ਅਕਾਲੀ ਦਲ ਵਿਚਲੀ ਉਥਲ ਪੁਥਲ ਦੀਆਂ ਘੰਟੀਆਂ, ਕੀ ਭਾਜਪਾ ਖੜਕਾ ਰਹੀ ਹੈ ?

TeamGlobalPunjab
4 Min Read

– ਦਰਸ਼ਨ ਸਿੰਘ ਖੋਖਰ

ਚੰਡੀਗੜ੍ਹ : ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਦੇ ਬਾਗੀ ਤੇਵਰ ਹੁਣ ਖੁੱਲ੍ਹ ਕੇ ਸਾਹਮਣੇ ਆਉਣ ਲੱਗੇ ਹਨ। ਇਨ੍ਹਾਂ ਬਾਗੀ ਤੇਵਰਾਂ ਦੀ ਅਸਲ ਵਜ੍ਹਾ ਕੀ ਹੈ ਇਸ ਬਾਰੇ ਵੀ ਤਰ੍ਹਾਂ-ਤਰ੍ਹਾਂ ਦੀ ਚਰਚਾ ਹੋ ਰਹੀ ਹੈ। ਹੁਣ ਇਹ ਚਰਚਾ ਭਾਰੂ ਹੈ ਕਿ ਸੁਖਦੇਵ ਸਿੰਘ ਢੀਂਡਸਾ ਅਕਾਲੀ ਦਲ ‘ਚੋਂ ਕੱਢੇ ਅਤੇ ਬਾਗੀ ਹੋਏ ਆਗੂਆਂ ਨੂੰ ਇੱਕ ਮੰਚ ‘ਤੇ ਇਕੱਠਾ ਕਰਨਗੇ। ਇਸ ਗੱਲ ਵਿਚ ਸਚਾਈ ਵੀ ਹੈ ਕਿਉਂਕਿ ਸੁਖਦੇਵ ਸਿੰਘ ਢੀਂਡਸਾ ਨੇ ਇਸ ਬਾਰੇ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਹੋਈਆਂ ਹਨ।

ਅਸਲ ਵਿੱਚ ਸੁਖਦੇਵ ਸਿੰਘ ਢੀਂਡਸਾ, ਟਕਸਾਲੀ ਆਗੂਆਂ ਦੀ ਤਰ੍ਹਾਂ ਕਾਹਲ ਨਾਲ ਨਹੀਂ ਚੱਲਣਾ ਚਾਹੁੰਦੇ। ਉਹ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਖੁੱਡੇ ਲਾਉਣ ਲਈ ਧਰਾਤਲ ਤਿਆਰ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਹਨ। ਕਿਸੇ ਕਾਰਨ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿਰੋਧੀ ਆਗੂਆਂ, ਚਾਹੇ ਉਹ ਸਿਆਸਤ ਦੇ ਮੈਦਾਨ ਵਿੱਚ ਹਨ ਜਾਂ ਧਾਰਮਿਕ ਆਗੂ ਹਨ ਜਾਂ ਫਿਰ ਸਮਾਜਿਕ ਤੌਰ ‘ਤੇ ਵਿਚਰ ਰਹੇ ਹਨ, ਨਾਲ ਮੀਟਿੰਗਾਂ ਕਰਕੇ ਆਪਣੇ ਅਤੇ ਉਨ੍ਹਾਂ ਆਗੂਆਂ ਦੇ ਪਰ ਤੋਲ ਰਹੇ ਹਨ।

ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੁਖਦੇਵ ਸਿੰਘ ਢੀਂਡਸਾ ਦੇ ਬਾਗੀ ਤੇਵਰਾਂ ਦੇ ਪਿੱਛੇ ਭਾਰਤੀ ਜਨਤਾ ਪਾਰਟੀ ਦੇ ਵੱਡੇ ਆਗੂਆਂ ਦਾ ਵੀ ਦਿਮਾਗ ਕੰਮ ਕਰਦਾ ਹੈ। ਭਾਰਤੀ ਜਨਤਾ ਪਾਰਟੀ ਵੀ ਚਾਹੁੰਦੀ ਹੈ ਕਿ ਪੰਜਾਬ ਵਿੱਚ ਇੱਕ ਨਵਾਂ ਅਕਾਲੀ ਦਲ ਕਾਇਮ ਕਰ ਦਿੱਤਾ ਜਾਵੇ ਜੋ ਬਾਦਲ ਪਰਿਵਾਰ ਤੋਂ ਮੁਕਤ ਹੋਵੇ। ਇਸੇ ਕਾਰਨ ਨਵੇਂ ਅਕਾਲੀ ਦਲ ਵਿੱਚ ਪੁਰਾਣੇ ਖਾੜਕੂਆਂ, ਧਾਰਮਿਕ ਸ਼ਖ਼ਸੀਅਤਾਂ ਅਤੇ ਅਕਾਲੀ ਦਲ ਦੇ ਸਿਰਕੱਢ ਆਗੂਆਂ ਨੂੰ ਇੱਕ ਮੰਚ ‘ਤੇ ਇਕੱਠਾ ਕਰਨ ਲਈ ਅੰਦਰ ਖਾਤੇ ਗੋਂਦਾਂ ਗੁੰਦੀਆਂ ਜਾ ਰਹੀਆਂ ਹਨ।

- Advertisement -

ਸੂਤਰਾਂ ਨੇ ਇਹ ਵੀ ਦੱਸਿਆ ਕਿ ਪੰਜਾਬ ਦੇ ਖਾੜਕੂਵਾਦ ਦੌਰ ‘ਚ ਸਰਗਰਮ ਰਹੀ ਵੱਡੀ ਧਿਰ ਦੇ ਸਾਬਕਾ ਖਾੜਕੂਆਂ ਨਾਲ ਭਾਜਪਾ ਦੇ ਵੱਡੇ ਆਗੂਆਂ ਨਾਲ ਦਿੱਲੀ ਵਿੱਚ ਮੀਟਿੰਗ ਵੀ ਕੀਤੀ ਹੈ। ਇਨ੍ਹਾਂ ਸਾਬਕਾ ਖਾੜਕੂਆਂ ਨੂੰ ਵਿਦੇਸ਼ਾਂ ਤੋਂ ਬੁਲਾ ਕੇ ਦਿੱਲੀ ਵਿੱਚ ਹੋਟਲ ਬੁੱਕ ਕਰਵਾ ਕੇ ਮੀਟਿੰਗ ਕੀਤੀ ਗਈ। ਦਸ ਦਿਨ ਇਨ੍ਹਾਂ ਆਗੂਆਂ ਦੀ ਚੰਗੀ ਮਹਿਮਾਨ ਨਵਾਜ਼ੀ ਵੀ ਕੀਤੀ ਗਈ।

ਅਸਲ ਵਿੱਚ ਭਾਰਤੀ ਜਨਤਾ ਪਾਰਟੀ ਵੀ ਚਾਹੁੰਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਗਠਜੋੜ ਖਤਮ ਕਰ ਦਿੱਤਾ ਜਾਵੇ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਨਵੇਂ ਅਕਾਲੀ ਦਲ ਨਾਲ ਗਠਜੋੜ ਕਰਕੇ ਲੜੀਆਂ ਜਾਣ।

