Breaking News

ਕਲਾਕਾਰ ਤੋਂ ਰਾਸ਼ਟਰਪਤੀ ਬਣੇ ਜ਼ੇਲੇਨਸਕੀ ਦਾ ਤਜਰਬੇਕਾਰ ਰਾਸ਼ਟਰਪਤੀ ਪੁਤਿਨ ਨਾਲ ਲੱਗਿਆ ਮੱਥਾ 

ਬਿੰਦੂ ਸਿੰਘ

ਵੋਲੋਡੀਮੀਰ ਜ਼ੇਲੇਨਸਕੀ, ਇੱਕ ਹਾਸਰਸ ਕਲਾਕਾਰ ਸਨ ਤੇ ਕਾਨੂੰਨ ਦੀ ਪੜ੍ਹਾਈ  ਕਰਕੇ  ਵਕਾਲਤ ਕਰਨ ਦਾ ਲਾਇਸੈਂਸ ਹੋਣ ਦੇ ਬਾਵਜੂਦ ਤਿੰਨ ਸਾਲ ਪਹਿਲਾਂ 2019 ਵਿੱਚ ਯੂਕਰੇਨ ਦੇ ਰਾਸ਼ਟਰਪਤੀ ਬਣੇ। ਜ਼ੇਲੇਨਸਕੀ ਨੇ ਦੱਖਣੀ ਯੂਕਰੇਨ  ਚ ‘Kryvvy Rih’ ਦੇ ਇੱਕ ਯਹੂਦੀ ਪਰਿਵਾਰ ਵਿੱਚ ਜਨਮ ਲਿਆ। ਉਨ੍ਹਾਂ ਦੀ ਮਾਂ ਬੋਲੀ ਰੂਸੀ ਹੈਂ, ਪਰ ਉਹ ਯੂਕਰੇਨੀ ਤੇ ਅੰਗਰੇਜ਼ੀ ਭਾਸ਼ਾ ਤੇ ਵੀ ਚੰਗੀ ਪਕੜ ਰੱਖਦੇ ਹਨ। ਉਹਨਾਂ ਦੀ ਉਮਰ 44 ਵਰ੍ਹੇ ਹੈ ।

ਜ਼ੇਲੇਨਸਕੀ ਥੀਏਟਰ ਦੇ ਕਲਾਕਾਰ ਸਨ। ਉਨ੍ਹਾਂ ਨੇ ਆਪਣੇ  ਥੀਏਟਰ ਗਰੁੱਪ  ਕੁਆਰਟਰ95 ਨੂੰ ਬਾਅਦ ਵਿੱਚ  ਕਿਸੇ ਹੋਰ ਨਾਲ ਸਹਿਯੋਗ ਕਰਕੇ  ਸਟੂਡੀਓ ਕੁਆਰਟਰ95 ਦੇ ਨਾਂਅ ਤੋਂ ਪ੍ਰੋਡਕਸ਼ਨ ਕੰਪਨੀ ਬਣਾਈ ਤੇ 2011 ਤੱਕ ਆਰਟਿਸਟਿਕ ਡਾਇਰੈਕਟਰ ਦੇ ਤੌਰ ਤੇ ਕੰਮ ਕੀਤਾ। ਇਸ ਤੋਂ ਬਾਅਦ  ਯੂਕਰੇਨੀ ਟੈਲੀਵਿਜ਼ਨ ਚੈਨਲ  ‘ਇੰਟਰ ਟੀਵੀ’ ਚ ਚੈਨਲ ਪ੍ਰੋਡਿਊਸਰ ਵਜੋਂ  ਕੰਮ ਕੀਤਾ। ਥੀਏਟਰ, ਟੈਲੀਵਿਜ਼ਨ  ਦੇ ਇਲਾਵਾ  ਉਨ੍ਹਾਂ ਨੇ  ਕਈ ਫੀਚਰ ਫ਼ਿਲਮਾਂ ਚ ਵੀ ਕੰਮ ਕੀਤਾ। ਉਨ੍ਹਾਂ ਨੇ ਇਤਿਹਾਸਕ ਵਿਅੰਗ ‘ਰਜ਼ੇਵਸਕੀ ਵਰਸਸ ਨੈਪੋਲੀਅਨ’ ਤੇ ਰੋਮਾਂਟਿਕ ਕਾਮੇਡੀ ‘8 ਫਸਟ ਡੇਟਸ’ ਅਤੇ  ‘8 ਨਿਊ ਡੇਟਸ’ ਫ਼ਿਲਮਾਂ ਵਿੱਚ ਕੰਮ ਕੀਤਾ।

