਾ ਸੀ ਕਿ ਕਾਂਗਰਸ ਪਾਰਟੀ ਨੂੰ ਪੰਜਾਬ ਦੇ ਸ਼ਹਿਰਾਂ ਵਿੱਚ ਵੋਟਾਂ ਇਸ ਲਈ ਘੱਟ ਪਈਆਂ ਕਿਉਂਕਿ ਸਿੱਧੂ ਦੇ ਸਥਾਨਕ ਸਰਕਾਰਾਂ ਵਿਭਾਗ ਦੀ ਕਾਰਗੁਜਾਰੀ ਮਾੜੀ ਰਹੀ ਹੈ। ਇਸ ਤੋਂ ਕੁਝ ਦਿਨ ਬਾਅਦ ਹੀ ਕੈਪਟਨ ਨੇ ਵਜ਼ਾਰਤੀ ਫੇਰਬਦਲ ਕਰਦਿਆਂ ਨਵਜੋਤ ਸਿੰਘ ਸਿੱਧੂ ਦਾ ਸਥਾਨਕ ਸਰਕਾਰਾਂ ਵਿਭਾਗ ਖੋਹ ਕੇ ਉਨ੍ਹਾਂ ਨੂੰ ਬਿਜਲੀ ਅਤੇ ਨਵਿਆਉਣਯੋਗ ਵਿਭਾਗ ਦੇ ਦਿੱਤਾ ਸੀ। ਇਸ ‘ਤੇ ਨਾਰਾਜ਼ ਹੋ ਕੇ ਸਿੱਧੂ ਨੇ ਨਾ ਸਿਰਫ ਰਾਹੁਲ ਤੇ ਪ੍ਰਿਅੰਕਾ ਗਾਂਧੀ ਨੂੰ ਲਿਖਤੀ ਸ਼ਿਕਾਇਤ ਕਰ ਦਿੱਤੀ, ਬਲਕਿ ਉਨ੍ਹਾਂ ਨੇ ਅੱਜ ਤੱਕ ਉਨ੍ਹਾਂ ਨੇ ਆਪਣੇ ਨਵੇਂ ਮਹਿਕਮੇਂ ਦਾ ਚਾਰਜ ਨਹੀਂ ਸੰਭਾਲਿਆ।

ਕੁੱਲ ਮਿਲਾ ਕੇ ਲਗਭਗ 3 ਹਫਤਿਆਂ ਦੇ ਇਸ ਰੇੜਕੇ ਤੋਂ ਬਾਅਦ ਸਿੱਧੂ ਵੱਲੋਂ ਕੱਢੇ ਗਏ ਇਸ ਫਾਰਮੂਲੇ ਨੇ ਪੰਜਾਬ ਦੇ ਉਨ੍ਹਾਂ ਮੰਤਰੀਆਂ ਨੂੰ ਚਿੰਤਾ ‘ਚ ਪਾ ਦਿੱਤਾ ਹੈ ਜਿਨ੍ਹਾਂ ਦੀ ਕਾਰਗੁਜਾਰੀ ਲੰਘੀਆਂ ਲੋਕ ਸਭਾ ਚੋਣਾਂ ਦੌਰਾਨ ਆਪੋ ਆਪਣੇ ਵਿਧਾਨ ਸਭਾ ਹਲਕਿਆਂ ਵਿੱਚ ਬਹੁਤ ਮਾੜੀ ਰਹੀ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਨਵਜੋਤ ਸਿੰਘ ਸਿੱਧੂ ਨੇ ਜਿਹੜਾ ਫਾਰਮੂਲਾ ਨਵਾਂ ਮਹਿਕਮਾਂ ਸੰਭਾਲਣ ਲਈ ਦਿੱਤਾ ਹੈ, ਉਸ ਤਹਿਤ ਇਹ ਮੰਤਰੀ ਕਾਰਵਾਈ ਦੇ ਰਡਾਰ ਅਧੀਨ ਆ ਗਏ ਹਨ, ਕਿਉਂਕਿ ਸਿੱਧੂ ਦਾ ਦਾਅਵਾ ਹੈ ਕਿ ਕੈਪਟਨ ਨੇ ਉਨ੍ਹਾਂ ਦਾ ਮਹਿਕਮਾਂ ਮਾੜੀ ਕਾਰਗੁਜਾਰੀ ਦਾ ਦੋਸ਼ ਲਾਉਂਦਿਆਂ ਵਾਪਸ ਲਿਆ ਹੈ। ਲਿਹਾਜਾ ਸਿੱਧੂ ਦੀ ਗੱਲ ਦਾ ਜੇਕਰ ਸਿੱਧਾ ਸਿੱਧਾ ਮਤਲਬ ਕੱਢਿਆ ਜਾਵੇ ਤਾਂ ਪੰਜਾਬ ਦੇ ਕੈਬਨਿਟ ਮੰਤਰੀ ਅਰੁਣਾ ਚੌਧਰੀ, ਸ਼ਾਮ ਸੁੰਦਰ ਅਰੋੜਾ, ਰਾਣਾ ਗੁਰਮੀਤ ਸਿੰਘ ਸੋਢੀ, ਤੇ ਮਨਪ੍ਰੀਤ ਬਾਦਲ ਦੀ ਕਾਰਗੁਜਾਰੀ ਵੀ ਮਾੜੀ ਰਹੀ ਹੈ। ਸੂਤਰਾਂ ਅਨੁਸਾਰ ਹੁਣ ਹਾਈ ਕਮਾਂਡ ਨਵਜੋਤ ਸਿੰਘ ਸਿੱਧੂ ਦੇ ਇਸ ਫਾਰਮੂਲੇ ਨੂੰ ਕੈਪਟਨ ਨਾਲ ਸਾਂਝਾ ਕਰੇਗਾ। ਜੇਕਰ ਕੈਪਟਨ ਨੇ ਸਿੱਧੂ ਦੀਆਂ ਸ਼ਰਤਾਂ ਮੰਨ ਲਈਆਂ ਇੱਕ ਵਾਰ ਫਿਰ ਵਜ਼ਾਰਤੀ ਫੇਰਬਦਲ ਕਰਕੇ ਉਕਤ ਮੰਤਰੀਆਂ ਖਿਲਾਫ ਵੀ ਸਿੱਧੂ ਵਰਗੀ ਕਾਰਵਾਈ ਕੀਤੀ ਜਾ ਸਕਦੀ ਹੈ।  

Share this Article
Leave a comment