ਨਿਊਜ਼ ਡੈਸਕ: ਥਾਈਲੈਂਡ ਵਿੱਚ ਇੱਕ ਲਗਜ਼ਰੀ ਵਿਲਾ ਦੇ ਬਾਹਰ ਗੋਲੀ ਮਾਰ ਕੇ ਇਕ ਗੈਂਗਸਟਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਸੀਸੀਟੀਵੀ ਫੁਟੇਜ ‘ਚ ਦੇਖਿਆ ਜਾ ਸਕਦਾ ਹੈ ਕਿ ਜਿੰਮੀ ਸਲਾਈਸ ਸੰਧੂ (30) ਨੂੰ ਤਿੰਨ ਵਿਅਕਤੀਆਂ ਵਲੋਂ ਗੋਲੀਆਂ ਮਾਰੀਆਂ ਗਈਆਂ ਜਦੋਂ ਉਹ ਆਪਣੇ ਘਰ ਪਹੁੰਚਿਆ ਸੀ।
ਸੰਧੂ ਜੋ ਕਿ ਕਥਿਤ ਤੌਰ ‘ਤੇ ਕੈਨੇਡੀਅਨ ਗੈਂਗ ਦਾ ਹਿੱਸਾ ਸੀ, ਨੂੰ ਛੇ ਸਾਲ ਪਹਿਲਾਂ ਵੈਨਕੂਵਰ, ਬ੍ਰਿਟਿਸ਼ ਕੋਲੰਬੀਆ ਤੋਂ ‘ਗੰਭੀਰ ਅਪਰਾਧ’ ਲਈ ਦੇਸ਼ ਨਿਕਾਲਾ ਦਿੱਤਾ ਗਿਆ ਸੀ।
ਉਸ ਨੂੰ ਕਥਿਤ ਤੌਰ ‘ਤੇ ਗੈਂਗਲੈਂਡ ਗੋਲੀਬਾਰੀ ਵਿਚ ਨਿਸ਼ਾਨਾ ਬਣਾਇਆ ਗਿਆ ਸੀ ਅਤੇ ਵਿਲਾ ਦੇ ਬਾਹਰ ਸ਼ੁੱਕਰਵਾਰ ਰਾਤ 10.30 ਵਜੇ ਦੇ ਕਰੀਬ ਗੋਲੀ ਮਾਰ ਦਿੱਤੀ ਗਈ ਸੀ।ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮਾਮਲੇ ਦੀ ਸ਼ੁਰੂਆਤੀ ਜਾਂਚ ਲਈ ਪੁਲਿਸ ਵੱਲੋਂ ਸ਼ਨੀਵਾਰ ਨੂੰ ਲਗਜ਼ਰੀ ਕੰਪਾਊਂਡ ਦੀ ਤਲਾਸ਼ੀ ਲਈ ਗਈ । ਇਸ ਸਬੰਧੀ ਪੁਲਿਸ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਪਛਾਣ ਦੋ ਨਾਵਾਂ – ਮਨਦੀਪ ਸਿੰਘ ਅਤੇ ਅਮਰਜੀਤ ਸਿੰਘ ਸਿੰਧੂ ਦੇ ਨਾਂ ਨਾਲ ਹੋਈ ਸੀ ।ਪਰ ਕਈ ਸੂਤਰਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਅਸਲ ਵਿੱਚ ਇਹ ਸੰਧੂ ਹੀ ਸੀ ਜੋ ਨਿਸ਼ਾਨਾ ਬਣਾਇਆ ਗਿਆ ਸੀ।
ਦੱਸ ਦੇਈਏ ਕਿ ਸੰਧੂ ਦਾ ਜਨਮ ਭਾਰਤ ਵਿੱਚ ਹੋਇਆ ਸੀ ਅਤੇ ਉਹ ਸੱਤ ਸਾਲ ਦੀ ਉਮਰ ਵਿੱਚ ਕੈਨੇਡਾ ਚਲਾ ਗਿਆ ਸੀ । ਗੈਂਗ ਲਾਈਫ ਵਿੱਚ ਫਸਣ ਅਤੇ 2010 ਅਤੇ 2012 ਵਿੱਚ ਗੰਭੀਰ ਹਮਲਿਆਂ ਦਾ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਉਸਨੂੰ ਡਿਪੋਰਟ ਕਰ ਦਿੱਤਾ ਗਿਆ ਸੀ । ਆਪਣੀ 2015 ਦੀ ਇਮੀਗ੍ਰੇਸ਼ਨ ਸੁਣਵਾਈ ਦੌਰਾਨ, ਸੰਧੂ ਨੇ ਕੈਨੇਡਾ ਵਿੱਚ ਰਹਿਣ ਦੇ ਇੱਕ ਹੋਰ ਮੌਕੇ ਦੀ ਬੇਨਤੀ ਕੀਤੀ ਅਤੇ ਕਿਹਾ ਕਿ ਉਸਨੇ ਆਪਣੇ ਤਰੀਕੇ ਬਦਲ ਲਏ ਹਨ । ਪਰ ਬੋਰਡ ਅਧਿਕਾਰੀ ਇਸ ਗੱਲ ‘ਤੇ ਯਕੀਨ ਨਾ ਕਰਦਿਆਂ ਉਸ ਨੂੰ ਡਿਪੋਰਟ ਕਰਨ ਦਾ ਹੁਕਮ ਦੇ ਦਿੱਤਾ ਸੀ ।