ਸ਼ਬਦ ਵਿਚਾਰ 79 – ਜਪੁ ਜੀ ਸਾਹਿਬ – ਪਉੜੀ 3

TeamGlobalPunjab
6 Min Read

ਸ਼ਬਦ ਵਿਚਾਰ – 79

ਜਪੁ ਜੀ ਸਾਹਿਬ – ਪਉੜੀ 3

ਡਾ. ਗੁਰਦੇਵ ਸਿੰਘ*

 ਵਹਿਗੁਰੂ ਦੇ ਵੱਖੋ ਵੱਖਰੇ ਕੰਮ ਵੇਖ ਕੇ ਮਨੁੱਖ ਆਪੋ ਆਪਣੀ ਸਮਝ ਅਨੁਸਾਰ ਉਸ ਦੀ ਹੁਕਮ ਰੂਪੀ ਤਾਕਤ ਦਾ ਅੰਦਾਜ਼ਾ ਲਾਂਦੇ ਚਲੇ ਆ ਰਹੇ ਹਨ, ਪਰ ਕਿਸੇ ਪਾਸੋਂ ਮੁਕੰਮਲ ਅੰਦਾਜ਼ਾ ਲੱਗ ਨਹੀਂ ਸਕਿਆ। ਕੋਈ ਉਸ ਨੂੰ ਕਿਸੇ ਤਰ੍ਹਾਂ ਸਿਮਰਦਾ ਹੈ ਤੇ ਕੋਈ ਕਿਸੇ ਤਰ੍ਹਾਂ। ਕਿਸੇ ਨੂੰ ਉਹ ਨੇੜੇ ਲੱਗਦਾ ਹੈ ਤੇ ਕਿਸੇ ਨੂੰ ਦੂਰ ਜਾਪਦਾ ਹੈ। ਜਪੁਜੀ ਸਾਹਿਬ ਦੀ ਬਾਣੀ ਚਲ ਰਹੀ ਵਿਚਾਰ ਵਿੱਚ ਅੱਜ ਅਸੀਂ ਤੀਜੀ ਪਉੜੀ ਦੀ ਵਿਚਾਰ ਕਰਾਂਗੇ:

ਗਾਵੈ ਕੋ ਤਾਣੁ ਹੋਵੈ ਕਿਸੈ ਤਾਣੁ ॥ ਗਾਵੈ ਕੋ ਦਾਤਿ ਜਾਣੈ ਨੀਸਾਣੁ ॥

- Advertisement -

ਜਿਸ ਕਿਸੇ ਮਨੁੱਖ ਨੂੰ ਸਮਰਥਾ ਹੁੰਦੀ ਹੈ, ਉਹ ਰੱਬ ਦੇ ਤਾਣ ਨੂੰ ਗਾਉਂਦਾ ਹੈ, (ਭਾਵ, ਉਸ ਦੀ ਸਿਫ਼ਤਿ-ਸਾਲਾਹ ਕਰਦਾ ਹੈ ਤੇ ਉਸ ਦੇ ਉਹ ਕੰਮ ਕਥਨ ਕਰਦਾ ਹੈ, ਜਿਨ੍ਹਾਂ ਤੋਂ ਉਸ ਦੀ ਵੱਡੀ ਤਾਕਤ ਪਰਗਟ ਹੋਵੇ) । ਕੋਈ ਮਨੁੱਖ ਉਸ ਦੀਆਂ ਦਾਤਾਂ ਨੂੰ ਹੀ ਗਾਉਂਦਾ ਹੈ, (ਕਿਉਂਕਿ ਇਹਨਾਂ ਦਾਤਾਂ ਨੂੰ ਉਹ ਰੱਬ ਦੀ ਰਹਿਮਤ ਦਾ) ਨਿਸ਼ਾਨ ਸਮਝਦਾ ਹੈ।

