ਤੁਖਾਰੀ ਬਾਰਹਮਾਹਾ ਦਾ ਸੰਗੀਤ ਵਿਗਿਆਨਕ ਅਧਿਐਨ… ਡਾ. ਗੁਰਨਾਮ ਸਿੰਘ

TeamGlobalPunjab
10 Min Read

ਗੁਰਮਤਿ ਸੰਗੀਤ ‘ਤੇ ਡਾ. ਗੁਰਨਾਮ ਸਿੰਘ ਦੇ ਚੋਣਵੇਂ ਲੇਖ

ਤੁਖਾਰੀ ਬਾਰਹਮਾਹਾ ਦਾ ਸੰਗੀਤ ਵਿਗਿਆਨਕ ਅਧਿਐਨ

*ਡਾ. ਗੁਰਨਾਮ ਸਿੰਘ

ਬਾਰਹਮਾਹ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਗੀਤ ਵਿਧਾਨ ਦਾ ਇਕ ਵਿਸ਼ਿਸ਼ਟ ਲੋਕ ਗਾਇਨ ਰੂਪ ਹੈ, ਜਿਸ ਦੇ ਦੋ ਰੂਪ ਤੁਖਾਰੀ ਛੰਤ ਮਹਲਾ ੧ ਬਾਰਹਮਾਹ ਅਤੇ ਬਾਰਹਮਾਹਾ ਮਾਝ ਮਹਲਾ ੫ ਘਰੁ ੪ ਦੇ ਰੂਪ ਵਿਚ ਅੰਕਿਤ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਰਹਮਾਹ ਰਚਨਾ ਲਈ ਰਾਗ ਤੁਖਾਰੀ ਦਾ ਪ੍ਰਯੋਗ ਕੀਤਾ ਹੈ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਬਾਣੀ ਦੇ ਗਾਇਨ ਲਈ ਰਾਗ ਮਾਝ ਦਾ ਨਿਰਧਾਰਣ ਕੀਤਾ ਹੈ। ਇਹ ਦੋਵੇਂ ਰਾਗ ਭਾਰਤੀ ਸੰਗੀਤ ਪਰੰਪਰਾ ਵਿਚ ਉਪਲਬਧ ਨਹੀਂ। ਇਹਨਾਂ ਰਾਗਾਂ ਦੀ ਪ੍ਰਕਿਰਤੀ ਅਤੇ ਬਾਰਹਮਾਹ ਦੇ ਗਾਇਨ ਰੂਪ ਦੇ ਗਾਇਨ ਵਿਧਾਨ ਤੋਂ ਇਹ ਦੋਵੇਂ ਬਾਰਹਮਾਹ ਗੁਰਮਤਿ ਸੰਗੀਤ ਦੇ ਨਿਵੇਕਲੇ ਗਾਇਨ ਰੂਪਾਂ ਵਜੋਂ ਪ੍ਰਗਟ ਹੁੰਦੇ ਹਨ।

