ਖਤਮ ਕਰਨਾ ਸੀ ਯੁੱਧ, ਪਰ ਆਪਸ ‘ਚ ਹੀ ਭਿੜ ਗਏ ਟਰੰਪ ਤੇ ਜ਼ੇਲੇਨਸਕੀ, ਬੀਤੀ ਰਾਤ ਕੀ ਹੋਇਆ ਹੁਣ ਜਿਸਦਾ ਪਵੇਗਾ ਵੱਡਾ ਅਸਰ

Global Team
4 Min Read

ਵਾਸ਼ਿੰਗਟਨ: ਓਵਲ ਆਫਿਸ ‘ਚ ਬੀਤੀ ਰਾਤ ਇੱਕ ਇਤਿਹਾਸਕ ਦ੍ਰਿਸ਼ ਦੇਖਣ ਨੂੰ ਮਿਲਿਆ, ਜੋ ਪਹਿਲਾਂ ਸ਼ਾਇਦ ਕਦੇ ਵੀ ਨਹੀਂ ਵਾਪਰਿਆ। ਸ਼ੁੱਕਰਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮੀਰ ਜ਼ੇਲੇਨਸਕੀ ਵਿਚਾਲੇ ਮੀਡੀਆ ਦੀ ਮੌਜੂਦਗੀ ‘ਚ ਤਿੱਖੀ ਬਹਿਸ ਹੋ ਗਈ। ਹਾਲਾਤ ਐਨੇ ਗੰਭੀਰ ਹੋ ਗਏ ਕਿ ਜ਼ੇਲੇਨਸਕੀ ਵ੍ਹਾਈਟ ਹਾਊਸ ਛੱਡ ਕੇ ਨਿਰਧਾਰਤ ਸਮੇਂ ਤੋਂ ਪਹਿਲਾਂ ਹੀ ਚਲੇ ਗਏ।

ਇੱਕ ਰਿਪੋਰਟ ਮੁਤਾਬਕ, ਅਮਰੀਕੀ ਅਧਿਕਾਰੀਆਂ ਨੇ ਦੱਸਿਆ ਕਿ ਤਕਰਾਰ ਤੋਂ  ਬਾਅਦ, ਜ਼ੇਲੇਨਸਕੀ ਨੂੰ ਵ੍ਹਾਈਟ ਹਾਊਸ ਛੱਡਣ ਲਈ ਕਿਹਾ ਗਿਆ। ਦੂਜੇ ਪਾਸੇ, ਟਰੰਪ ਜਿਸ “ਕ੍ਰਿਟਿਕਲ ਮਿਨਰਲਸ” ਦੀ ਡੀਲ ‘ਤੇ ਪੂਰਾ ਭਰੋਸਾ ਜਤਾ ਰਹੇ ਸਨ, ਉਹ ਸਮਝੌਤਾ ਹੁਣ ਤੈਅ ਨਹੀਂ ਹੋ ਸਕਿਆ।

ਇਸ ਘਟਨਾ ਨੇ ਯੂਕਰੇਨ ‘ਚ ਹੋਰ ਵਿਵਾਦ ਪੈਦਾ ਕਰਨ ਦੀ ਸੰਭਾਵਨਾ ਵਧਾ ਦਿੱਤੀ ਹੈ, ਨਾਲੇ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਟਰੰਪ ਲਈ ਵੀ ਇੱਕ ਵੱਡਾ ਝਟਕਾ ਹੈ, ਕਿਉਂਕਿ ਉਹ ਇਸ ਡੀਲ ਨੂੰ ਜਲਦੀ ਫਾਈਨਲ ਕਰਨਾ ਚਾਹੁੰਦੇ ਸਨ।

ਕੀ ਹੋਇਆ ਬੈਠਕ ‘ਚ?