ਉਨ੍ਹਾਂ ਨੇ ‘ਸਰਵੈਂਟ ਆਫ਼ ਪੀਪਲ’ ਫਿਲਮ ਚ ਕੰਮ ਕੀਤਾ  ਤਾਂ ਫਿਰ ਬਾਅਦ ਵਿੱਚ 2018 ਵਿੱਚ  ‘ਕਵਾਟਰ95’  ਪਲੇਟਫਾਰਮ ਤੋਂ  ‘ਸਰਵੈਂਟ ਆਫ਼ ਪੀਪਲ’ ਨਾਂਅ ਤੇ ਯੂਕਰੇਨ ਵਿੱਚ  ਸਿਆਸੀ ਪਾਰਟੀ  ਰਜਿਸਟਰ ਕਰਵਾ ਲਈ। ਇਹੋ ਕਦਮ ਉਨ੍ਹਾਂ ਨੂੰ  ਥੀਏਟਰ ਤੋਂ ਸਿਆਸਤ ਵੱਲ ਮੋੜ ਲਿਆਇਆ।

2019 ਦੀਆਂ ਰਾਸ਼ਟਰਪਤੀ ਚੋਣਾਂ  ਦੇ ਲਈ  ਜ਼ੇਲੇਨਸਕੀ ਦੀ ਉਮੀਦਵਾਰੀ ਦੇ ਐਲਾਨ ਨਾਲ ਹੀ  ਉਹ ਬਾਕੀ ਉਮੀਦਵਾਰਾਂ ਵਿਚੋਂ ਕਾਫ਼ੀ ਮੂਹਰੇ ਅਗਲੀ ਕਤਾਰ ਵਿੱਚ ਆ ਗਏ। ਉਨ੍ਹਾਂ ਨੇ ਯੂ ਟਿਊਬ ਤੇ ਇੰਸਟਾਗ੍ਰਾਮ  ਪਲੈਟਫਾਰਮਾਂ ਤੇ  ਆਪਣੀ ਤਿਆਰ ਕੀਤੀ ਪਾਲਿਸੀ ਨੂੰ ਲੈ ਕੇ ਬਿਆਨਾਂ ਦਾ ਵੇਰਵਾ ਤੇ ਪ੍ਰੈੱਸ ਕਾਨਫ਼ਰੰਸਾਂ ਦੇ ਰੂਪ  ਵਿੱਚ ਨਿੱਕੇ ਭਾਸ਼ਣ ਅਪਲੋਡ ਕਰਨੇ ਸ਼ੁਰੂ ਕਰ ਦਿੱਤੇ।

ਉਨ੍ਹਾਂ ਨੂੰ  ਰਾਸ਼ਟਰਪਤੀ ਦੀਆਂ ਚੋਣਾਂ ਦੇ ਪਹਿਲੇ ਗੇੜ ਵਿੱਚ ਹੀ  30 ਫ਼ੀਸਦ ਵੋਟਾਂ ਨਾਲ ਜਿੱਤ ਪ੍ਰਾਪਤ ਹੋਈ ਤੇ ਉਸ ਵੇਲੇ ਦੇ ਸੱਤਾਧਾਰੀ ਰਾਸ਼ਟਰਪਤੀ  ਪੋਰੋਸ਼ੇਨਕੋ  ਨੂੰ ਸਿਰਫ਼ 16 ਫ਼ੀਸਦ ਵੋਟਾਂ ਹੀ ਪਈਆਂ।

