ਨਵੀਂ ਦਿੱਲੀ : ਦੁਨੀਆਂ ‘ਚ ਕਈ ਤਰ੍ਹਾਂ ਦੇ ਇਨਸਾਨ ਹਨ ਤੇ ਹਰ ਕਿਸੇ ਦਾ ਖਾਣ ਪੀਣ ਦਾ ਆਪਣਾ ਆਪਣਾ ਸਵਾਦ ਹੈ। ਕੋਈ ਮਿੱਠਾ ਖਾਣ ਦਾ ਸ਼ੌਕੀਨ ਹੈ ਤੇ ਕੋਈ ਕੌੜਾ ਪਰ ਜਿਸ ਮਹਿਲਾ ਬਾਰੇ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਸ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਂਗੇ। ਦਰਅਸਲ ਇਹ ਮਹਿਲਾ ਇਸ ਲਈ ਹੋਰਾਂ ਤੋਂ ਵੱਖਰੀ ਹੈ ਕਿਉਂਕਿ ਇਹ ਭੁੱਖ ਲੱਗਣ ‘ਤੇ ਆਮ ਇਨਸਾਨਾਂ ਵਾਂਗ ਖਾਣ ਪੀਣ ਵਾਲੀਆਂ ਵਸਤਾਂ ਨਹੀਂ ਖਾਂਦੀ ਬਲਕਿ ਸੋਨੇ ਚਾਂਦੀ ਦੇ ਗਹਿਣੇ ਜਾਂ ਫਿਰ ਸਿੱਕੇ ਖਾਂਦੀ ਹੈ। ਜੀ ਹਾਂ ਇਹ ਬਿਲਕੁਲ ਸੱਚ ਹੈ, ਤੇ ਇਸ ਦਾ ਖੁਲਾਸਾ ਉਦੋਂ ਹੋਇਆ ਜਦੋਂ ਇਹ ਸੋਨਾ, ਚਾਂਦੀ ਤੇ ਸਿੱਕੇ ਖਾਣ ਵਾਲੀ ਮਹਿਲਾ ਬਿਮਾਰ ਹੋਈ ਤੇ ਉਸ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ, ਜਿੱਥੇ ਡਾਕਟਰਾਂ ਨੇ ਆਪ੍ਰੇਸ਼ਨ ਕਰਕੇ ਉਸ ਦੇ ਢਿੱਡ ਵਿੱਚੋਂ ਇਹ ਸਾਰਾ ਸਮਾਨ ਬਾਹਰ ਕੱਢਿਆ ਹੈ।
ਦਰਅਸਲ ਇਹ ਮਾਮਲਾ ਹੈ ਪੱਛਮੀ ਬੰਗਾਲ ਦੇ ਰਾਮਪੁਰਹਾਟ ਜਿਲ੍ਹੇ ਦਾ, ਜਿੱਥੇ ਇਸ ਔਰਤ ਦੀ ਮਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਔਰਤ ਮਾਨਸਿਕ ਤੌਰ ‘ਤੇ ਬਿਮਾਰ ਸੀ ਤੇ ਅਕਸਰ ਹੀ ਆਪਣੇ ਭਰਾ ਦੀ ਦੁਕਾਨ ‘ਚੋਂ ਸਿੱਕੇ ਚੁੱਕ ਕੇ ਖਾ ਜਾਇਆ ਕਰਦੀ ਸੀ। ਔਰਤ ਦੀ ਮਾਂ ਅਨੁਸਾਰ ਪਿਛਲੇ 2 ਮਹੀਨਿਆਂ ਤੋਂ ਉਸ ਦੀ ਧੀ ਦੀ ਸਿਹਤ ਠੀਕ ਨਹੀਂ ਰਹਿ ਰਹੀ ਸੀ ਜਿਸ ਕਾਰਨ ਉਨ੍ਹਾਂ ਨੇ ਉਸ ਦਾ ਕਈ ਪ੍ਰਾਈਵੇਟ ਹਸਪਤਾਲਾਂ ‘ਚ ਚੈਕ ਕਰਵਾਇਆ ਪਰ ਉਸ ਦੀ ਸਿਹਤ ਠੀਕ ਨਹੀਂ ਹੋਈ ਅਤੇ ਹੁਣ ਉਸ ਨੂੰ ਜਦੋਂ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਤਾਂ ਇਸ ਗੱਲ ਦਾ ਖੁਲਾਸਾ ਹੋਇਆ ਹੈ।
ਇੱਧਰ ਜਿਲ੍ਹੇ ਦੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਸਰਜਰੀ ਵਿਭਾਗ ਦੇ ਮੁਖੀ ਸਿਧਾਰਥ ਵਿਸਵਾਸ ਨੇ ਦੱਸਿਆ ਕਿ ਜਿੱਥੇ ਇਸ ਔਰਤ ਦੇ ਪੇਟ ਵਿੱਚੋਂ 5 ਅਤੇ 10 ਰੁਪਏ ਦੇ 90 ਸਿੱਕੇ ਬਾਹਰ ਕੱਢੇ ਗਏ ਹਨ ਉੱਥੇ ਹੀ 1.5 ਕਿੱਲੋ ਦੇ ਕਰੀਬ ਸੋਨੇ ਚਾਂਦੀ ਦੇ ਨੱਕ, ਕੰਨ ਦੇ ਗਹਿਣੇ ਵੀ ਬਾਹਰ ਕੱਢੇ ਗਏ ਹਨ। ਡਾਕਟਰਾਂ ਦਾ ਵੀ ਕਹਿਣਾ ਹੈ ਕਿ ਇਹ ਔਰਤ ਮਾਨਸਿਕ ਤੌਰ ‘ਤੇ ਸਹੀ ਨਹੀਂ ਹੈ।