ਸ਼ੁਰੂਆਤ ਵਿੱਚ ਗੱਲਬਾਤ ਆਮ ਢੰਗ ਨਾਲ ਹੋਈ, ਪਰ ਹਾਲਾਤ  ਉਸ  ਵੇਲੇ ਵੱਖਰੇ ਹੋਣ ਲੱਗੇ, ਜਦੋਂ ਇੱਕ ਪੱਤਰਕਾਰ ਨੇ ਜ਼ੇਲੇਨਸਕੀ ਤੋਂ ਪੁੱਛਿਆ ਕਿ ਉਹ ਸੂਟ ਪਹਿਨ ਕੇ ਕਿਉਂ ਨਹੀਂ ਆਏ।

ਟਰੰਪ ਨੇ ਹਾਸੇ-ਮਜ਼ਾਕ ‘ਚ ਕਿਹਾ ਕਿ ਉਨ੍ਹਾਂ ਨੂੰ ਜ਼ੇਲੇਨਸਕੀ ਦੇ ਕੱਪੜੇ ਪਸੰਦ ਹਨ। ਪਰ ਜ਼ੇਲੇਨਸਕੀ ਨੇ ਗੰਭੀਰ ਲਹਿਜ਼ੇ ‘ਚ ਜਵਾਬ ਦਿੱਤਾ ਕਿ ਉਹ ਇੱਥੇ ਜ਼ਿਆਦਾ ਗੰਭੀਰ ਮੁੱਦਿਆਂ ‘ਤੇ ਗੱਲਬਾਤ ਕਰਨ ਆਏ ਹਨ।

ਅਗਲੇ 20 ਮਿੰਟਾਂ ‘ਚ ਬਹਿਸ ਹੋਰ ਤੇਜ਼ ਹੋ ਗਈ, ਜਦ ਜ਼ੇਲੇਨਸਕੀ ਨੇ ਜਵਾਬਦੇਹੀ ਤੈਅ ਕਰਨ ‘ਤੇ ਜ਼ੋਰ ਦਿੱਤਾ। ਟਰੰਪ ਨੇ ਬਾਰ-ਬਾਰ ਦੋਹਰਾਇਆ ਕਿ ਜੇਕਰ ਇਹ ਡੀਲ ਹੋ ਜਾਂਦੀ ਹੈ, ਤਾਂ ਰੂਸ ਮੁੜ ਹਮਲਾ ਨਹੀਂ ਕਰੇਗਾ। ਪਰ ਜ਼ੇਲੇਨਸਕੀ ਨੇ ਇਸ ‘ਤੇ ਅਸੰਤੁਸ਼ਟੀ ਜਤਾਈ ਅਤੇ ਯੂਕਰੇਨ ਦੀ ਸੁਰੱਖਿਆ ਦੀ ਪੱਕੀ ਗਰੰਟੀ ਮੰਗਣ ਲੱਗੇ।

ਬਹਿਸ ਕਿਉਂ ਹੋਈ ਹੋਰ ਤੇਜ਼?

ਹਾਲਾਤ ਹੋਰ ਗੰਭੀਰ ਹੋਏ, ਜਦ ਅਮਰੀਕੀ ਸੈਨੇਟਰ ਜੇਡੀ ਵੈਂਸ ਨੇ ਦਲੀਲ ਦਿੱਤੀ ਕਿ ਟਰੰਪ “ਡਿਪਲੋਮੇਸੀ” ਰਾਹੀਂ ਸਥਿਤੀ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਹਨ। ਜ਼ੇਲੇਨਸਕੀ ਨੇ ਤਿੱਖੇ ਸ਼ਬਦਾਂ ‘ਚ ਜਵਾਬ ਦਿੰਦਿਆਂ ਆਖਿਆ,  “2014 ਤੋਂ ਹੁਣ ਤੱਕ, ਅਮਰੀਕਾ ਨੇ ਯੂਕਰੇਨ ਦੀ ਸਹਾਇਤਾ ਲਈ ਕੋਈ ਗੰਭੀਰ ਕਦਮ ਨਹੀਂ ਚੁੱਕਿਆ। ਜੇਡੀ ਵੈਂਸ ਹੁਣ ਕਿਸ ਡਿਪਲੋਮੇਸੀ ਦੀ ਗੱਲ ਕਰ ਰਹੇ ਹਨ?”

ਗੱਲਬਾਤ ਆਖਰੀ 10 ਮਿੰਟਾਂ ਵਿੱਚ ਤਿੱਖੀ ਬਹਿਸ ‘ਚ ਤਬਦੀਲ ਹੋ ਗਈ, ਜਿਸ ‘ਚ ਇਹ ਸਾਫ਼ ਹੋ ਗਿਆ ਕਿ ਹੁਣ ਕੋਈ ਵੀ ਡੀਲ ਨਹੀਂ ਹੋਵੇਗੀ।

