ਅਮਰੀਕਾ ‘ਚ ਹਜ਼ਾਰਾਂ ਭਾਰਤੀ ਹੋਏ ਬੇਰੁਜ਼ਗਾਰ, 2 ਮਹੀਨੇ ਅੰਦਰ ਨੌਕਰੀ ਨਾਂ ਮਿਲਣ ‘ਤੇ ਛੱਡਣਾ ਪਵੇਗਾ ਮੁਲਕ

Prabhjot Kaur
2 Min Read

ਵਾਸ਼ਿੰਗਟਨ: ਅਮਰੀਕਾ ‘ਚ ਹਜ਼ਾਰਾਂ ਭਾਰਤੀ ਬੇਰੁਜ਼ਗਾਰ ਹੋ ਚੁੱਕੇ ਹਨ ਅਤੇ ਜੇਕਰ ਉਨ੍ਹਾਂ ਨੂੰ 60 ਦਿਨਾਂ ਦੇ ਅੰਦਰ ਨਵੀਂ ਨੌਕਰੀ ਨਾਂ ਮਿਲੀ ਤਾਂ ਉਹ ਮੁਲਕ ਛੱਡਣ ਲਈ ਮਜਬੂਰ ਹੋ ਜਾਣਗੇ। ਬੀਤੇ ਸਾਲ ਨਵੰਬਰ ਤੋਂ ਹੁਣ ਤੱਕ ਗੂਗਲ, ਮਾਈਕਰੋਸਾਫ਼ਟ ਅਤੇ ਐਮਾਜ਼ੋਨ ਸਣੇ ਕਈ ਕੰਪਨੀਆਂ 2 ਲੱਖ ਕਾਮਿਆਂ ਨੂੰ ਹਟਾ ਚੁੱਕੀਆਂ ਹਨ ਅਤੇ ਇਨ੍ਹਾਂ ‘ਚੋਂ ਵੱਡੀ ਗਿਣਤੀ ਭਾਰਤੀਆਂ ਦੀ ਹੈ ਜੋ ਐਚ-1ਬੀ ਅਤੇ ਐਲ-1 ਵੀਜ਼ਿਆਂ ‘ਤੇ ਅਮਰੀਕਾ ਪੁੱਜੇ ਸਨ।

ਇੱਕ ਰਿਪੋਰਟ ਮੁਤਾਬਕ ਨੌਕਰੀ ਤੋਂ ਹਟਾਏ ਗਏ ਆਈ.ਟੀ. ਕਾਮਿਆਂ ‘ਚੋਂ 30 ਤੋਂ 40 ਫ਼ੀਸਦੀ ਭਾਰਤੀ ਹਨ ਅਤੇ ਨਵੀਂ ਨੌਕਰੀ ਲੱਭਣ ਲਈ ਇਨ੍ਹਾਂ ਕੋਲ ਜ਼ਿਆਦਾ ਸਮਾਂ ਨਹੀਂ ਹੈ। ਸਿਰਫ਼ ਤਿੰਨ ਹਫ਼ਤੇ ਪਹਿਲਾਂ ਭਾਰਤ ਤੋਂ ਅਮਰੀਕਾ ਆਈ ਗੀਤਾ ਨੂੰ ਐਮਾਜ਼ੋਨ ਨੂੰ ਨੌਕਰੀ ਤੋਂ ਜਵਾਬ ਮਿਲ ਗਿਆ ਹੈ ਅਤੇ ਉਸ ਨੂੰ ਮਿਲੀ ਈਮੇਲ ਮੁਤਾਬਕ 20 ਮਾਰਚ, ਕੰਪਨੀ ‘ਚ ਉਸ ਦਾ ਆਖਰੀ ਦਿਨ ਹੋਵੇਗਾ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦੋਂ ਵੱਡੀਆਂ-ਵੱਡੀਆਂ ਆਈ.ਟੀ. ਕੰਪਨੀਆਂ ਕਾਮਿਆਂ ਨੂੰ ਨੌਕਰੀ ਤੋਂ ਹਟਾ ਰਹੀਆਂ ਹਨ ਤਾਂ ਉਨ੍ਹਾਂ ਨੂੰ ਨਵੀਂ ਨੌਕਰੀ ਕੌਣ ਦੇਵੇਗਾ। ਗੀਤਾ ਕੋਲ ਚਾਹੇ ਦੋ ਮਹੀਨੇ ਦੀ ਨੌਕਰੀ ਬਾਕੀ ਹੈ ਪਰ ਇਸ ਤੋਂ ਬਾਅਦ ਨਵੇਂ ਸਿਰੇ ਤੋਂ ਰੁਜ਼ਗਾਰ ਹਾਸਲ ਕਰਨਾ ਬਹੁਤ ਮੁਸ਼ਕਲ ਹੋਵੇਗਾ ਕਿਉਂਕਿ ਆਰਥਿਕ ਮਾਹਰ ਅਮਰੀਕਾ ਅਤੇ ਕੈਨੇਡਾ ‘ਚ ਆਰਥਿਕ ਮੰਦੀ ਦੀ ਪੇਸ਼ੀਨਗੋਈ ਕਰ ਰਹੇ ਹਨ।

