ਖੇੜੀ ਗੰਡਿਆਂ ਤੋਂ ਲਾਪਤਾ ਹੋਏ ਬੱਚਿਆਂ ਵਿੱਚੋਂ ਇੱਕ ਦੀ ਮਿਲੀ ਲਾਸ਼?

TeamGlobalPunjab
2 Min Read

ਪਟਿਆਲਾ : ਇਸ ਵੇਲੇ ਦੀ ਵੱਡੀ ਖ਼ਬਰ ਸਰਾਲਾ ਤੋਂ ਆ ਰਹੀ ਹੈ। ਜਿੱਥੇ ਪੁਲਿਸ ਨੂੰ ਨਰਵਾਣਾ ਬਰਾਂਚ ਨਹਿਰ ਦੇ ਸਰਾਲਾ ਹੈੱਡ ਤੋਂ ਇੱਕ ਬੱਚੇ ਦੀ ਲਾਸ਼ ਬਰਾਮਦ ਹੋਈ ਹੈ। ਇਸ ਲਾਸ਼ ਬਾਰੇ ਪੁਲਿਸ ਨੂੰ ਸ਼ੱਕ ਹੈ, ਕਿ ਇਹ ਲਾਸ਼ ਪਿੰਡ ਖੇੜੀ ਗੰਡਿਆਂ ‘ਚੋਂ ਬੀਤੇ ਸੋਮਵਾਰ ਨੂੰ ਲਾਪਤਾ ਹੋਏ 2 ਬੱਚਿਆਂ ਵਿੱਚੋਂ ਇੱਕ ਬੱਚੇ ਦੀ ਹੋ ਸਕਦੀ ਹੈ। ਪੁਲਿਸ ਵੱਲੋਂ ਇਸ ਦੀ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਇਸ ਲਈ ਲਾਸ਼ ਦੀ ਸਨਾਖ਼ਤ ਕਰਾਉਣ ਲਈ ਗੁੰਮ ਹੋਏ ਬੱਚਿਆਂ ਦੇ ਮਾਤਾ-ਪਿਤਾ ਨੂੰ ਵੀ ਬੁਲਾਇਆ ਗਿਆ ਹੈ।

ਇੱਧਰ ਦੂਜੇ ਪਾਸੇ ਗਲੋਬਲ ਪੰਜਾਬ ਦੇ ਟੀ.ਵੀ ਦੇ ਪੱਤਰਕਾਰ ਕ੍ਰਿਸ਼ਨ ਸਿੰਘ ਨੇ ਜਦੋਂ ਗੁੰਮ ਹੋਏ ਬੱਚਿਆਂ ਦੇ ਪਿਤਾ ਦਿਦਾਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਸ ਦਾ ਭਰਾ ਸਰਾਲਾ ਹੈੱਡ ‘ਤੇ ਬੱਚੇ ਦੀ ਲਾਸ਼ ਦੀ ਸਨਾਖ਼ਤ ਕਰਨ ਗਿਆ ਸੀ, ਪਰ ਉਹ ਲਾਸ਼ ਉਨ੍ਹਾਂ ਦੇ ਬੱਚੇ ਦੀ ਨਹੀਂ ਸੀ।

ਦੱਸਣਯੋਗ ਹੈ ਕਿ ਬੀਤੇ ਸੋਮਵਾਰ ਰਾਤ 9 ਵਜੇ ਦੇ ਕਰੀਬ ਦੁਕਾਨ ‘ਤੇ ਕੋਲਡਰਿੰਕ ਲੈਣ ਗਏ ਸਨ, ਪਰ ਵਾਪਸ ਨਹੀਂ ਆਏ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੀ ਭਾਲ ਕੀਤੀ। ਜਦੋਂ ਇਹ ਬੱਚੇ ਨਾ ਮਿਲੇ ਤਾਂ ਪਰਿਵਾਰਕ ਮੈਂਬਰਾਂ ਨੇ ਇਹ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਸੀ। ਇਸ ਤੋਂ ਬਾਅਦ ਬੱਚਾ ਨਾ ਮਿਲਣ ‘ਤੇ ਪਰਿਵਾਰਕ ਮੈਂਬਰਾਂ ਵੱਲੋਂ ਪਿੰਡ ਵਾਲਿਆਂ ਨਾਲ ਮਿਲ ਕੇ ਮੰਗਲਵਾਰ ਨੂੰ ਰਾਜਪੁਰਾ ਪਟਿਆਲਾ ਰੋਡ ‘ਤੇ ਧਰਨਾ ਦਿੱਤਾ ਸੀ ਅਤੇ ਪੁਲਿਸ ਅਧਿਕਾਰੀਆਂ ਵੱਲੋਂ ਬੱਚੇ ਲੱਭ ਲੈਣ ਦਾ ਭਰੋਸਾ ਦੇਣ ਤੋਂ ਬਾਅਦ ਪਰਿਵਾਰਕ ਮੈਬਰਾਂ ਨੇ ਇਹ ਧਰਨਾ ਚੁੱਕਿਆ ਸੀ।

Share this Article
Leave a comment