ਕੋਲੋਰਾਡੋ : ਅਮਰੀਕਾ ‘ਚ ਕੋਲੋਰਾਡੋ ਵਿਖੇ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਇੱਥੋਂ ਦੇ ਡੇਨਵਰ ਸ਼ਹਿਰ ‘ਚ ਇੱਕ ਸਕੂਲ ਅੰਦਰ ਬੀਤੇ ਕੱਲ੍ਹ ਹੋਈ ਗੋਲੀਬਾਰੀ ‘ਚ ਲਗਭਗ 7 ਤੋਂ 8 ਲੋਕਾਂ ਦੇ ਜਖਮੀ ਹੋਣ ਦੀ ਖ਼ਬਰ ਹੈ। ਜਾਣਕਾਰੀ ਮੁਤਾਬਕ ਇਹ ਫਾਇਰਿੰਗ ਡੇਨਵਰ ਸ਼ਹਿਰ ਤੋਂ ਦੱਖਣ ‘ਚ 24 ਕਿੱਲੋਮੀਟਰ ਦੂਰੀ ਸਥਿਤ ਹਾਈਲੈਂਡਸ ਰੈਂਚ ਭਾਈਚਾਰੇ ਦੇ ਸਕੂਲ ‘ਚ ਹੋਈ ਹੈ। ਇਸ ਸਬੰਧੀ ਡਗਲਸ ਕਾਉਂਟੀ ਸ਼ੇਰਿਫ ਸੰਸਥਾ ਨੇ ਕਿਹਾ ਕਿ ਗੋਲੀ ਚਲਾਉਣ ਵਾਲੇ ਵਿਅਕਤੀਆਂ ਦੀ ਭਾਲ ਜਾਰੀ ਹੈ ਅਤੇ ਇਸ ਗੋਲੀਬਾਰੀ ਦੌਰਾਨ ਸਕੂਲ ਅੰਦਰ 1850 ਤੋਂ ਜਿਆਦਾ ਬੱਚੇ ਮੌਜੂਦ ਸਨ।
ਡਗਲਸ ਕਾਉਂਟੀ ਸ਼ੇਰਿਫ ਦੇ ਅਧਿਕਾਰੀਆਂ ਅਨੁਸਾਰ ਦੋ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਡਗਲਸ ਕਾਉਂਟੀ ਦੇ ਅਧਿਕਾਰੀ ਅੰਡਰਸ਼ੇਰਿਫ ਹੋਲੀ ਨਿਕੋਲਸ ਕਲੂਥ ਨੇ ਇੱਕ ਪੱਤਰਕਾਰ ਸੰਮੇਲਨ ‘ਚ ਜਾਣਕਾਰੀ ਦਿੰਦਿਆਂ ਕਿਹਾ ਕਿ ਪੁਲਿਸ ਅਜੇ ਤੱਕ ਸਕੂਲ ਦੀ ਤਲਾਸ਼ੀ ਲੈ ਰਹੀ ਹੈ, ਪਰ ਅਜੇ ਤੱਕ ਹੋਰ ਕੋਈ ਸ਼ੱਕੀ ਵਿਅਕਤੀ ਜਾਂ ਸ਼ੱਕੀ ਵਸਤੂ ਨਹੀਂ ਮਿਲੀ ਹੈ। ਉਨ੍ਹਾਂ ਕਿਹਾ ਕਿ ਸਕੂਲ ‘ਚ 1850 ਬੱਚੇ ਮੌਜੂਦ ਸਨ। ਉਨ੍ਹਾਂ ਇੱਕ ਟਵੀਟ ਕਰਕੇ ਵੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਸਬੰਧੀ ਜਿਉਂ ਹੀ ਪੁਲਿਸ ਨੂੰ ਜਾਣਕਾਰੀ ਮਿਲੀ ਤਿਉਂ ਹੀ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਉਸ ਸਮੇਂ ਗੋਲੀਬਾਰੀ ਦੌਰਾਨ ਪੁਲਿਸ ਕਾਫੀ ਸੰਘਰਸ਼ ਤੋਂ ਬਾਅਦ ਅੰਦਰ ਦਾਖਲ ਹੋਈ ਅਤੇ ਉਨ੍ਹਾਂ ਨੇ 2 ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਅਜੇ ਵੀ ਪੁਲਿਸ ਦੇ ਅਧਿਕਾਰੀ ਉੱਥੇ ਤੈਨਾਤ ਹਨ।