ਚੰਡੀਗੜ੍ਹ: ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ: ਬਲਬੀਰ ਸਿੰਘ ਨੇ ਮੀਡੀਆ ਨੂੰ ਲੋਕਤੰਤਰ ਦਾ ਚੌਥਾ ਥੰਮ੍ਹ ਦੱਸਦਿਆਂ ਕਿਹਾ ਕਿ CM ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਅਜਿਹਾ ਮਾਹੌਲ ਪ੍ਰਦਾਨ ਕੀਤਾ ਹੈ, ਜਿੱਥੇ ਪੱਤਰਕਾਰ ਖੁੱਲ੍ਹ ਕੇ ਕੰਮ ਕਰਦਿਆਂ ਬਿਨਾਂ ਕਿਸੇ ਬਾਹਰੀ ਦਖ਼ਲ ਦੇ ਆਪਣੀ ਨੈਤਿਕ ਜ਼ਿੰਮੇਵਾਰੀ ਨਿਭਾਅ ਸਕਦੇ ਹਨ। ਉਨ੍ਹਾਂ ਕਿਹਾ , ‘‘ਇਹ ਮੀਡੀਆ ਹੀ ਹੈ ਜੋ ਜਮਹੂਰੀਅਤ ਦੀਆਂ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਲਈ ਵਿਧਾਨ ਮੰਡਲ, ਕਾਰਜਪਾਲਿਕਾ ਅਤੇ ਨਿਆਂਪਾਲਿਕਾ ’ਤੇ ਵੀ ਬਾਜ਼ ਅੱਖ ਰੱਖਦਾ ਹੈ।’’
ਇੱਥੇ ਮਗਸੀਪਾ ਵਿਖੇ ਚੰਡੀਗੜ੍ਹ-ਪੰਜਾਬ ਯੂਨੀਅਨ ਆਫ ਜਰਨਲਿਸਟਸ (ਸੀ.ਪੀ.ਯੂ.ਜੇ.)ਦੇ 24ਵੇਂ ਸੂਬਾਈ ਸਾਲਾਨਾ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਸਿਹਤ ਮੰਤਰੀ ਵੱਲੋਂ ਇੱਕ ਸੋਵੀਨਾਰ ਵੀ ਰਿਲੀਜ਼ ਕੀਤਾ ਗਿਆ। ਸੀ.ਪੀ.ਯੂ.ਜੇ.ਭਾਰਤੀ ਪੱਤਰਕਾਰ ਯੂਨੀਅਨ ਤੋਂ ਪ੍ਰਮਾਨਿਤ ਹੈ।
ਚੰਡੀਗੜ੍ਹ-ਪੰਜਾਬ ਯੂਨੀਅਨ ਆਫ਼ ਜਰਨਲਿਸਟ ਦੇ 24ਵੇਂ ਸੂਬਾਈ ਸਾਲਾਨਾ ਸਮਾਗਮ ਦਾ ਉਦਘਾਟਨ ਕਰਨ ਉਪਰੰਤ ਉਨ੍ਹਾਂ ਕਿਹਾ ਕਿ ਸਮਾਜ ਵਿੱਚੋਂ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਨੂੰ ਖ਼ਤਮ ਕਰਨ ਲਈ ਸਹਾਫ਼ਤ (ਪੱਤਰਕਾਰੀ) ਬਹੁਤ ਅਹਿਮ ਭੂਮਿਕਾ ਨਿਭਾ ਸਕਦੀ ਹੈ। ਮੀਡੀਆ ਇੱਕ ਸ਼ੀਸ਼ੇ ਵਾਂਗ ਹੁੰਦਾ ਹੈ, ਜੋ ਸਮਾਜ ਦੀ ਅਸਲ ਤਸਵੀਰ ਪੇਸ਼ ਕਰਨ ਤੋਂ ਇਲਾਵਾ ਸਰਕਾਰਾਂ ਦੀ ਜਵਾਬਦੇਹੀ ਤਹਿ ਕਰਨ ਅਤੇ ਪਾਰਦਰਸ਼ਤਾ ਨੂੰ ਉਤਸ਼ਾਹਿਤ ਕਰਨ ਵਿੱਚ ਮਹੱਤਵਪੂਰਨ ਕਾਰਜ ਕਰਦਾ ਹੈ। ਉਨ੍ਹਾਂ ਕਿਹਾ ਕਿ ਆਪਣੇ ਕੰਮ ਵਿੱਚ ਸੱਚਾਈ, ਨਿਰਪੱਖਤਾ ਅਤੇ ਇਮਾਨਦਾਰੀ ਨੂੰ ਬਰਕਰਾਰ ਰੱਖਣਾ ਸਾਰੇ ਪੱਤਰਕਾਰਾਂ ਦਾ ਮੁੱਢਲਾ ਧਰਮ ਹੈ।
ਮੀਡੀਆ ਨੂੰ ਸਰਕਾਰ ਦੀਆਂ ਅਗਾਂਹਵਧੂ ਪਹਿਲਕਦਮੀਆਂ ਅਤੇ ਉਸਾਰੂ ਨੀਤੀਆਂ ਦਾ ਸਕਾਰਾਤਮਕ ਪੱਖ ਦਰਸਾਉਣ ਦੀ ਅਪੀਲ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਸੋਸ਼ਲ ਮੀਡੀਆ ਦੇ ਆਉਣ ਨਾਲ ਗਲਤ ਜਾਣਕਾਰੀ ਅਤੇ ਗੁਮਰਾਹਕੁਨ ਖ਼ਬਰਾਂ ਵਰਗੀਆਂ ਚੁਣੌਤੀਆਂ ਵੀ ਸਾਹਮਣੇ ਆਈਆਂ ਹਨ। ਉਨ੍ਹਾਂ ਸਪੱਸ਼ਟ ਤੌਰ ’ਤੇ ਕਿਹਾ ਕਿ ਮੁੱਖ ਮੰਤਰੀ ਸ.ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਸੂਬੇ ਵਿੱਚ ਪਹਿਲਾਂ ਹੀ 580 ਆਮ ਆਦਮੀ ਕਲੀਨਿਕ ਕਾਰਜਸ਼ੀਲ ਹਨ ਅਤੇ ਇਨ੍ਹਾਂ ਵਿੱਚੋਂ ਲਗਭਗ 75 ਫੀਸਦੀ ਕਲੀਨਿਕ ਪੇਂਡੂ ਖੇਤਰਾਂ ਵਿੱਚ ਖੋਲ੍ਹੇ ਗਏ ਹਨ। ਉਨ੍ਹਾਂ ਅੱਗੇ ਕਿਹਾ ਕਿ ਜਲਦ ਹੀ ਸੂਬੇ ਦੇ ਹਸਪਤਾਲਾਂ ਵਿੱਚ ਸੁਵਿਧਾ ਕੇਂਦਰ ਵੀ ਖੋਲ੍ਹੇ ਜਾਣਗੇ।