ਚੰਡੀਗੜ੍ਹ : ਪੰਜਾਬ ਦੇ ਕੈਬਨਿੱਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਕਾਰ ਚੱਲ ਰਹੀ ਸ਼ਬਦੀ ਜੰਗ ਉਸ ਵੇਲੇ ਨਵਾਂ ਰੂਪ ਧਾਰ ਗਈ, ਜਦੋਂ ਸੂਬੇ ਦੇ 3 ਮੰਤਰੀਆਂ ਨੇ ਵੀ ਇਸ ਜੰਗ ਵਿੱਚ ਆਪਣੀ ਹਿੱਸੇਦਾਰੀ ਪਾ ਦਿੱਤੀ। ਇਹ 3 ਮੰਤਰੀ ਹਨ ਸੁਖਜਿੰਦਰ ਸਿੰਘ ਰੰਧਾਵਾ, ਬ੍ਰਹਮਇੰਦਰਾ, ਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ। ਇਨ੍ਹਾਂ ਤਿੰਨਾਂ ਮੰਤਰੀਆਂ ਨੇ ਨਵਜੋਤ ਸਿੰਘ ਸਿੱਧੂ ਵੱਲੋਂ ਚੋਣਾਂ ਦੇ ਆਖਰੀ ਕੀਤੀ ਗਈ ਬਿਆਨਬਾਜ਼ੀ ਦੀ ਇਹ ਕਹਿ ਕੇ ਨਿੰਦਾ ਕੀਤੀ ਹੈ, ਕਿ ਇਸ ਨਾਲ ਨਾ ਸਿਰਫ ਕਾਂਗਰਸ ਪਾਰਟੀ ਦਾ ਲੋਕਾਂ ਵਿੱਚ ਮਾੜਾ ਪ੍ਰਭਾਵ ਗਿਆ ਹੈ, ਬਲਕਿ ਸਿੱਧੂ ਦੀ ਇਹ ਬਿਆਨਬਾਜ਼ੀ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰਨ ਵਾਲੀ ਗੱਲ ਹੈ। ਇਨ੍ਹਾਂ ਮੰਤਰੀਆਂ ਨੇ ਪਾਰਟੀ ਹਾਈ ਕਮਾਂਡ ਨੂੰ ਸਿੱਧੂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ।
ਇਨ੍ਹਾਂ ਤਿੰਨਾਂ ਮੰਤਰੀਆਂ ਵਿੱਚ ਇੱਕ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ, ਕਿ ਉਨ੍ਹਾਂ ਨੂੰ ਅਫ਼ਸੋਸ ਹੈ ਕਿ ਵਿਧਾਨ ਸਭਾ ਅੰਦਰ ਉਨ੍ਹਾਂ ਨੇ ਸਿੱਧੂ ਦੇ ਹੱਕ ਵਿੱਚ ਆ ਕੇ ਅਕਾਲੀਆਂ ਵਿਰੁੱਧ ਬਿਆਨਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਇੱਕ ਅਜਿਹੇ ਆਗੂ ਹਨ, ਜਿਹੜੇ ਕਿਸੇ ਵੀ ਪਾਰਟੀ ਅੰਦਰ ਜਿਆਦਾ ਦੇਰ ਤੱਕ ਨਹੀਂ ਟਿਕਦੇ। ਰੰਧਾਵਾ ਅਨੁਸਾਰ ਸਿੱਧੂ ਨੇ ਬਾਦਲਾਂ ਨੂੰ ਫਾਇਦਾ ਪਹੁੰਚਾਉਣ ਵਾਲੀ ਬਿਆਨਬਾਜੀ ਕੀਤੀ ਹੈ ਤੇ ਅਜਿਹਾ ਕਰਕੇ ਕਾਂਗਰਸ ਪਾਰਟੀ ਦੀ ਪਿੱਠ ‘ਚ ਛੁਰਾ ਮਾਰਿਆ ਹੈ। ਸੁਖਜਿੰਦਰ ਰੰਧਾਵਾ ਨੇ ਸਿੱਧੂ ਨੇ ਕਿਹਾ, ਕਿ ਉਹ ਯਾਦ ਕਰਨ ਕਿ ਜਿਹੜੇ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਉਹ ਅੱਜ ਜੇਲ੍ਹਾਂ ਵਿੱਚ ਹਨ। ਲਿਹਾਜਾ ਬੇਅਦਬੀ ਕਰਨ ਵਾਲਿਆਂ ਨਾਲ ਸਿੱਧੂ ਮਿਲੇ ਹੋ ਸਕਦੇ ਹਨ, ਹੋਰ ਕੋਈ ਨਹੀਂ। ਰੰਧਾਵਾ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ‘ਤੇ ਜਦੋਂ ਵੀ ਕੋਈ ਵਾਰ ਹੋਇਆ ਹੈ, ਤਾਂ ਉਨ੍ਹਾਂ ਨੇ ਸਿੱਧੂ ਦਾ ਸਾਥ ਦਿੱਤਾ ਹੈ, ਪਰ ਹੁਣ ਵੇਲਾ ਸੋਚਣ ਦਾ ਹੈ।
ਇਸੇ ਤਰ੍ਹਾਂ ਸਿਹਤ ਮੰਤਰੀ ਬ੍ਰਹਮਇੰਦਰਾ ਨੇ ਕਿਹਾ ਹੈ, ਕਿ ਸਿੱਧੂ ਭੁੱਲਣ ਨਾ ਕਿ ਉਹ ਕਾਂਗਰਸ ਵਿੱਚ ਹਨ ਨਾ ਕਿ ਭਾਰਤੀ ਜਨਤਾ ਪਾਰਟੀ ‘ਚ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਆਪਣੀ ਬਿਆਨਬਾਜ਼ੀ ਰਾਹੀਂ ਕਾਂਗਰਸ ਪਾਰਟੀ ਨੂੰ ਬਦਨਾਮ ਕਰ ਰਹੇ ਹਨ। ਬ੍ਰਹਮਇੰਦਰਾ ਅਨੁਸਾਰ ਜੇਕਰ ਨਵਜੋਤ ਸਿੰਘ ਸਿੱਧੂ ਨੂੰ ਕਿਸੇ ਤੋਂ ਕੋਈ ਸ਼ਿਕਾਇਤ ਸੀ ਤਾਂ ਉਸ ਨੂੰ ਆਪਣੀ ਸ਼ਿਕਾਇਤ ਪਾਰਟੀ ਹਾਈ ਕਮਾਂਡ ਕੋਲ ਰੱਖਣੀ ਚਾਹੀਦੀ ਸੀ, ਨਾ ਕਿ ਇਸ ਤਰ੍ਹਾਂ ਬਿਆਨਬਾਜ਼ੀ ਕਰਨੀ। ਬ੍ਰਹਮਇੰਦਰਾ ਨੇ ਐਲਾਨ ਕੀਤਾ ਕਿ ਉਹ ਕਾਂਗਰਸ ਹਾਈ ਕਮਾਂਡ ਨੂੰ ਲਿਖਣਗੇ ਕਿ ਹਾਈ ਕਮਾਂਡ ਇਹ ਤੈਅ ਕਰੇ ਕਿ ਨਵਜੋਤ ਸਿੰਘ ਸਿੱਧੂ ਭਵਿੱਖ ਵਿੱਚ ਅਜਿਹਾ ਕੋਈ ਕੰਮ ਨਾ ਕਰੇ ਜਿਸ ਨਾਲ ਕਾਂਗਰਸ ਪਾਰਟੀ ਦੀ ਤਸਵੀਰ ਲੋਕਾਂ ਅੱਗੇ ਖਰਾਬ ਹੋਵੇ।
ਨਵਜੋਤ ਸਿੰਘ ਸਿੱਧੂ ਵਿਰੁੱਧ ਬਿਆਨਬਾਜ਼ੀ ਕਰਨ ਵਾਲੇ ਪੰਜਾਬ ਦੇ ਤੀਜੇ ਮੰਤਰੀ ਹਨ ਤ੍ਰਿਪਤ ਰਜਿੰਦਰ ਸਿੰਘ ਬਾਜਵਾ। ਜਿਨ੍ਹਾਂ ਦਾ ਕਹਿਣਾ ਹੈ ਕਿ ਸਿੱਧੂ ਦੀ ਬਿਆਨਬਾਜ਼ੀ ਬੇਲੋੜੀ, ਬੇਤੁਕੀ ਅਤੇ ਮੰਦਭਾਗੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਿੱਧੂ ਦੇ ਕਿਸੇ ਨਾਲ ਮਤਭੇਦ ਜਾਂ ਨਰਾਜਗੀਆਂ ਸਨ ਤਾਂ ਉਸ ਨੂੰ ਢੁਕਵੇਂ ਮੰਚ ਅਤੇ ਸਮੇਂ ‘ਤੇ ਚੁਕਣਾ ਚਾਹੀਦਾ ਸੀ। ਬਾਜਵਾ ਅਨੁਸਾਰ ਲੋਕ ਸਭਾ ਚੋਣਾਂ ਦੌਰਾਨ ਵੋਟਾਂ ਪੈਣ ਤੋਂ ਦੋ ਦਿਨ ਪਹਿਲਾਂ ਆਪਣੀ ਹੀ ਸਰਕਾਰ ਤੇ ਮੁੱਖ ਮੰਤਰੀ ਖਿਲਾਫ ਜਨਤਕ ਤੌਰ ‘ਤੇ ਬਿਆਨਬਾਜ਼ੀ ਕਰਨਾ ਕਿਸੇ ਵੀ ਰੂਪ ਵਿੱਚ ਸਹੀ ਨਹੀਂ ਠਹਿਰਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਸਿੱਧੂ ਨੂੰ ਪਾਰਟੀ ਦੀ ਮਰਿਆਦਾ ਅਤੇ ਦਾਇਰੇ ਅੰਦਰ ਰਹਿਣਾ ਚਾਹੀਦਾ ਸੀ।
ਇਹ ਤਾਂ ਸੀ ਉਨ੍ਹਾਂ ਤਿੰਨ ਮੰਤਰੀਆਂ ਦੇ ਬਿਆਨ ਜਿਨ੍ਹਾਂ ਨੇ ਆਪੋ ਆਪਣੇ ਢੰਗ ਨਾਲ ਨਵਜੋਤ ਸਿੰਘ ਸਿੱਧੂ ਵੱਲੋਂ ਕੈਪਟਨ ਵਿਰੁੱਧ ਦਿੱਤੀ ਗਈ ਬਿਆਨਬਾਜ਼ੀ ਨੂੰ ਭੰਡਿਆ, ਪਰ ਸੱਚਾਈ ਇਹ ਹੈ, ਕਿ ਹੁਣ ਤੱਕ ਨਵਜੋਤ ਸਿੰਘ ਸਿੱਧੂ ਵਿਰੁੱਧ ਜੋ ਕੋਈ ਵੀ ਖੜ੍ਹਾ ਹੋਇਆ ਹੈ ਉਹ ਸਿੱਧੂ ਦਾ ਕੁਝ ਵੀ ਨਹੀਂ ਵਿਗਾੜ ਸਕਿਆ, ਬਲਕਿ ਪੈਦਾ ਹੋਏ ਵਿਵਾਦ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਪਹਿਲਾਂ ਨਾਲੋਂ ਵੀ ਮਜ਼ਬੂਤ ਹੋ ਕੇ ਉੱਭਰੇ ਹਨ। ਮਾਹਰਾਂ ਅਨੁਸਾਰ ਕਾਂਗਰਸ ਹਾਈ ਕਮਾਂਡ ਅੰਦਰ ਨਾ ਸਿਰਫ ਪ੍ਰਿਯੰਕਾ ਗਾਂਧੀ ਬਲਕਿ ਰਾਹੁਲ ਗਾਂਧੀ ਦਾ ਵੀ ਨਵਜੋਤ ਸਿੰਘ ਸਿੱਧੂ ਦੀ ਪਿੱਠ ‘ਤੇ ਚੰਗਾ ਥਾਪੜਾ ਹੈ। ਇਸ ਤੋਂ ਇਲਾਵਾ ਸਿੱਧੂ ਨੇ ਆਪਣੀ ਬਿਆਨ ਵਿੱਚ ਸਿੱਧੇ ਤੌਰ ‘ਤੇ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਵੀ ਨਹੀਂ ਲਿਆ, ਤੇ ਸੂਬਾ ਪੰਜਾਬ ਦੀ ਜਨਤਾ ਵੀ ਸਿੱਧੂ ਦੀਆਂ ਗੱਲਾਂ ਨੂੰ ਸਹੀ ਮੰਨਦੀ ਹੈ। ਅਜਿਹੇ ਵਿੱਚ ਸਿਆਸਤ ਦਾ ਇਹ ਉੱਠ ਕਿਹੜੀ ਕਰਵਟ ਬੈਠੇਗਾ, ਤੇ ਕੀ ਰੰਗ ਵਿਖਾਵੇਗਾ ਇਹ ਵੇਖਣ ਲਈ ਲੋਕਾਂ ਨੇ ਆਪਣੇ ਦੀਦੇ ਹਾਲਾਤ ‘ਤੇ ਟਿਕਾਏ ਹੋਏ ਹਨ।
https://youtu.be/LMhbAclGz0Q