ਗਾਵੈ ਕੋ ਗੁਣ ਵਡਿਆਈਆ ਚਾਰ ॥ ਗਾਵੈ ਕੋ ਵਿਦਿਆ ਵਿਖਮੁ ਵੀਚਾਰੁ ॥

ਕੋਈ ਮਨੁੱਖ ਰੱਬ ਦੇ ਸੋਹਣੇ ਗੁਣ ਤੇ ਸੋਹਣੀਆਂ ਵਡਿਆਈਆਂ ਵਰਣਨ ਕਰਦਾ ਹੈ। ਕੋਈ ਮਨੁੱਖ ਵਿੱਦਿਆ ਦੇ ਬਲ ਨਾਲ ਅਕਾਲ ਪੁਰਖ ਦੇ ਕਠਨ ਗਿਆਨ ਨੂੰ ਗਾਉਂਦਾ ਹੈ (ਭਾਵ, ਸ਼ਾਸਤਰ ਆਦਿਕ ਦੁਆਰਾ ਆਤਮਕ ਫ਼ਿਲਾਸਫ਼ੀ ਦੇ ਔਖੇ ਵਿਸ਼ਿਆਂ ‘ਤੇ ਵਿਚਾਰ ਕਰਦਾ ਹੈ) । ਸ਼ਬਦ ‘ਚਾਰ’ ਵਿਸ਼ੇਸ਼ਣ ਹੈ, ਜੋ ਇਕ ਵਚਨ ਪੁਲਿੰਗ ਨਾਲ ‘ਚਾਰੁ’ ਹੋ ਜਾਂਦਾ ਹੈ ਤੇ ਬਹੁ-ਵਚਨ ਨਾਲ ਜਾਂ ਇਸਤ੍ਰੀ-ਲਿੰਗ ਨਾਲ ‘ਚਾਰ’ ਰਹਿੰਦਾ ਹੈ। ਪਰ ਸ਼ਬਦ ‘ਚਾਰਿ’ ‘ਚਹੁੰ’ ਦੀ ਗਿਣਤੀ ਦਾ ਵਾਚਕ ਹੈ। ਜਿਵੇਂ:

(1) ਚਾਰਿ ਕੁੰਟ ਦਹ ਦਿਸ ਭ੍ਰਮੇ, ਥਕਿ ਆਏ ਪ੍ਰਭ ਕੀ ਸਾਮ।

(2) ਚਾਰਿ ਪਦਾਰਥ ਕਹੈ ਸਭੁ ਕੋਈ।

- Advertisement -

(3) ਚਚਾ ਚਰਨ ਕਮਲ ਗੁਰ ਲਾਗਾ। ਧਨਿ ਧਨਿ ਉਆ ਦਿਨ ਸੰਜੋਗ ਸਭਾਗਾ। ਚਾਰਿ ਕੁੰਟ ਦਹਦਿਸ ਭ੍ਰਮਿ ਆਇਓ। ਭਈ ਕ੍ਰਿਪਾ ਤਬ ਦਰਸਨੁ ਪਾਇਓ। ਚਾਰ ਬਿਚਾਰ, ਬਿਨਸਿਓ ਸਭ ਦੂਆ। ਸਾਧ ਸੰਗਿ ਮਨੁ ਨਿਰਮਲੁ ਹੂਆ।

(4) ਤਟਿ ਤੀਰਥਿ ਨਹੀ ਮਨੁ ਪਤੀਆਇ। ਚਾਰ ਅਚਾਰ ਰਹੇ ਉਰਝਾਇ ।2।

ਗਾਵੈ ਕੋ ਸਾਜਿ ਕਰੇ ਤਨੁ ਖੇਹ ॥ ਗਾਵੈ ਕੋ ਜੀਅ ਲੈ ਫਿਰਿ ਦੇਹ ॥

ਕੋਈ ਮਨੁੱਖ ਇਉਂ ਗਾਉਂਦਾ ਹੈ, ‘ਅਕਾਲ ਪੁਰਖ ਸਰੀਰ ਨੂੰ ਬਣਾ ਕੇ (ਫਿਰ) ਸੁਆਹ ਕਰ ਦੇਂਦਾ ਹੈ’। ਕੋਈ ਇਉਂ ਗਾਉਂਦਾ ਹੈ, ‘ਹਰੀ (ਸਰੀਰਾਂ ਵਿਚੋਂ) ਜਿੰਦਾਂ ਕੱਢ ਕੇ ਫਿਰ (ਦੂਜੇ ਸਰੀਰਾਂ ਵਿਚ) ਪਾ ਦੇਂਦਾ ਹੈ’।

ਇੱਥੇ ਸ਼ਬਦ ‘ਦੇਹ’ ਦਾ ‘ਹ’ ਪਹਿਲੀ ਤੁਕ ਦੇ ‘ਖੇਹ’ ਨਾਲ ਮਿਲਾਉਣ ਲਈ ਵਰਤਿਆ ਹੈ। ਉਂਞ ਸ਼ਬਦ ‘ਦੇਹ’ ਨਾਂਵ ਦਾ ਅਰਥ ਹੈ ‘ਸਰੀਰ’, ਜਿਵੇਂ ‘ਭਰੀਐ ਹਥੁ ਪੈਰੁ ਤਨੁ ਦੇਹ’। ਸ਼ਬਦ ‘ਦੇ’, ‘ਦੇਹਿ’ ਅਤੇ ‘ਦੇਹ’ ਨੂੰ ਚੰਗੀ ਤਰ੍ਹਾਂ ਸਮਝਣ ਲਈ ਜਪੁਜੀ ਵਿਚੋਂ ਹੇਠ ਲਿਖੀਆਂ ਤੁਕਾਂ ਦਿੱਤੀਆਂ ਜਾਂਦੀਆਂ ਹਨ: (1) ਦੇਂਦਾ ਦੇ ਲੈਦੇ ਥਕਿ ਪਾਹਿ। ਪਉੜੀ 3। (2) ਆਖਹਿ ਮੰਗਹਿ ਦੇਹਿ ਦੇਹਿ, ਦਾਤਿ ਕਰੇ ਦਾਤਾਰੁ।4। (3) ਗੁਰਾ ਇਕ ਦੇਹਿ ਬੁਝਾਈ।5। (4) ਨਾਨਕ ਨਿਰਗੁਣਿ ਗੁਣੁ ਕਰੇ ਗੁਣਵੰਤਿਆ ਗੁਣ ਦੇ।7। (5) ਭਰੀਐ ਹਥੁ ਪੈਰੁ ਤਨੁ ਦੇਹ। 20। (6) ਦੇ ਸਾਬੂਣੁ ਲਈਐ ਓਹੁ ਧੋਇ। 20। (7) ਆਪੇ ਜਾਣੈ ਆਪੇ ਦੇਇ। 25।

ਗਾਵੈ ਕੋ ਜਾਪੈ ਦਿਸੈ ਦੂਰਿ ॥ ਗਾਵੈ ਕੋ ਵੇਖੈ ਹਾਦਰਾ ਹਦੂਰਿ ॥

ਕੋਈ ਮਨੁੱਖ ਆਖਦਾ ਹੈ, ‘ਅਕਾਲ ਪੁਰਖ ਦੂਰ ਜਾਪਦਾ ਹੈ, ਦੂਰ ਦਿੱਸਦਾ ਹੈ’; ਪਰ ਕੋਈ ਆਖਦਾ ਹੈ, ‘(ਨਹੀਂ, ਨੇੜੇ ਹੈ) , ਸਭ ਥਾਈਂ ਹਾਜ਼ਰ ਹੈ, ਸਭ ਨੂੰ ਵੇਖ ਰਿਹਾ ਹੈ’।

ਕਥਨਾ ਕਥੀ ਨ ਆਵੈ ਤੋਟਿ ॥ ਕਥਿ ਕਥਿ ਕਥੀ ਕੋਟੀ ਕੋਟਿ ਕੋਟਿ ॥

ਕ੍ਰੋੜਾਂ ਹੀ ਜੀਵਾਂ ਨੇ ਬੇਅੰਤ ਵਾਰੀ (ਅਕਾਲ ਪੁਰਖ ਦੇ ਹੁਕਮ ਦਾ) ਵਰਣਨ ਕੀਤਾ ਹੈ, ਪਰ ਹੁਕਮ ਦੇ ਵਰਣਨ ਕਰਨ ਦੀ ਤੋਟ ਨਹੀਂ ਆ ਸਕੀ (ਭਾਵ, ਵਰਣਨ ਕਰ ਕਰ ਕੇ ਹੁਕਮ ਦਾ ਅੰਤ ਨਹੀਂ ਪੈ ਸਕਿਆ, ਹੁਕਮ ਦਾ ਸਹੀ ਸਰੂਪ ਨਹੀਂ ਲੱਭ ਸਕਿਆ)।(1) ਕੋਟਿ ਕਰਮ ਕਰੈ ਹਉ ਧਾਰੇ। ਸ੍ਰਮੁ ਪਾਵੈ ਸਗਲੇ ਬਿਰਥਾਰੇ।3।12। (ਸੁਖਮਨੀ ਕੋਟਿ ਖਤੇ ਖਿਨ ਬਖਸਨਹਾਰ।3। 30। (ਭੈਰਉ ਮ: 5), (2) ਲੰਕਾ ਸਾ ਕੋਟੁ ਸਮੁੰਦ ਸੀ ਖਾਈ।, (ਆਸਾ ਕਬੀਰ ਜੀ ਏਕੁ ਕੋਟਿ ਪੰਚ ਸਿਕਦਾਰਾ (ਸੂਹੀ ਕਬੀਰ ਜੀ), (3) ਕੋਟ = ਕਿਲ੍ਹੇ (ਨਾਂਵ, ਬਹੁ ਵਚਨ)। ਕੰਚਨ ਕੇ ਕੋਟ ਦਤੁ ਕਰੀ ਬਹੁ ਹੈਵਰ ਗੈਵਰ ਦਾਨੁ। (ਸਿਰੀ ਰਾਗ ਮ: 1)

ਦੇਦਾ ਦੇ ਲੈਦੇ ਥਕਿ ਪਾਹਿ ॥ ਜੁਗਾ ਜੁਗੰਤਰਿ ਖਾਹੀ ਖਾਹਿ ॥

ਦਾਤਾਰ ਅਕਾਲ ਪੁਰਖ (ਸਭ ਜੀਆਂ ਨੂੰ ਰਿਜ਼ਕ) ਦੇ ਰਿਹਾ ਹੈ, ਪਰ ਜੀਵ ਲੈ ਲੈ ਕੇ ਥੱਕ ਪੈਂਦੇ ਹਨ। (ਸਭ ਜੀਵ) ਸਦਾ ਤੋਂ ਹੀ (ਰੱਬ ਦੇ ਦਿੱਤੇ ਪਦਾਰਥ) ਖਾਂਦੇ ਚਲੇ ਆ ਰਹੇ ਹਨ।

ਹੁਕਮੀ ਹੁਕਮੁ ਚਲਾਏ ਰਾਹੁ ॥ ਨਾਨਕ ਵਿਗਸੈ ਵੇਪਰਵਾਹੁ ॥੩॥

ਹੁਕਮ ਵਾਲੇ ਰੱਬ ਦਾ ਹੁਕਮ ਹੀ (ਸੰਸਾਰ ਦੀ ਕਾਰ ਵਾਲਾ) ਰਸਤਾ ਚਲਾ ਰਿਹਾ ਹੈ। ਹੇ ਨਾਨਕ! ਉਹ ਨਿਰੰਕਾਰ ਸਦਾ ਵੇਪਰਵਾਹ ਹੈ ਤੇ ਪਰਸੰਨ ਹੈ। (ਭਾਵ, ਭਾਵੇਂ ਰੱਬ ਹਰ ਵੇਲੇ ਸੰਸਾਰ ਦੇ ਬੇਅੰਤ ਜੀਵਾਂ ਨੂੰ ਅਤੁੱਟ ਪਦਾਰਥ ਤੇ ਰਿਜ਼ਕ ਪਹੁੰਚਾ ਰਿਹਾ ਹੈ, ਪਰ ਏਡੀ ਵੱਡੀ ਕਾਰ ਨਾਲ ਉਸ ਨੂੰ ਕੋਈ ਘਬਰਾਹਟ ਨਹੀਂ ਹੈ। ਉਹ ਸਦਾ ਖਿੜਿਆ ਹੋਇਆ ਹੈ। ਉਸ ਨੂੰ ਏਡੇ ਵੱਡੇ ਪਸਾਰੇ ਵਿਚ ਖਚਿਤ ਨਹੀਂ ਹੋਣਾ ਪੈਂਦਾ। ਉਸ ਦੀ ਇਕ ਹੁਕਮ ਰੂਪ ਸੱਤਾ ਹੀ ਸਾਰੇ ਵਿਹਾਰ ਨੂੰ ਨਿਬਾਹ ਰਹੀ ਹੈ) ।3।

ਸੋ ਪ੍ਰਭੂ ਦੇ ਵੱਖੋ ਵੱਖਰੇ ਕੰਮ ਵੇਖ ਕੇ ਮਨੁੱਖ ਆਪੋ ਆਪਣੀ ਸਮਝ ਅਨੁਸਾਰ ਪ੍ਰਭੂ ਦੀ ਹੁਕਮ ਰੂਪ ਤਾਕਤ ਦਾ ਅੰਦਾਜ਼ਾ ਲਾਂਦੇ ਚਲੇ ਆ ਰਹੇ ਹਨ, ਪਰ ਕਿਸੇ ਪਾਸੋਂ ਮੁਕੰਮਲ ਅੰਦਾਜ਼ਾ ਲੱਗ ਨਹੀਂ ਸਕਿਆ। ਵੱਡ ਸਮਰਥ ਅਕਾਲ ਪੁਰਖ ਸਾਰੀਆਂ ਦਾਤਾਂ ਦਾ ਦਾਤਾਰ ਹੈ ਉਹ ਦਾਤਾਂ ਦਿੰਦਾਂ ਨਹੀਂ ਥੱਕਦਾ ਸਗੋਂ ਦਾਤਾਂ ਪ੍ਰਾਪਤ ਕਰਦਾ ਮਨੁੱਖ ਥੱਕ ਜਾਂਦਾ ਹੈ। ਸ਼ਬਦ ਵਿਚਾਰ ਅਗਲੀ ਲੜੀ ਵਿੱਚ ਜਪੁਜੀ ਸਾਹਿਬ ਦੀ ਚਉਥੀ ਪਉੜੀ ਦੀ ਵਿਚਾਰ ਕਰਾਂਗੇ। ਇਸ ਸਬੰਧੀ ਆਪ ਜੀ ਦਾ ਜੇ ਕੋਈ ਵਿਚਾਰ ਹੋਵੇ ਤਾਂ ਆਪ ਜੀ ਸਾਡੇ ਨਾਲ ਜ਼ਰੂਰ ਸ਼ਾਂਝਾ ਕਰੋ ਜੀ।

*gurdevsinghdr@gmail.com

Share this Article
Leave a comment