ਕੋਰੋਨਾਵਾਇਰਸ : ਇਟਲੀ ‘ਚ ਵਾਇਰਸ ਨਾਲ ਦੂਜੀ ਮੌਤ, ਕਈ ਜਨਤਕ ਅਦਾਰੇ ਕੀਤੇ ਗਏ ਬੰਦ

TeamGlobalPunjab
2 Min Read

ਨਿਊਜ਼ ਡੈਸਕ : ਜਾਨਲੇਵਾ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਜਿਸ ਦੇ ਚੱਲਦਿਆਂ ਇਟਲੀ ਦੇ ਲੋਂਬਾਰਡੀ ਦੇ ਉੱਤਰੀ ਖੇਤਰ ‘ਚ ਕੋਰੋਨਾਵਾਇਰਸ ਨਾਲ ਇੱਕ ਹੋਰ ਮੌਤ ਦੀ ਪੁਸ਼ਟੀ ਹੋਈ ਹੈ। ਇਟਲੀ ਦੀ ਸਮਾਚਾਰ ਏਜੰਸੀ ਏਐਨਐਸਏ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਤਾਜਾ ਜਾਣਕਾਰੀ ਅਨੁਸਾਰ ਚੀਨ ‘ਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 2,345 ਤੱਕ ਪਹੁੰਚ ਗਈ ਹੈ ਤੇ 76,288  ਲੋਕ ਵਾਇਰਸ ਨਾਲ ਪ੍ਰਭਾਵਿਤ ਹੋਏ ਹਨ।

ਇਸ ਤੋਂ ਪਹਿਲਾਂ ਬੀਤੇ ਸ਼ੁੱਕਰਵਾਰ ਕੋਰੋਨਾਵਾਇਰਸ ਕਾਰਨ ਇਟਲੀ ਦੇ ਉੱਤਰੀ ਖੇਤਰ ਪਾਡੂਆ ‘ਚ ਇੱਕ 78 ਸਾਲਾ ਵਿਅਕਤੀ ਦੀ ਮੌਤ ਹੋ ਗ਼ਈ ਸੀ। ਮਿਲੀ ਜਾਣਕਾਰੀ ਅਨੁਸਾਰ ਇਟਲੀ ਦੇ ਉੱਤਰੀ ਖੇਤਰਾਂ ‘ਚ ਕੋਰੋਨਾਵਾਇਰਸ ਦੇ ਮਾਮਲੇ ਸਾਹਮਣੇ ਆਉਣ ਕਾਰਨ ਦੁਕਾਨਾਂ, ਦਫਤਰ ਅਤੇ ਕਮਿਊਨਿਟੀ ਸੈਂਟਰ ਬੰਦ ਕਰ ਦਿੱਤੇ ਗਏ ਹਨ। ਲੋਕਾਂ ਨੂੰ ਆਪਣੇ ਘਰਾਂ ਵਿੱਚ ਰਹਿਣ ਲਈ ਕਿਹਾ ਗਿਆ ਹੈ ਅਤੇ ਇੱਕ ਹਫਤੇ ਲਈ ਸਾਰੇ ਜਨਤਕ ਪ੍ਰੋਗਰਾਮ ਵੀ ਰੱਦ ਕਰ ਦਿੱਤੇ ਗਏ ਹਨ।

ਨਿਊਜ਼ ਏਜੰਸੀ ਅਨੁਸਾਰ, ਦੂਜੇ ਮਾਮਲੇ ‘ਚ ਇੱਕ ਔਰਤ ਦੀ ਮੌਤ ਵਾਇਰਸ ਨਾਲ ਹੋਈ ਹੈ। ਰੋਮ ‘ਚ ਸ਼ੱਕੀ ਮਾਮਲਿਆਂ ਤੋਂ ਬਾਅਦ ਤਿੰਨ ਵਿਅਕਤੀ ਵੱਖਰੇ ਇਲਾਜ ਅਧੀਨ ਹਨ। ਕੋਡੋਗਨੋ ਸ਼ਹਿਰ ਦੇ ਇੱਕ 38 ਸਾਲਾ ਵਿਅਕਤੀ ਨੂੰ ਲਾਈਫ ਸਪੋਰਟ ਸਿਸਟਮ ‘ਤੇ ਰੱਖਿਆ ਗਿਆ ਹੈ। ਲੋਂਬਾਰਡੀ ਵਿੱਚ 16 ਵਿਅਕਤੀ ਵਾਇਰਸ ਨਾਲ ਪ੍ਰਭਾਵਿਤ ਦੱਸੇ ਗਏ ਹਨ। ਸਥਾਨਕ ਪ੍ਰਸ਼ਾਸਨ ਵੱਲੋਂ ਵਾਇਰਸ ਨਾਲ ਨਜਿੱਠਣ ਲਈ ਠੋਸ ਕਦਮ ਚੁੱਕੇ ਜਾ ਰਹੇ ਹਨ।

Share this Article
Leave a comment