ਗੁਰਬਾਣੀ ਤੋਂ ਇਲਾਵਾ ਪੰਜਾਬੀ ਕਾਵਿ ਤੇ ਪੰਜਾਬੀ ਲੋਕ ਸੰਗੀਤ ਵਿਚ ਬਾਰਹਮਾਹ ਦੀ ਵਡੇਰੀ ਪੁਰਾਤਨ ਪਰੰਪਰਾ ਦ੍ਰਿਸ਼ਟੀਗੋਚਰ ਹੁੰਦੀ ਹੈ। ਵੱਖ-ਵੱਖ ਵਿਸ਼ਿਆਂ ਤੇ ਮਨੋਰਥਾਂ ਅਨੁਸਾਰ ਰਚਿਤ ਇਹ ਬਾਰਹਮਾਹ ਕਿਸੇ ਖਾਸ ਨਿਸ਼ਚਿਤ ਛੰਦ ਵਿਚ ਨਾ ਹੋ ਕੇ ਦੋਹਰਾ, ਪਉੜੀ, ਡਿਓਢ, ਕਾਫੀ ਤੇ ਬੈਂਤ ਛੰਦ ਵਰਗੇ ਵਿਭਿੰਨ ਛੰਦ ਰੂਪਾਂ ਵਿਚ ਰਚਿਤ ਮਿਲਦੇ ਹਨ। ਇਸੇ ਪ੍ਰਕਾਰ ਬਾਰਹਮਾਹ ਰਚਨਾ ਨੂੰ ਕਿੱਸਾਕਾਰਾਂ ਨੇ ਵਿਭਿੰਨ ਰਚਨਾਵਾਂ ਹੀਰ, ਸੋਹਣੀ, ਸੱਸੀ ਅਤੇ ਢੋਲ ਸੰਮੀ ਆਦਿ ਰੂਪਾਂ ਵਿਚ ਇਸ ਦਾ ਪ੍ਰਯੋਗ ਕੀਤਾ ਹੈ। ਉਕਤ ਬਾਰਹਮਾਹ ਰਚਨਾਵਾਂ ਦੇ ਗਾਇਨ ਵਿਧਾਨ ਦਾ ਵਿਸ਼ਲੇਸ਼ਣ ਕਰੀਏ ਤਾਂ ਇਹ ਸਾਰੇ ਬਾਰਹਮਾਹ ਗਾਇਨ ਵਿਧਾਨ ਦੀ ਨਿਸ਼ਚਿਤ ਤੇ ਵਿਸ਼ੇਸ਼ ਵਿਧਾਨ ਦੇ ਧਾਰਨੀ ਹਨ ਜੋ ਸੁਤੰਤਰ ਰੂਪ ਵਿਚ ਕਦੇ ਵੀ ਵਿਚਾਰ ਚਰਚਾ ਦਾ ਹਿਸਾ ਨਹੀਂ ਬਣ ਸਕੇ। ਸੰਗੀਤਕ ਦ੍ਰਿਸ਼ਟੀ ਤੋਂ ਹਰੇਕ ਕਾਵਿ ਰੂਪ ਵਿਚ ਵਿਸ਼ੇਸ਼ ਗਾਇਨ ਰੂਪ ਵਿਦਮਾਨ ਹੁੰਦਾ ਹੈ। ਕਾਵਿਕ ਅਨੁਭਵ ਤੇ ਅਨੁਭੁਤੀ ਵਾਂਗੂ ਗਾਇਨ ਦਾ ਅਨੁਭਵ ਤੇ ਅਨੁਭੂਤੀ ਪ੍ਰਸਤੁਤੀ ਦਾ ਪੱਧਰ ਉਤੇ ਵਿਸ਼ੇਸ਼ ਕਲਾਤਮਿਕ ਪ੍ਰਕ੍ਰਿਆ ਦੀ ਨਿਹਤ ਹੁੰਦੀ ਹੈ। ਉਦਾਹਰਣ ਵਜੋਂ ਪੰਜਾਬੀ ਲੋਕ ਸੰਗੀਤ ਵਿਚ ਪ੍ਰਚਲਿਤ ਹੀਰ, ਸੱਸੀ, ਸੋਹਣੀ ਤੇ ਢੋਲ ਸੰਮੀ ਵਿਚ ਪ੍ਰਯੁਕਤ ਬਾਰਹਮਾਹ ਦੇ ਸੰਗੀਤ ਵਿਧਾਨ ਦਾ ਵਿਸ਼ਲੇਸ਼ਣ ਕਰੀਏ ਤਾਂ ਇਹਨਾਂ ਰਚਨਾਵਾਂ ਦੇ ਮੂਲ, ਮੌਲਿਕ, ਸੁਰਾਤਮਕ ਆਧਾਰਾਂ ਦੁਆਰਾ ਹੀ ਬਾਰਹਮਾਹ ਦੀ ਗਾਇਨ ਰਚਨਾ ਕੀਤੀ ਜਾਂਦੀ ਹੈ। ਕਾਵਿ ਦੇ ਛੰਦ ਰੂਪ ਅਨੁਸਾਰ ਵਿਭਿੰਨ ਤਾਲਾਂ ਵਿਚ ਇਹ ਲੋਕ ਸੰਗੀਤਬੱਧ ਰਚਨਾਵਾਂ ਆਪਣੇ ਮੌਲਿਕ ਨਿਸ਼ਚਿਤ ਰੂਪਾਂ ਵਿਚ ਪ੍ਰਗਟ ਹੁੰਦੀਆਂ ਹਨ। ਗੁਰੂ ਸਾਹਿਬਾਨ ਨੇ ਆਪਣੀ ਬਾਣੀ ਵਿਚ ਬਾਰਹਮਾਹ ਦੀ ਇਸ ਪਰੰਪਰਾਗਤ ਵਿਸ਼ੇਸ਼ ਗਾਇਨ ਵਿਧਾ ਨੂੰ ਗੁਰਮਤਿ ਸੰਗੀਤ ਪ੍ਰਬੰਧ ਦੇ ਅੰਤਰਗਤ ਰਾਗਾਤਮਕ ਪ੍ਰਸਤੁਤੀ ਵਜੋਂ ਨਿਰਧਾਰਣ ਕੀਤਾ ਹੈ ਜਿਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਇਹਨਾਂ ਬਾਰਹਮਾਹ ਦਾ ਅਧਿਐਨ ਤੇ ਵਿਸ਼ਲੇਸ਼ਣ ਤਾਂ ਹੀ ਸੰਪੂਰਣ ਹੋ ਸਕਦਾ ਹੈ ਜੇਕਰ ਪ੍ਰਸਤੁਤੀ ਤੇ ਸੰਚਾਰ ਦੇ ਪੱਧਰ ਤੇ ਇਹਨਾਂ ਦੇ ਵਿਸ਼ੇਸ਼ ਸੰਗੀਤ ਵਿਧਾਨ ਨੂੰ ਵੀ ਗ੍ਰਹਿਣ ਕੀਤਾ ਜਾਵੇ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਬਾਣੀ ਦੇ ਸੰਚਾਰ ਲਈ ਸ਼ਬਦ ਕੀਰਤਨ ਦੀ ਜੁਗਤ ਅਪਣਾਈ ਗਈ ਹੈ, ਜਿਸ ਵਿਚ ਰਾਗ, ਗਾਇਨ ਰੂਪ, ਰਹਾਉ, ਅੰਕ ਤੇ ਹੋਰ ਸੰਗੀਤਕ ਸੰਕੇਤ ਇਕ ਨਿਸ਼ਚਿਤ ਸੰਗੀਤ ਵਿਧਾਨ ਦੀ ਸਿਰਜਨਾ ਕਰਦੇ ਹਨ। ਇਹਨਾਂ ਸਮੂਹ ਸੰਗੀਤ ਤੱਤਾਂ ਦੀ ਸੰਯੁਕਤ ਤੇ ਸਮਲਿਤ ਪ੍ਰਕ੍ਰਿਆ ਦੁਆਰਾ ਹੀ ਸ਼ਬਦ ਕੀਰਤਨ ਦੀ ਪ੍ਰਸਤੁਤੀ ਸੰਪੂਰਨ ਹੁੰਦੀ ਹੈ। ਇਸ ਦ੍ਰਿਸ਼ਟੀ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਬਾਰਹਮਾਹ ਤੁਖਾਰੀ ਦਾ ਸੰਗੀਤ ਵਿਗਿਆਨਕ ਵਿਸ਼ਲੇਸ਼ਣ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਕੁਲ ਗੁਰਮਤਿ ਸੰਗੀਤ ਪਰੰਪਰਾ ਦੇ ਮੌਲਿਕ ਵਿਧਾਨ ਦੀ ਵਿਲੱਖਣਤਾ ਨੂੰ ਉਜਾਗਰ ਕਰਦਾ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ‘ਬਾਰਹਮਾਹ’ ਬਾਣੀ ਲਈ ਪ੍ਰਯੋਗ ਰਾਗ ‘ਤੁਖਾਰੀ’ ਭਾਰਤੀ ਸੰਗੀਤ ਦੀ ਹਿੰਦੁਸਤਾਨੀ ਅਤੇ ਕਰਨਾਟਕੀ ਸੰਗੀਤ ਪੱਧਤੀ ਵਿਚ ਕਿਸੇ ਵੀ ਰੂਪ ਵਿਚ ਉਪਲਬਧ ਨਹੀਂ। ਭਾਵੇਂ ਸਿੱਖ ਕੀਰਤਨਕਾਰਾਂ ਨੇ ਇਸ ਰਾਗ ਦਾ ਪ੍ਰਯੋਗ ਸ਼ਬਦ ਕੀਰਤਨ ਪ੍ਰਸਤੁਤੀ ਲਈ ਕੀਤਾ ਪਰੰਤੂ ਹਿੰਦੁਸਤਾਨੀ ਸੰਗੀਤ ਪਰੰਪਰਾ ਵਿਚ ਇਹਨਾਂ ਦਾ ਗਾਇਨ ਸੰਭਵ ਨਹੀਂ ਹੋ ਸਕਿਆ। ਗੁਰਬਾਣੀ ਤੋਂ ਬਿਨਾਂ ਇਸ ਰਾਗ ਦਾ ਪ੍ਰਯੋਗ ਸੂਫੀ ਸੰਤਾਂ ਵਿਚੋਂ ਬਾਬਾ ਸ਼ਾਹ ਹੁਸੈਨ ਨੇ ਕੀਤਾ ਹੈ। ਇਸ ਤਰ੍ਹਾਂ ਉਹ ਵੀ ਗੁਰੂ ਨਾਨਕ ਸਾਹਿਬ ਦਾ ਅਨੁਕਰਣ ਕਰਦੇ ਹੀ ਜਾਪਦੇ ਹਨ। ਗੁਰਮਤਿ ਸੰਗੀਤ ਦੀ ਇਸ ਮੌਲਿਕ ਰਾਗ ਦੀ ਉਤਪਤੀ ਨੂੰ ਹਿਮਾਲਾ ਦੇ ਉਤਰ ਪੱਛਮ ‘ਤੁਖਾਰ’ ਇਲਾਕੇ ਨਾਲ ਸੰਬੰਧਿਤ ਮੰਨਿਆ ਜਾਂਦਾ ਹੈ।
ਰਾਗਾਂ ਦੀ ਪ੍ਰਕ੍ਰਿਤੀ ਦੇ ਸੰਦਰਭ ਵਿਚ ਦੇਖੀਏ ਤਾਂ ਰਾਗਾਂ ਦੀ ਸੁਰਾਤਮਕ ਪਹਿਚਾਣ ਜਾਂ ਨਿਰਧਾਰਤ ਸ਼ਾਸਤਰ ਤਾਂ ਕੇਵਲ ਸੰਕੇਤ ਮਾਤਰ ਹੀ ਹੁੰਦਾ ਹੈ। ਇਸ ਤੋਂ ਬਿਨਾਂ ਹਰ ਰਾਗ ਦੀ ਆਪਣੀ ਇਕ ਸੰਗੀਤਕ ਖੁਸ਼ਬੋ ਜਾਂ ਤਾਸੀਰ ਹੁੰਦੀ ਹੈ, ਜਿਸ ਦੁਆਰਾ ਰਾਗ ਦਾ ਨੂਰ (Aura) ਪ੍ਰਗਟ ਹੁੰਦਾ ਹੈ। ਰਾਗ ਦੇ ਇਸ ਨੂਰ ਦੀ ਪ੍ਰਾਪਤੀ ਉਸ ਦੀ ਜੀਵੰਤ ਪੇਸ਼ਕਾਰੀ ਵਿਚ ਵਿਦਮਾਨ ਹੁੰਦੀ ਹੈ। ਤੁਖਾਰੀ ਰਾਗ ਦੇ ਸੁਰਾਤਮਕ ਪ੍ਰਵਾਹ ਤੋਂ ਪ੍ਰਗਟ ਹੋਣ ਵਾਲਾ ਸੰਗੀਤਕ ਨੂਰ ਇਕ ਵਿਸ਼ੇਸ਼ ਪ੍ਰਕਾਰ ਦੀ ਗਹਿਰ ਗੰਭੀਰ ਸ਼ੀਤਲ ਸਥਿਲਤਾ ਵਿਚੋਂ ਅਨੁਭਵ ਦੀ ਪੱਧਰ ਤੇ ਪਰਤ ਦਰ ਪਰਤ ਵਿਸ਼ਾਲ ਨੂਰ ਵਜੋਂ ਪ੍ਰਗਟ ਹੁੰਦਾ ਹੈ। ਜਿਉਂ ਜਿਉਂ ਇਸ ਰਾਗ ਦੀ ਸੁਰਾਤਮਕ ਥੜ੍ਹਤ ਗਤੀ ਪਕੜਦੀ ਹੈ ਤਾਂ ਰਾਗ ਦੀ ਰੰਜਕਤਾ ਦਾ ਸੰਮੋਹਨ ਮਨ ਨੂੰ ਵਿਸਮਾਦੀ ਖੇੜੇ ਤੇ ਪ੍ਰਕਾਸ਼ ਦੀ ਅਵਸਥਾ ਵਲ ਲੈ ਜਾਂਦਾ ਹੈ। ਇਹ ਅਨੁਭਵ ਸੰਗੀਤ ਵਿਿਗਆਨ ਜਾਂ ਕੇਵਲ ਸੰਗੀਤਕਾਰ ਦੀ ਗ੍ਰਹਿਣ ਸ਼ਕਤੀ ਦਾ ਹਾਸਿਲ ਨਹੀਂ ਸਗੋਂ ਇਸ ਦੀ ਉਪਲਬਧੀ ਹਰ ਮਾਨਵ ਮਨ ਕਰ ਸਕਦਾ ਹੈ। ਇਸ ਰਾਗ ਦੀ ਸੁਰਾਤਮਕ ਪ੍ਰਕ੍ਰਿਤੀ ਗੰਭੀਰ ਅਤੇ ਵਿਯੋਗ ਵਾਲੀਆਂ ਭਾਵਨਾਵਾਂ ਨੂੰ ਸਮੂਰਤ ਕਰਨ ਲਈ ਸਮਰਥ ਹੈ। ਕੁਝ ਅਜਿਹੀ ਪ੍ਰਕ੍ਰਿਤੀ ਹਿੰਦੁਸਤਾਨੀ ਸੰਗੀਤ ਵਿਚ ਤੁਖਾਰੀ ਦੇ ਸਮ ਪ੍ਰਕ੍ਰਿਤਕ ਰਾਗ ਮਧੁਵੰਤੀ ਵਿਚੋਂ ਉਪਲਬਧ ਹੁੰਦੀ ਹੈ ਜੋ ਕਿ ਉਸ ਵਿਚ ਪ੍ਰਚਲਿਤ ਗਾਇਨ ਰਚਨਾਵਾਂ ਵਿਚੋਂ ਪ੍ਰਤੱਖ ਹੈ।

- Advertisement -

