ਮਮਦੋਟ : ਪੁਲਵਾਮਾ ਹਮਲੇ ਤੋਂ ਬਾਅਦ ਜਿੱਥੇ ਕਸ਼ਮੀਰ ‘ਚ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ ਉੱਥੇ ਇਸੇ ਮਾਹੌਲ ‘ਚ ਇੱਕ ਹੋਰ ਕਸ਼ਮੀਰੀ ਨੌਜਵਾਨ ਦੇ ਗੁੰਮ ਹੋਣ ਦੀ ਗੱਲ ਵੀ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਫਿਰੋਜ਼ਪੁਰ ਜਿਲ੍ਹੇ ਦੇ ਸਰਹੱਦ ਨੇੜੇ ਇੱਕ ਕਸ਼ਮੀਰੀ ਨੌਜਵਾਨ ਆਪਣੇ ਹੋਰਨਾ ਸਾਥੀਆਂ ਸਮੇਤ ਪਿੰਡਾਂ ‘ਚ ਗਰਮ ਕੱਪੜੇ ਵੇਚਣ ਆਇਆ ਸੀ ਜਿਸ ਤੋਂ ਬਾਅਦ ਇਹ ਨੌਜਵਾਨ ਇੱਥੋਂ ਹੀ ਗਾਇਬ ਹੋ ਗਿਆ। ਇਸ ਤੋਂ ਬਾਅਦ ਤੁਰੰਤ ਹਰਕਤ ਵਿੱਚ ਆਈਆਂ ਸੁਰੱਖਿਆ ਏਜੰਸੀਆਂ ਨੇ ਇਸ ਸਬੰਧੀ ਭਾਲ ਸ਼ੁਰੂ ਕਰ ਦਿੱਤੀ ਹੈ।
ਦੱਸ ਦਈਏ ਕਿ ਇਸ ਨੌਜਵਾਨ ਦੀ ਤਸਵੀਰ ਸ਼ੋਸਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਜਿਸ ‘ਚ ਦੱਸਿਆ ਗਿਆ ਹੈ ਕਿ ਤੌਫੀਕ ਅਹਿਮਦ ਭੱਟ ਸ਼੍ਰੀ ਨਗਰ ਕੁਪਵਾੜਾ ਜ਼ਿਲ੍ਹੇ ਦੇ ਇੱਖਕ ਪਿੰਡ ਦਾ ਰਹਿਣ ਵਾਲਾ ਹੈ। ਇਹ ਨੌਜਵਾਨ ਪਿਛਲੇ 3-4 ਸਾਲਾਂ ਤੋਂ ਆਪਣੇ ਭਰਾ ਨਾਲ ਪੰਜਾਬ ਆ ਕੇ ਕੱਪੜਾ ਵੇਚਣ ਦਾ ਕੰਮ ਕਰਦਾ ਆ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ 11 ਫਰਵਰੀ ਨੂੰ ਫਿਰੋਜ਼ਪੁਰ ਦੇ ਪਿੰਡ ਮਮਦੋਟ ‘ਚ ਕਿਸੇ ਵਿਅਕਤੀ ਤੋਂ ਪੈਸੇ ਲੈਣ ਗਿਆ ਸੀ ਅਤੇ ਮੁੜ ਵਾਪਸ ਆਪਣੇ ਸਾਥੀਆਂ ਕੋਲ ਕਮਰੇ ‘ਚ ਵਾਪਸ ਨਹੀਂ ਆਇਆ। ਜਿਸ ਤੋਂ ਬਾਅਦ ਉਸ ਦੇ ਭਰਾ ਨੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ਼ ਕਰਵਾਈ ਹੈ। ਸੁਰੱਖਿਆ ਏਜੰਸੀਆਂ ਵੱਲੋਂ ਉਸ ਦੀ ਭਾਲ ਕੀਤੀ ਜਾ ਰਹੀ ਹੈ।