ਪਠਾਨਕੋਟ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਉਂਦੀਆਂ ਲੋਕ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਪਾਰਟੀ ਟਿਕਟ ਲੈਣ ਦੀ ਇੱਛਾ ਰੱਖਣ ਵਾਲੇ ਉਮੀਦਵਾਰਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜਿਹੜਾ ਵੀ ਅਧਿਕਾਰਿਤ ਉਮੀਦਵਾਰ ਵਿਰੁੱਧ ਬਾਗੀ ਸੁਰਾਂ ਛੇੜੇਗਾ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਤੁਰੰਤ ਕਾਰਵਾਈ ਕਰਦਿਆਂ ਪਾਰਟੀ ਵਿੱਚੋਂ ਬਾਹਰ ਕੱਢ ਦਿੱਤਾ ਜਾਵੇਗਾ। ਕੈਪਟਨ ਅਮਰਿੰਦਰ ਸਿੰਘ ਇੱਥੇ ਸ਼ਾਹਪੁਰ ਕੰਡੀ ਬੰਨ੍ਹ ਇੱਕ ਵਾਰ ਫਿਰ ਸੂਬਾ ਵਾਸੀਆਂ ਦੇ ਹਵਾਲੇ ਕਰਨ ਦੇ ਸਮਾਗਮ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਮੁੱਖ ਮੰਤਰੀ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਪੰਜਾਬ ਵਿੱਚ ਪਾਰਟੀ ਵੱਲੋ ਲੋਕ ਸਭਾ ਉਮੀਦਵਾਰਾਂ ਦਾ ਐਲਾਨ ਇੱਕ ਹਫਤੇ ਵਿੱਚ ਕੀਤੇ ਜਾਣ ਦੀ ਸੰਭਾਵਨਾ ਹੈ, ਪਰ ਇੰਨਾਂ ਪੱਕਾ ਹੈ ਕਿ ਗੁਰਦਾਸਪੁਰ ਸੀਟ ਤੋਂ ਮੌਜੂਦਾ ਮੈਂਬਰ ਪਾਰਲੀਮੈਂਟ ਸੁਨੀਲ ਜਾਖੜ ਨੂੰ ਹੀ ਕਾਂਗਰਸ ਉਮੀਦਵਾਰ ਵਜੋਂ ਮੈਦਾਨ ਵਿੱਚ ਉਤਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜਿਸ ਕਿਸੇ ਨੇ ਵੀ ਪਾਰਟੀ ਉਮੀਦਵਾਰ ਦੇ ਖਿਲਾਫ ਬਗਾਵਤ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਸ ਨੂੰ ਤੁਰੰਤ ਪਾਰਟੀ ਵਿੱਚੋਂ ਚੁੱਕ ਕੇ ਬਾਹਰ ਮਾਰਿਆ ਜਾਵੇਗਾ।
ਇਸ ਮੌਕੇ ਫਿਰੋਜ਼ਪੁਰ ਤੋਂ ਅਕਾਲੀ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਦੇ ਕਾਂਗਰਸ ‘ਚ ਸ਼ਾਮਲ ਹੋਣ ਤੋਂ ਬਾਅਦ ਪਾਰਟੀ ਵਿੱਚ ਬਾਗੀ ਸੁਰਾਂ ਉੱਠਣ ਦੀਆਂ ਖ਼ਬਰਾਂ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਇਹ ਕਹਿੰਦਿਆਂ ਨਾਕਾਰ ਦਿੱਤਾ ਕਿ ਸਾਰੇ ਕਾਂਗਰਸੀ ਵਰਕਰਾਂ ਨੂੰ ਅਨੁਸਾਸ਼ਨ ਵਿੱਚ ਰਹਿ ਕੇ ਪਾਰਟੀ ਅਨੁਸਾਰ ਕੰਮ ਕਰਨਾ ਪਵੇਗਾ। ਕੈਪਟਨ ਅਨੁਸਾਰ ਕਿਸ ਨੂੰ ਪਾਰਟੀ ਦੀ ਟਿਕਟ ਦੇਣੀ ਹੈ, ਤੇ ਕਿਸ ਨੂੰ ਨਹੀਂ, ਇਸ ਦਾ ਫੈਸਲਾ ਪਾਰਟੀ ਹਾਈ ਕਮਾਂਡ ਨੇ ਕਰਨਾ ਹੈ, ਕਿਉਂਕਿ ਇਹ ਪਾਰਟੀ ਹਾਈ ਕਮਾਂਡ ਨੂੰ ਪਤਾ ਹੈ ਕਿ ਕਿਸ ਅੰਦਰ ਸੀਟ ਜਿੱਤਣ ਦੀ ਸਮਰੱਥਾ ਹੈ।
ਦੱਸ ਦਈਏ ਕਿ ਇਸ ਵਾਰ ਅਕਾਲੀ ਦਲ ਦੇ ਬੇਅਦਬੀ ਕਾਂਡ ਦੀਆਂ ਘਟਨਾਵਾਂ ਵਿੱਚ ਫਸੇ ਹੋਣ ਕਾਰਨ ਅਤੇ ਆਮ ਆਦਮੀ ਪਾਰਟੀ ਦੇ ਆਪਸ ਵਿੱਚ ਪਾਟੋ-ਧਾੜ ਹੋਏ ਹੋਣ ਕਾਰਨ ਕਾਂਗਰਸੀ ਉਮੀਦਵਾਰਾਂ ਨੂੰ ਆਪਣੀ ਜਿੱਤ ਦੀ ਉਮੀਦ ਵੱਧ ਜਾਪਣ ਲੱਗ ਪਈ ਹੈ ਤੇ ਇਹੋ ਕਾਰਨ ਹੈ ਕਿ ਆਉਂਦੀਆਂ ਚੋਣਾਂ ਲਈ 165 ਦੇ ਕਰੀਬ ਪਾਰਟੀ ਉਮੀਦਵਾਰਾਂ ਨੇ ਪੰਜਾਬ ਵਿਚਲੀਆਂ ਸੀਟਾਂ ‘ਤੇ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ। ਲਿਹਾਜਾ ਟਿਕਟ ਨਾ ਮਿਲਣ ਦੀ ਸੂਰਤ ਵਿੱਚ ਪਾਰਟੀ ਦੇ ਅਧਿਕਾਰਿਤ ਉਮਦੀਵਾਰਾਂ ਦੀ ਮੁਖ਼ਾਲਫਤ ਹੋਣ ਦੀਆਂ ਸੰਭਾਵਨਾਵਾਂ ਵੀ ਵੱਧ ਹਨ ਤੇ ਇਹੋ ਕਾਰਨ ਹੈ ਕਿ ਕੈਪਟਨ ਅਮਰਿੰਦਰ ਸਿੰਘ ਕਿਸੇ ਵੀ ਸੰਭਾਵੀ ਬਗਾਵਤ ਨੂੰ ਪਹਿਲਾਂ ਹੀ ਆਪਣੇ ਸਖਤ ਬਿਆਨਾਂ ਰਾਹੀਂ ਦਬਾਅ ਦੇਣਾ ਚਾਹੁੰਦੇ ਹਨ। ਹੁਣ ਇਹ ਸਖਤ ਲਹਿਜਾ ਕਿਸੇ ‘ਤੇ ਕੀ ਅਸਰ ਦਿਖਾਏਗਾ ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ।