ਕੌਮਾਂਤਰੀ ਭਾਈਚਾਰੇ ਦਾ ਇੱਕਜੁਟ ਹੋਣਾ ਰੂਸ ਲਈ ਵੱਡਾ ਝਟਕਾ: ਟਰੂਡੋ

TeamGlobalPunjab
2 Min Read

ਓਟਵਾ: ਪਾਰਲੀਆਮੈਂਟ ਹਿੱਲ ‘ਤੇ ਲਿਬਰਲ ਕਾਕਸ ਦੀ ਮੀਟਿੰਗ ‘ਤੇ ਜਾਣ ਤੋਂ ਪਹਿਲਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੁਤਿਨ ਇਸ ਗੱਲ ਨੂੰ ਲੈ ਕੇ ਹੈਰਾਨ ਹੈ ਕਿ ਕੌਮਾਂਤਰੀ ਭਾਈਚਾਰਾ ਇੱਕਜੁੱਟ ਹੈ ਤੇ ਉਸ ਖਿਲਾਫ ਕਾਰਵਾਈ ਲਈ ਵਚਨਬੱਧ ਹੈ।

ਉਨ੍ਹਾਂ ਕਿਹਾ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੇ ਉਨ੍ਹਾਂ ਦੇ ਪ੍ਰਸ਼ਾਸਨ ਨੂੰ ਕੌਮਾਂਤਰੀ ਕਮਿਊਨਿਟੀਜ਼ ਵੱਲੋਂ ਚੁੱਕੇ ਗਏ ਸਖ਼ਤ ਕਦਮਾਂ ਕਾਰਨ ਵੱਡਾ ਝਟਕਾ ਲੱਗਿਆ ਹੈ। ਇਸ ਕਾਰਨ ਉਸ ਨੂੰ ਜੰਗ ਖ਼ਤਮ ਕਰਨ ਲਈ ਮਜਬੂਰ ਹੋਣਾ ਪਵੇਗਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੈਨੇਡਾ ਤੇ ਯੂਕੇ ਵਰਗੇ ਦੇਸ਼ਾਂ ਤੋਂ ਪਾਬੰਦੀਆਂ ਦੀ ਉਮੀਦ ਤਾਂ ਪੁਤਿਨ ਨੂੰ ਹੋਵੇਗੀ ਹੀ ਪਰ ਜਰਮਨੀ ਵੱਲੋਂ ਗੈਸ ਪਾਈਪਲਾਈਨ ਪ੍ਰੋਜੈਕਟ ਨੌਰਡ ਸਟਰੀਮ ਨੂੰ ਰੱਦ ਕਰਨਾ ਤੇ ਯੂਕਰੇਨ ਨੂੰ ਹਥਿਆਰ ਭੇਜਣ ਦੀ ਗੱਲ ਕਰਨਾ ਅਜਿਹੀਆਂ ਗੱਲਾਂ ਹਨ ਜਿਸ ਨਾਲ ਰੂਸੀ ਸਿਸਟਮ ਹਿੱਲ ਗਿਆ ਹੈ। ਟਰੂਡੋ ਨੇ ਕਿਹਾ ਕਿ ਅਸੀਂ ਸਿਰਫ ਯੂਕਰੇਨ ਦਾ ਸਾਥ ਹੀ ਨਹੀਂ ਦੇ ਰਹੇ ਸਗੋਂ ਜਮਹੂਰੀਅਤ ਦੇ ਸਿਧਾਂਤਾਂ ਲਈ ਖੜ੍ਹੇ ਹਾਂ।

ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਵੱਲੋਂ ਰੂਸ ਵੱਲੋਂ ਯੂਕਰੇਨ ਉੱਤੇ ਕੀਤੇ ਜਾ ਰਹੇ ਹਮਲਿਆਂ ਨੂੰ ਬੰਦ ਕਰਨ ਦੀ ਮੰਗ ਕੀਤੀ ਗਈ। ਇਸ ਕਦਮ ਦੀ ਯੂਕਰੇਨ ਦੇ ਰਾਸ਼ਟਰਪਤੀ ਜ਼ੈਲੈਂਸਕੀ ਵੱਲੋਂ ਸ਼ਲਾਘਾ ਕੀਤੀ ਗਈ। ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਵਿੱਚ 5 ਵੋਟਾਂ ਦੇ ਮੁਕਾਬਲੇ ਪਈਆਂ 141 ਵੋਟਾਂ ਦਾ ਜ਼ਿਕਰ ਕਰਦਿਆਂ ਜ਼ੈਲੈਂਸਕੀ ਨੇ ਕਿਹਾ ਕਿ ਪੂਰੀ ਦੁਨੀਆ ਸਾਡੇ ਨਾਲ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment