ਅੰਮ੍ਰਿਤਸਰ : ਹੁਣ ਇੰਝ ਲਗਦਾ ਹੈ ਜਿਵੇਂ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਤੋਂ ਬਾਅਦ ਹੁਣ ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਵੀ ਆਪਣੇ ਝਗੜੇ ਵਾਲੇ ਬਿਆਨ ਕਾਰਨ ਮੁਸੀਬਤਾਂ ‘ਚ ਘਿਰਨ ਜਾ ਰਹੇ ਹਨ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਡਾ. ਸਿੱਧੂ ਨੇ ਦੇਸ਼ ਦੇ ਸਾਬਕਾ ਰੱਖਿਆ ਮੰਤਰੀ ਮਨੋਹਰ ਪਾਰਿਕਰ ਦੇ ਹਵਾਲੇ ਨਾਲ ਬਿਆਨ ਦਿੰਦਿਆਂ ਭਾਰਤੀ ਫੌਜ ਨੂੰ ਚੋਰ ਕਰਾਰ ਦੇ ਦਿੱਤਾ ਹੈ। ਉਨ੍ਹਾਂ ਇਹ ਬਿਆਨ ਇੱਥੋਂ ਦੇ ਵੱਲਾ ਇਲਾਕੇ ‘ਚ ਕਾਂਗਰਸੀ ਉਮੀਦਵਾਰ ਗੁਰਜੀਤ ਔਜਲਾ ਦੇ ਚੋਣ ਪ੍ਰਚਾਰ ਸਮੇਂ ਦਿੱਤਾ।
ਦਰਅਸਲ ਵੱਲਾ ਵਿਖੇ ਸ਼ਮਸ਼ਾਨਘਾਟ ‘ਚ ਇਕੱਠੇ ਹੋਏ ਲੋਕਾਂ ਨੂੰ ਸੰਬੋਧਨ ਕਰਦੇ ਡਾ. ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਇਸ ਸ਼ਮਸ਼ਾਨਘਾਟ ਦਾ ਵਿਕਾਸ ਕਰਵਾਉਣ ਲਈ ਪੈਸੇ ਦਿੱਤੇ ਸਨ, ਪਰ ਫੌਜ ਵਾਲਿਆਂ ਨੇ ਇਸ ਦੀ ਦੀਵਾਰ ਢਾਅ ਕੇ ਕੰਮ ਵੀ ਬੰਦ ਕਰਵਾ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਇਸ ਮਸਲੇ ਨੂੰ ਲੈ ਕੇ ਉਹ ਦੇਸ਼ ਦੇ ਰੱਖਿਆ ਮੰਤਰੀ ਅਤੇ ਭਾਜਪਾ ਨੇਤਾ ਮਨੋਹਰ ਪਾਰਿਕਰ ਨੂੰ 10 ਵਾਰ ਮਿਲ ਸਨ, ਤੇ ਇੱਕ ਵਾਰ ਤਾਂ ਮਨੋਹਰ ਪਾਰਿਕਰ ਨੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ” ਮੈਡਮ ਆਰਮੀ ਵਾਲੇ ਹੈ ਹੀ ਚੋਰ ਹਨ।”
ਡਾ. ਨਵਜੋਤ ਕੌਰ ਸਿੱਧੂ ਨੇ ਭਾਜਪਾ ਨੇਤਾ ਮਨੋਹਰ ਪਾਰਿਕਰ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਤਾਰੀਫ ਕੀਤੀ ਤੇ ਕਿਹਾ ਕਿ, “ਪਾਰਿਕਰ ਭਾਵੇਂ ਇਸ ਦੁਨੀਆਂ ਵਿੱਚ ਨਹੀਂ ਹਨ, ਪਰ ਉਨ੍ਹਾਂ ਦੀ ਪਿੱਠ ਸੁਣਦੀ ਹੈ ਕਿ ਉਨ੍ਹਾਂ ਨੇ ਫੌਜ ਦੀ ਸਾਰੀ ਟੀਮ ਨੂੰ ਸਾਹਮਣੇ ਬਿਠਾ ਕੇ ਇਸ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਸੀ। ਡਾ. ਸਿੱਧੂ ਨੇ ਦਾਅਵਾ ਕੀਤਾ ਕਿ ਉਸ ਵੇਲੇ ਫੌਜ ਵਾਲਿਆਂ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਤਾਂ ਹੈ ਹੀ ਝੂਠੀ , ਇਹ ਲੋਕ ਪਹਿਲਾਂ ਵੀ ਸਾਡਾ 500 ਏਕੜ ਮਾਰ ਚੁੱਕੇ ਹਨ। ਹੁਣ ਅਸੀਂ ਇਨ੍ਹਾਂ ਨੂੰ ਕੁਝ ਵੀ ਨਹੀਂ ਦੇਣਾ।” ਫੌਜ ਅਨੁਸਾਰ ਜੇਕਰ ਉਨ੍ਹਾਂ ਨੂੰ 100 ਏਕੜ ਜਗ੍ਹਾ ਦਿੱਤੀ ਜਾਵੇ ਤਾਂ ਉਹ ਆਪਣੇ ਇਸ ਡੰਪ ਨੂੰ ਉੱਥੋਂ ਤਬਦੀਲ ਕਰ ਦੇਣਗੇ।
ਦੱਸ ਦਈਏ ਕਿ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਚੋਣ ਹਲਕੇ ਪੂਰਵੀ ਅੰਮ੍ਰਿਤਸਰ ਅੰਦਰ ਪੈਂਦੇ ਵੱਲਾ ਇਲਾਕੇ ‘ਚ ਬਣਿਆ ਫੌਜ ਦਾ ਇਹ ਅਸਲਾ ਡੰਪ ਸੰਨ 1965 ‘ਚ ਬਣਿਆ ਸੀ ਜਿਸ ਦੇ ਹਜਾਰ ਗਜ਼ ਇਲਾਕੇ ਵਿੱਚ ਕਿਸੇ ਤਰ੍ਹਾਂ ਦੀ ਉਸਾਰੀ ਦੇ ਕੰਮ ਦੀ ਮਨਾਹੀ ਹੈ, ਤੇ ਜੇਕਰ ਕੋਈ ਇਸ ਦੇ ਬਾਵਜੂਦ ਵੀ ਉੱਥੇ ਕੋਈ ਉਸਾਰੀ ਕਰਦਾ ਹੈ ਤਾਂ ਉਸ ਖਿਲਾਫ ਪਰਚਾ ਦਰਜ ਕਰਵਾਇਆ ਜਾ ਸਕਦਾ ਹੈ।