ਇਮੀਗ੍ਰੇਸ਼ਨ ਵਾਰੰਟਾਂ ‘ਤੇ ਲੋੜੀਂਦਾ ਪੰਜਾਬੀ ਚੋਰੀ ਦੀ ਗੱਡੀ ਸਣੇ ਕਾਬੂ

Prabhjot Kaur
3 Min Read

ਮਿਸੀਸਾਗਾ: ਪੰਜਾਬੀ ਨੌਜਵਾਨਾਂ ਦਾ ਪਰਵਾਸ ਸਭ ਹੱਦਾਂ ਪਾਰ ਕਰਦਾ ਜਾ ਰਿਹਾ ਹੈ ਤੇ ਕੈਨੇਡਾ ਵਿੱਚ ਆਏ ਦਿਨ ਪੰਜਾਬੀ ਵਿਦਿਆਰਥੀਆਂ ਵੱਲੋਂ ਕੀਤੀਆਂ ਜਾ ਰਹੀਆਂ ਹੁੱਲੜਬਾਜ਼ੀ, ਲੜਾਈ ਜਾ ਚੋਰੀ ਦੀਆਂ ਘਟਨਾਵਾਂ ਪੰਜਾਬ ਦਾ ਸਿਰ ਨੀਵਾਂ ਕਰ ਰਹੀਆਂ ਹਨ। ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿੱਚ ਸ਼ੁਮਾਰ ਬੱਚਿਆਂ ਦੇ ਮਾਪਿਆਂ ਨੂੰ ਜਿੱਥੇ ਸਮਾਜਿਕ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ, ਉੱਥੇ ਹੀ ਬਹੁਤ ਸਾਰਾ ਆਰਥਿਕ ਨੁਕਸਾਨ ਵੀ ਝੱਲਣਾ ਪੈਂਦਾ ਹੈ। ਮਹਿੰਗੇ ਖਰਚੇ ਕਰਕੇ ਵਿਦੇਸ਼ ਭੇਜੇ ਬੱਚਿਆਂ ਦੇ ਕੁਰਾਹੇ ਪੈਣ ਨਾਲ ਮਾਪਿਆਂ ਦੇ ਸੁਪਨੇ ਚਕਨਾਚੂਰ ਹੋ ਜਾਂਦੇ ਹਨ। ਅਜਿਹਾ ਇਹ ਹੋਰ ਮਾਮਲਾ ਕੈਨੇਡਾ ਤੋਂ ਸਾਹਮਣੇ ਆਇਆ ਹੈ ਜਿੱਥੇ ਪੰਜਾਬੀ ਨੌਜਵਾਨ ਨੂੰ ਚੋਰੀ ਦੀ ਗੱਡੀ ਸਣੇ ਪੁਲਿਸ ਵਲੋਂ ਕਾਬੂ ਕਰ ਲਿਆ ਗਿਆ ਹੈ।

ਜਾਣਕਾਰੀ ਮੁਤਾਬਕ ਕੈਨੇਡਾ ‘ਚ ਇਮੀਗ੍ਰੇਸ਼ਨ ਵਾਰਟਾਂ ‘ਤੇ ਲੋੜੀਂਦੇ 34 ਸਾਲ ਦੇ ਪਰਵੀਰ ਸਿੰਘ ਨੂੰ ਪੀਲ ਰੀਜਨਲ ਪੁਲਿਸ ਨੇ ਚੋਰੀ ਦੀ ਗੱਡੀ ਸਣੇ ਕਾਬੂ ਕਰ ਲਿਆ ਹੈ। ਪੁਲਿਸ ਨੂੰ ਵੇਖ ਕੇ ਪਰਵੀਰ ਸਿੰਘ ਨੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ਦੀਆਂ ਗੱਡੀਆਂ ਨੂੰ ਟੱਕਰ ਵੀ ਮਾਰੀ ਪਰ ਅਸਫ਼ਲ ਰਿਹਾ।

ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਮਿਸੀਸਾਗਾ ਦੇ ਮੈਥੇਸਨ ਬੁਲੇਵਾਰਡ ਅਤੇ ਔਰਬੀਟਰ ਡਰਾਈਵ (Matheson Boulevard and Orbitor Drive) ਇੰਟਰਸੈਕਸ਼ਨ ‘ਤੇ ਪਾਰਕਿੰਗ ਵਿਚ ਮੌਜੂਦ ਇੱਕ ਗੱਡੀ ’ਤੇ ਸ਼ੱਕ ਹੋਇਆ। ਗੱਡੀ ਦੀ ਡਰਾਈਵਰ ਸੀਟ ਤੇ ਇੱਕ ਵਿਅਕਤੀ ਨਜ਼ਰ ਆਇਆ ਜੋ ਸੰਭਾਵਤ ਤੌਰ ਤੇ ਸੌਂ ਰਿਹਾ ਸੀ। ਇਸੇ ਦੌਰਾਨ ਹੋਰ ਪੁਲਿਸ ਅਫਸਰ ਮੌਕੇ ‘ਤੇ ਸੱਦੇ ਗਏ ਅਤੇ ਗੱਡੀਆਂ ਨਾਲ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ। ਨੀਂਦ ਵਿਚੋਂ ਜਾਗਣ ’ਤੇ ਆਲੇ-ਦੁਆਲੇ ਪੁਲਿਸ ਦੇਖ ਕੇ ਸ਼ੱਕੀ ਨੇ ਉਥੋਂ ਫਰਾਰ ਹੋਣ ਦਾ ਯਤਨ ਕੀਤਾ ਅਤੇ ਚੋਰੀ ਕੀਤੀ ਗੱਡੀ ਨਾਲ ਪੁਲਿਸ ਦੀਆਂ ਗੱਡੀਆਂ ਨੂੰ ਟੱਕਰ ਮਾਰਨ ਲੱਗਾ ਪਰ ਕੋਈ ਵਾਹ ਨਾਲ ਚੱਲੀ। ਸ਼ੱਕੀ ਵੱਲੋਂ ਪੈਦਾ ਕੀਤੇ ਗੰਭੀਰ ਖਤਰੇ ਦੇ ਬਾਵਜੂਦ ਪੁਲਿਸ ਨੇ ਪਰਵੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਜਿਸ ਦਾ ਕੋਈ ਪੱਕਾ ਪਤਾ-ਟਿਕਾਣਾ ਨਹੀਂ ਹੈ।

- Advertisement -

ਪਰਵੀਰ ਸਿੰਘ ਵਿਰੁੱਧ ਅਪਰਾਧ ਰਾਹੀਂ ਹਾਸਲ ਪ੍ਰਾਪਰਟੀ ਰੱਖਣ, ਖਤਰਨਾਕ ਤਰੀਕੇ ਨਾਲ ਗੱਡੀ ਚਲਾਉਣ ਅਤੇ ਪ੍ਰੋਬੇਸ਼ਨ ਹੁਕਮਾਂ ਦੀ ਉਲੰਘਣਾ ਕਰਨ ਸਣੇ 5 ਹਜ਼ਾਰ ਡਾਲਰ ਤੋਂ ਵੱਧ ਰਕਮ ਦੀ ਮਿਸਚਫ ਦੇ ਦੋਸ਼ ਆਇਦ ਕੀਤੇ ਗਏ ਹਨ। ਇੱਥੇ ਦਸਣਾ ਬਣਦਾ ਹੈ ਕਿ ਪਰਵੀਰ ਸਿੰਘ ਵਿਰੁੱਧ ਇੰਮੀਗ੍ਰੇਸ਼ਨ ਵਾਰੰਟ ਵੀ ਜਾਰੀ ਕੀਤੇ ਗਏ ਸਨ ਅਤੇ ਪ੍ਰੋਬੇਸ਼ਨ ਹੁਕਮਾਂ ਤਹਿਤ ਗੱਡੀ ਚਲਾਉਣ ਤੋਂ ਰੋਕਿਆ ਗਿਆ ਸੀ। ਪੀਲ ਰੀਜਨਲ ਪੁਲਿਸ ਵੱਲੋਂ ਪਰਵੀਰ ਸਿੰਘ ਨੂੰ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਸਪੁਰਦ ਕਰ ਦਿੱਤਾ ਗਿਆ ਹੈ।

Share this Article
Leave a comment