ਜ਼ੇਲੇਨਸਕੀ ਨੇ ਟਰੰਪ ਦੀ ਨੀਤੀ ‘ਤੇ ਤਿੱਖੀ ਟਿੱਪਣੀ ਕਰਦਿਆਂ ਆਖਿਆ,  “ਅਮਰੀਕਾ ਹੁਣ ਤੱਕ ਰੂਸ ਦੇ ਪ੍ਰਭਾਵ ਨੂੰ ਮਹਿਸੂਸ ਨਹੀਂ ਕਰ ਰਿਹਾ, ਪਰ ਭਵਿੱਖ ਵਿੱਚ ਕਰੇਗਾ।” ਇਸ ਤੋਂ ਬਾਅਦ ਦੋਵਾਂ ਨੇਤਾਵਾਂ ਆਪਸੀ ਦੋਸ਼ ਲਾਉਣ ਅਤੇ ਇੱਕ-ਦੂਜੇ ਦੀ ਗੱਲ ‘ਚ ਕੱਟਣ ਲੱਗ ਪਏ।

ਬਹਿਸ ਦੇ ਅੰਤ ਵਿੱਚ, ਟਰੰਪ ਨੇ ਕਿਹਾ,  “ਇਸ ਤਰੀਕੇ ਨਾਲ ਤੁਸੀਂ (ਜ਼ੇਲੇਨਸਕੀ) ਜਿੱਤ ਨਹੀਂ ਸਕਦੇ। ਤੁਹਾਡੇ ਕੋਲ ਸਾਡੀ ਮਦਦ ਨਾਲ ਵਾਪਸ ਆਉਣ ਦਾ ਮੌਕਾ ਹੈ।” ਜ਼ੇਲੇਨਸਕੀ ਨੇ ਇਸ ‘ਤੇ ਤਿੱਖਾ ਜਵਾਬ ਦਿੱਤਾ, “ਅਸੀਂ ਇਕੱਲੇ ਹੀ ਲੜ ਰਹੇ ਹਾਂ!”

ਕੀ ਹੋ ਸਕਦੇ ਹਨ ਇਸ ਤਣਾਅ ਦੇ ਪ੍ਰਭਾਵ?

ਯੂਕਰੇਨ ‘ਚ ਜੰਗ ਹੋਰ ਵਧਣ ਦਾ ਖਤਰਾ।
ਯੂਰੋਪੀਅਨ ਦੇਸ਼ ਯੂਕਰੇਨ ਦੇ ਹੱਕ ‘ਚ ਖੜ੍ਹ ਰਹੇ ਹਨ, ਜਿਸ ਨਾਲ ਹੋਰ ਅਣਿਸ਼ਚਿਤਤਾ ਵਧ ਸਕਦੀ ਹੈ।
ਡੀਲ ਫੇਲ੍ਹ ਹੋਣ ਕਰਕੇ ਅਮਰੀਕੀ ਸ਼ੇਅਰ ਮਾਰਕਿਟ ‘ਚ ਆਰੰਭਕ ਗਿਰਾਵਟ ਹੋਈ, ਪਰ ਵਪਾਰ ਦੇ ਅੰਤ ‘ਚ ਮਾਰਕਿਟ ਮੁੜ ਸੰਭਲ ਗਈ।

ਟਰੰਪ ਨੇ ਟਵੀਟ ਕਰ ਲਿਖਿਆ,  ‘ ਅਸੀਂ ਸ਼ਾਂਤੀ ਚਾਹੁੰਦੇ ਹਾਂ, ਪਰ ਜ਼ੇਲੇਨਸਕੀ ਸ਼ਾਂਤੀ-ਵਾਰqw ‘ਚ ਅਮਰੀਕਾ ਦੀ ਭੂਮਿਕਾ ਨੂੰ ਮਨਜ਼ੂਰ ਨਹੀਂ ਕਰ ਰਹੇ। ਜੇਕਰ ਉਹ ਸਹਿਮਤੀ ‘ਚ ਆਉਂਦੇ ਹਨ, ਤਾਂ ਮੁੜ ਗੱਲਬਾਤ ਹੋ ਸਕਦੀ ਹੈ।’

ਜ਼ੇਲੇਨਸਕੀ ਨੇ ਵੀ ਆਪਣੇ ਬਿਆਨ ‘ਚ ਕਿਹਾ  ‘ਮਤਭੇਦ ਦੋਵਾਂ ਪਾਸਿਆਂ ਲਈ ਫ਼ਾਇਦੇਮੰਦ ਨਹੀਂ’

 

Share This Article
Leave a Comment