ਹਰਿਆਣਾ ਵਿਧਾਨ ਸਭਾ ਚੋਣਾਂ ਵੇਲੇ ਅਕਾਲੀ ਦਲ ਅਤੇ ਭਾਜਪਾ ਦੇ ਸਬੰਧਾਂ ਵਿੱਚ ਆਈਆਂ ਤਰੇੜਾਂ ਕਾਰਨ ਭਾਰਤੀ ਜਨਤਾ ਪਾਰਟੀ ਹੁਣ ਅਕਾਲੀ ਦਲ ਬਾਦਲ ਤੋਂ ਕਿਨਾਰਾ ਕਰਨਾ ਚਾਹੁੰਦੀ ਹੈ ਇਸੇ ਕਾਰਨ ਵੱਡੀ ਪੱਧਰ ‘ਤੇ ਅਕਾਲੀ ਦਲ ਬਾਦਲ ਦੇ ਖਾਤਮੇ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਸਾਰੀ ਖੇਡ ਵਿੱਚ ਮੁੱਖ ਭੂਮਿਕਾ ਸੁਖਦੇਵ ਸਿੰਘ ਢੀਂਡਸਾ ਹੀ ਨਿਭਾਅ ਰਹੇ ਹਨ। ਸੁਖਦੇਵ ਸਿੰਘ ਢੀਂਡਸਾ ਦਾ ਇਹ ਹੰਭਲਾ ਆਖਰੀ ਹੋਵੇਗਾ ਕਿ ਅਕਾਲੀ ਦਲ ਬਾਦਲ ਵਿਰੋਧੀ ਅਤੇ ਕਾਂਗਰਸ ਵਿਰੋਧੀ ਸਾਰੀਆਂ ਧਿਰਾਂ ਨੂੰ ਇੱਕ ਮੰਚ ‘ਤੇ ਇਕੱਠਾ ਕੀਤਾ ਜਾਵੇ। ਸੁਖਦੇਵ ਸਿੰਘ ਢੀਂਡਸਾ ਇਸ ਸੰਭਲੇ ਵਿੱਚ ਕਾਮਯਾਬ ਹੁੰਦੇ ਹਨ ਜਾਂ ਫਿਰ ਕਾਂਗਰਸ ਅਤੇ ਅਕਾਲੀ ਦਲ ਬਾਦਲ ਵਿੱਚੋਂ ਕਿਸੇ ਇੱਕ ਧਿਰ ਦੀਆਂ ਵਿਰੋਧੀ ਵੋਟਾਂ ਤੋੜ ਕੇ ਦੋਨਾਂ ਵਿੱਚੋਂ ਇੱਕ ਧਿਰ ਨੂੰ ਸਤਾ ਸੰਭਾਲਣਗੇ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਇਕ ਗੱਲ ਸਾਫ ਹੈ ਕਿ ਆਉਣ ਵਾਲੇ ਅਗਲੇ ਸਾਲ ਵਿੱਚ ਪੰਜਾਬ ਵਿੱਚ ਸਿਆਸੀ ਸਰਗਰਮੀਆਂ ਲਗਾਤਾਰ ਤੇਜ਼ ਹੁੰਦੀਆਂ ਰਹਿਣਗੀਆਂ। ਅਸਲ ਵਿੱਚ ਸੁਖਦੇਵ ਸਿੰਘ ਢੀਂਡਸਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਅਗਲੇ ਸਾਲ ਅਕਾਲੀ ਦਲ ਬਾਦਲ ਨੂੰ ਖੋਰਾ ਲਗਾਉਣ ਦੀ ਪੂਰੀ ਤਿਆਰੀ ਕਰਨੀ ਹੈ ਤੇ 2021 ਦੇ ਸ਼ੁਰੂਆਤੀ ਦਿਨਾਂ ਵਿੱਚ ਵੱਖਰੀ ਸਿਆਸਤ ਦਾ ਮੈਦਾਨ ਮੱਲ ਲੈਣਾ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਇਸ ਵਿਰੋਧੀ ਧਿਰ ਦਾ ਟਾਕਰਾ ਕਿਸ ਤਰ੍ਹਾਂ ਕਰੇਗਾ ਇਹ ਵੀ ਵੱਖਰੀ ਚਰਚਾ ਦਾ ਵਿਸ਼ਾ ਹੈ।

ਇਨ੍ਹਾਂ ਸਰਗਰਮੀਆਂ ਦੌਰਾਨ ਹੀ ਕਾਂਗਰਸ, ਆਮ ਆਦਮੀ ਪਾਰਟੀ, ਅਕਾਲੀ ਦਲ ਬਾਦਲ ਅਤੇ ਹੋਰ ਧਿਰਾਂ ਦੇ ਆਗੂਆਂ ਬਾਰੇ ਪਾਰਟੀ ਛੱਡ ਜਾਣ ਜਾਂ ਦੂਜਿਆਂ ਵਿੱਚ ਸ਼ਾਮਿਲ ਹੋਣ ਦੇ ਚਰਚੇ ਚੱਲਦੇ ਹੀ ਰਹਿਣਗੇ। ਪਰ ਸਿਆਸਤ ਦੀ ਪਾਰੀ ਦੇ ਅਸਲੀ ਪਟਾਕੇ ਤਾਂ 2021 ਵਿੱਚ ਹੀ ਪੈਣਗੇ।

Share this Article
Leave a comment