2019 ਵਿੱਚ 19 ਅਪ੍ਰੈਲ ਵਾਲੇ ਦਿਨ ਕੀਵ ਓਲੰਪਿਕ ਸਟੇਡੀਅਮ ਵਿੱਚ10 ਹਜਾਰ ਲੋਕਾਂ ਦੇ ਇਕੱਠ ਸਾਹਮਣੇ ਹੋਈ ਬਹਿਸ ਦੌਰਾਨ ਉਸ ਸਮੇਂ ਦੇ  ਰਾਸ਼ਟਰਪਤੀ  ਪੋਰੋਸ਼ੈਂਕੋ  ਨੇ  ਜ਼ੇਲੇਨਸਕੀ ਨੂੰ ਸਿਆਸੀ ਖੇਤਰ ਵਿਚ ਨੌਸਿਖੀਆ ਕਰਾਰ ਦਿੱਤਾ    ਤੇ ਕਿਹਾ ਕਿ  ਉਨ੍ਹਾਂ ਕੋਲ ਤਜਰਬੇਕਾਰ  ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤੀਨ ਨਾਲ ਨਿਬੜਨ ਦਾ ਕੋਈ  ਤਜਰਬਾ ਨਹੀਂ । ਪਰ 21 ਅਪ੍ਰੈਲ ਨੂੰ  ਜ਼ੇਲੇਨਸਕੀ 73ਫ਼ੀਸਦ ਵੋਟਾਂ ਦੇ ਭਾਰੀ ਬਹੁਮਤ ਨਾਲ  ਜਿੱਤ ਕੇ ਯੂਕਰੇਨ ਦੇ  ਰਾਸ਼ਟਰਪਤੀ ਬਣ ਗਏ।

ਇਸ ਸਮੇਂ  ਹਾਸਰਸ  ਕਲਾਕਾਰ ਤੋਂ  ਰਾਸ਼ਟਰਪਤੀ ਬਣੇ ਜ਼ੇਲੇਨਸਕੀ ਦਾ ਆਡ੍ਹਾ ਸਿਆਸੀ ਤੌਰ ਤੇ ਤਜਰਬੇਕਾਰ  ਰਾਸ਼ਟਰਪਤੀ  ਪੁਤਿਨ ਦੇ ਨਾਲ  ਲੱਗਾ ਹੋਇਆ ਹੈ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਜਿਸ ਨਾਲ ਜ਼ੇਲੇਨਸਕੀ ਦਾ ਇਸ ਵਕਤ ਮੱਥਾ ਲੱਗਿਆ ਹੈ, ਓਹ ਸਾਬਕਾ ਇੰਟੈਲੀਜੈਂਸ ਅਫ਼ਸਰ ਰਹਿ ਚੁੱਕਿਆ ਹੈ।ਰੂਸ ਨੇ ਇਸ ਵਕਤ  ਯੂਕਰੇਨ ਖ਼ਿਲਾਫ਼ ਜੰਗਬੰਦੀ ਕੀਤੀ ਹੋਈ ਹੈ  ਤੇ ਹੁਣ ਅਗਲੇ ਦਿਨਾਂ ‘ਚ ਪਤਾ ਲੱਗੇਗਾ ਕਿ ਇਸ ਜੰਗ ਨੂੰ ਰੋਕਣ ਲਈ ਕਿਹੜਾ ਤਰੀਕਾ ਕਾਰਗਰ ਸਾਬਿਤ ਹੋਵੇਗਾ।

Check Also

ਅੱਜ ਦਾ ਹੁਕਮਨਾਮਾ – Today’s Hukamnama from Sri Darbar Sahib (February 2nd, 2023)

ਸਲੋਕੁ ਮ: ੩ ॥ ਪੂਰਬਿ ਲਿਿਖਆ ਕਮਾਵਣਾ ਜਿ ਕਰਤੈ ਆਪਿ ਲਿਿਖਆਸੁ ॥ ਮੋਹ ਠਗਉਲੀ ਪਾਈਅਨੁ …

Leave a Reply

Your email address will not be published. Required fields are marked *