ਇਸ ਰਾਗ ਨੂੰ ਬਾਰਹਮਾਹ ਤੁਖਾਰੀ ਦੇ ਸੰਦਰਭ ਵਿਚ ਵਾਚੀਏ ਤਾਂ ਪਰਮਾਤਮਾ ਦੇ ਮਿਲਾਪ ਦੀਆਂ ਅਵਸਥਾਵਾਂ ਦਾ ਅਧਿਆਤਮਕ ਸੰਦਰਭ ਵਿਚ ਬਿਆਨ ਬਾਰਹਮਾਹ ਦੇ ਬਾਰਾਂ ਮਹੀਨਿਆਂ ਦੇ ਵੱਖ-ਵੱਖ ਪ੍ਰਕ੍ਰਿਤੀ ਚਿਤਰਣ ਦੁਆਰਾ ਪ੍ਰਗਟ ਹੁੰਦਾ ਹੈ, ਜਿਸ ਵਿਚ ਪਰਮਾਤਮਾ ਨੂੰ ਮਿਲਣ ਦੀ ਤਾਂਘ, ਉਸ ਤਾਂਘ ਵਿਚੋਂ ਉਤਪੰਨ ਬਿਰਹਾ ਦੇ ਵਿਛੋੜੇ ਦੇ ਭਾਵਾਂ ਦੀ ਕਸਕ ਤੇ ਵੇਦਨਾ ਪ੍ਰਗਟ ਹੁੰਦੀ ਹੈ। ਤੁਖਾਰੀ ਰਾਗ ਦੇ ਸੁਰਾਤਮਕ ਪ੍ਰਭਾਵ ਅਧੀਨ ਬਾਰਹਮਾਹ ਕਾਵਿ ਵਿਚੋਂ ਉਤਪੰਨ ਭਾਵ ਸੁਰਾਤਮਕ ਪ੍ਰਵਾਹ ਦੇ ਕ੍ਰਮ ਵਿਚ ਪਰਤ ਦਰ ਪਰਤ ਭਾਵਾਂ ਨੂੰ ਤੀਬਰ ਤੇ ਪ੍ਰਕਾਸ਼ਨ ਕਰਨ ਵਿਚ ਸਹਾਈ ਹੁੰਦੇ ਹਨ। ਪਰਮਾਤਮਾ ਦੇ ਮਿਲਾਪ ਲਈ ਗੁਰੂ ਸਾਹਿਬ ਜਿਵੇਂ ਕਰਮ ਦੇ ਸੰਸਕਾਰਾਂ ਕਰਕੇ ਪ੍ਰਭੂ ਤੋਂ ਵਿਛੋੜੇ ਜੀਵ ਨੂੰ ਪ੍ਰਭੂ ਮਿਲਾਪ ਦਾ ਰੋਸ਼ਨ ਰਾਹ ਦਰਸਾਉਂਦੇ ਹਨ। ਉਸ ਲਈ ਮਨ ਦੀ ਸਥਿਲਤਾ ਅਤੇ ਸਥਿਰਤਾ ਨੂੰ ਆਪਣੇ ਸੁਰਾਤਮਕ ਪ੍ਰਵਾਹ ਦੁਆਰਾ ਨੂਰਾਨੀ ਬਣਾਉਣ ਵਾਲੇ ਇਸ ਰਾਗ ਦਾ ਪ੍ਰਯੋਗ ਗੁਰਬਾਣੀ ਵਿਚ ਕਿਸੇ ਹੋਰ ਬਾਣੀ ਜਾਂ ਬਾਣੀ ਰੂਪ ਲਈ ਨਹੀਂ ਕੀਤਾ ਗਿਆ। ਵਿਛੋੜੇ ਤੇ ਬਿਰਹਾ ਦੇ ਵੱਖ-ਵੱਖ ਭਾਵਾਂ ਨੂੰ ਆਪਣੇ ਵਿਚ ਸਮੋ ਸਕਣ ਦੀ ਸਰਬਾਂਗੀ ਸ਼ਕਤੀ ਜੋ ਇਸ ਰਾਗ ਦੀ ਪ੍ਰਕ੍ਰਿਤੀ ਦਾ ਵਿਸ਼ੇਸ਼ ਆਧਾਰ ਹੈ। ਉਹ ਬਾਰਹਮਾਹ ਦੇ ਅੰਤਰੀਵੀ ਭਾਵਾਂ ਵਿਚੋਂ ਸਹਿਜੇ ਹੀ ਪ੍ਰਗਟ ਹੁੰਦਾ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਰਹਮਾਹ ਤੁਖਾਰੀ ਦੇ ਸ਼ਬਦ ਕੀਰਤਨ ਲਈ ਛੰਤ ਕਾਵਿ ਰੂਪ ਦਾ ਪ੍ਰਯੋਗ ਕੀਤਾ ਹੈ। ਬਾਰਹਮਾਹ ਦੇ ਸੰਦਰਭ ਵਿਚ ‘ਛੰਤ’ ਗਾਇਨ ਰੂਪ ਨੂੰ ਪਉੜੀ ਵਜੋਂ ਗ੍ਰਹਿਣ ਕਰਨਾ (ਜਿਹਾ ਕਿ ਕੁਝ ਵਿਦਵਾਨ ਬਾਰਹਮਾਹ ਦੇ ਮਹੀਨਿਆਂ ਨੂੰ ਪਉੜੀਆਂ ਦਰਸਾਉਂਦੇ ਹਨ) ਉਚਿਤ ਨਹੀਂ ਹੋਵੇਗਾ। ਕਿਉਂਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਗੀਤ ਵਿਧਾਨ ਵਿਚ ਪਉੜੀ ਤੇ ਛੰਤ ਦੋ ਅਲਗ ਅਲਗ ਗਾਇਨ ਰੂਪ ਹਨ। ਗੁਰਮਤਿ ਸੰਗੀਤ ਦੀ ਪ੍ਰਸਿੱਧ ਕੀਰਤਨ ਰਚਨਾ ‘ਆਸਾ ਦੀ ਵਾਰ’ ਦੀ ਸੰਰਚਨਾ ਵਿਚ ਛੰਤ ਤੇ ਪਉੜੀ ਦੋ ਵੱਖ-ਵੱਖ ਵਿਧਾਵਾਂ ਵਜੋਂ ਪ੍ਰਚਲਿਤ ਹਨ। ਜਿਨ੍ਹਾਂ ਦੇ ਗਾਇਨ ਰੂਪਾਂ ਨਿਤਾ ਪ੍ਰਤਿ ਦੀ ਸ਼ਬਦ ਕੀਰਤਨ ਪਰੰਪਰਾ ਦਾ ਵਿਸ਼ੇਸ਼ ਹਿੱਸਾ ਹੈ। ਬਾਰਹਮਾਹ ਤੁਖਾਰੀ ਦੀ ਛੰਤ ਰਚਨਾ ਨੂੰ ਗਾਇਨ ਵਿਧਾ ਪਖੋਂ ਦੇਸੀ ਗਾਇਨ ਵਿਧਾ ਦੇ ਰੂਪ ਵਿਚ ਹੀ ਗ੍ਰਹਿਣ ਕੀਤਾ ਜਾ ਸਕਦਾ ਹੈ। ਲੋਕ ਕਾਵਿ ਵਿਚ ਪ੍ਰਯੁਕਤ ਛੰਤ ਨੂੰ ਸੰਗੀਤਕ ਦ੍ਰਿਸ਼ਟੀ ਤੋਂ ਵਾਚੀਏ ਤਾਂ ਇਹਨਾਂ ਦੀ ਬੋਲੀ ਸਾਧਾਰਣ, ਸਪਸ਼ਟ ਤੇ ਅਨੁਭਵ ਯੁਕਤ ਹੁੰਦੀ ਹੈ ਜਿਸ ਵਿਚ ਸ਼ਬਦ ਤੇ ਸਤਰਾਂ ਦੇ ਭਾਵਾਂ ਨੂੰ ਮੁੜ ਭਾਵਾਂ ਦੀ ਤੀਬਰਤਮ ਪ੍ਰਭਾਵ ਲਈ ਦੁਹਰਾਇਆ ਜਾਂਦਾ ਹੈ। ਇਹਨਾਂ ਦੀ ਧੁਨ ਦੇ ਸਰੋਦੀਪਣ ਨੂੰ ਕਾਇਮ ਰੱਖਣ ਲਈ ਤੁਕਾਂਤ ਤੋਂ ਇਲਾਵਾ ਸ਼ਬਦਾਂ ਦੇ ਅੰਤ ਵਿਚ ਵਿਸ਼ੇਸ਼ ਸਰੋਦੀ ਲਮਕਾਅ ਜਿਵੇਂ ਆ, ਏ, ਈ, ਐ, ਓ ਸੰਗੀਤਕ ਦ੍ਰਿਸ਼ਟੀ ਤੋਂ ਆਕਾਰ, ਈਕਾਰ ਅਤੇ ਓਕਾਰਤਮਕ ਅਲਾਪ ਵਿਧੀ ਲਈ ਵਿਸ਼ੇਸ਼ ਸਹਾਇਕ ਤੱਤ ਹਨ।
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕ੍ਰਿਤ ਬਾਰਹਮਾਹ ਤੁਖਾਰੀ ਨੂੰ ਸੰਗੀਤ ਵਿਗਿਆਨਕ ਦ੍ਰਿਸ਼ਟੀ ਤੋਂ ਵਾਚੀਏ ਤਾਂ ਸ਼ਬਦ ਕੀਰਤਨ ਲਈ ਰਾਗ ਗਾਇਨ ਰੂਪ ਦੇ ਵਿਸ਼ਿਸ਼ਟ ਵਿਧਾਨ ਤੇ ਪ੍ਰਕ੍ਰਿਤੀ ਨੂੰ ਇਸ ਦੇ ਨਿਸ਼ਚਿਤ ਪ੍ਰਸ਼ਤੁਤੀ ਵਿਧਾਨ ਦੇ ਸੰਦਰਭ ਵਿਚ ਹੀ ਪ੍ਰਯੋਗ ਵਿਚ ਲਿਆਉਣਾ ਚਾਹੀਦਾ ਹੈ, ਜਿਸ ਵਿਚ ਉਕਤ ਅਧਿਐਨ ਦੇ ਅੰਤਰਗਤ ਵਰਣਿਤ ਤੇ ਵਿਸ਼ਲੇਸ਼ਿਤ ਸਮੂਹ ਸੰਗੀਤ ਤੱਤ ਸੰਯੁਕਤ ਤੇ ਸਮਲਿਤ ਰੂਪ ਵਿਚ ਕਾਰਜਸ਼ੀਲ ਰਹਿੰਦੇ ਹਨ। ਬਾਰਹਮਾਹ ਤੁਖਾਰੀ ਦੇ ਸਮੁੱਚੇ ਸੰਗੀਤ ਵਿਧਾਨ ਦੇ ਸੰਦਰਭ ਵਿਚ ਹੀ ਇਸ ਵਿਧਾ ਦੀ ਸ਼ਬਦ ਕੀਰਤਨ ਪ੍ਰਕ੍ਰਿਆ ਸੰਪੂਰਨ ਰੂਪ ਵਿਚ ਮੂਰਤੀਮਾਨ ਹੋ ਸਕਦੀ ਹੈ ਅਤੇ ਇਸ ਸੰਗੀਤ ਵਿਗਿਆਨ ਦੇ ਆਧਾਰ ਉਤੇ ਸ਼ਬਦ ਕੀਰਤਨ ਦੀ ਜੁਗਤ ਅਪਣਾਉਂਦਿਆਂ ਹੀ ਜੀਵ ਬਾਰਹਮਾਹ ਤੁਖਾਰੀ ਵਿਚ ਪ੍ਰਗਟਾਏ ਅਧਿਆਤਮਕ ਸਤਿ ਦੀ ਪ੍ਰਾਪਤੀ ਗ੍ਰਹਿਣ ਕਰ ਸਕਦਾ ਹੈ।

*drgnam@yahoo.com

Share this Article
Leave a comment