ਇਕ ਹੋਰ ਭਾਰਤੀ ਔਰਤ ਨੂੰ ਮਾਈਕਰੋਸਾਫ਼ਟ ਨੇ 18 ਜਨਵਰੀ ਨੂੰ ਨੌਕਰੀ ਤੋਂ ਹਟਾ ਦਿੱਤਾ। ਉਨ੍ਹਾਂ ਦਾ ਪੁੱਤਰ ਹਾਈ ਸਕੂਲ ਤੋਂ ਕਾਲਜ ‘ਚ ਦਾਖ਼ਲਾ ਲੈਣ ਦੀ ਤਿਆਰੀ ਕਰ ਰਿਹਾ ਹੈ ਅਤੇ ਅਜਿਹੇ ‘ਚ ਨੌਕਰੀ ਖੁੱਸਣੀ ਇਸ ਇਕੱਲੀ ਮਾਂ ਵਾਸਤੇ ਵੱਡੀ ਤਰਾਸਦੀ ਤੋਂ ਘੱਟ ਨਹੀਂ। ਮੀਡੀਆ ਨਾਲ ਗੱਲਬਾਤ ਕਰਦਿਆਂ ਉਸ ਨੇ ਕਿਹਾ ਕਿ ਨਵਾਂ ਸਾਲ ਵੱਡੀਆਂ ਮੁਸ਼ਕਲਾਂ ਲੈ ਕੇ ਆਇਆ ਹੈ। ਉੱਥੇ ਹੀ ਇਨਫ਼ਾਰਮੇਸ਼ਨ ਅਤੇ ਟੈਕਨਾਲੋਜੀ ਸੈਕਟਰ ਦੇ ਹਜ਼ਾਰਾਂ ਮੁਲਾਜ਼ਮ ਵਿਹਲੇ ਹੋ ਚੁੱਕੇ ਹਨ। ਅਮਰੀਕਾ ਵਿਚ ਕੱਚੇ ਤੌਰ ‘ਤੇ ਰਹਿ ਰਹੇ ਮੁਲਾਜ਼ਮਾਂ ਲਈ ਹਾਲਾਤ ਹੋਰ ਮਾੜੇ ਹੁੰਦੇ ਜਾ ਰਹੇ ਹਨ। ਉੱਥੇ ਹੀ ਗਰੀਨ ਕਾਰਡ ਦੀ ਕਤਾਰ ‘ਚ ਲੱਗੇ ਭਾਰਤੀ ਕਾਮੇ ਦੂਹਰੀ ਮੁਸ਼ਕਲ ‘ਚ ਫਸ ਗਏ ਜਦੋਂ ਗੂਗਲ ਨੇ ਸਾਫ਼ ਸ਼ਬਦਾ ‘ਚ ਕਹਿ ਦਿੱਤਾ ਕਿ ਇਮੀਗ੍ਰੇਸ਼ਨ ਅਰਜ਼ੀ ਅੱਗੇ ਵਧਾਉਣ ‘ਚ ਕੰਪਨੀ ਕੋਈ ਮਦਦ ਨਹੀਂ ਕਰੇਗੀ।

Share this Article
Leave a comment